ਡੀਸੀ ਦਫ਼ਤਰ ਅੱਗੇ ਰੈਲੀ ਕਰਕੇ ਕੀਤਾ ਜਾਵੇਗਾ ਮਾਰਚ
ਸੁਖਜਿੰਦਰ ਮਾਨ
ਬਠਿੰਡਾ,26 ਫਰਵਰੀ : ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 9 ਮਾਰਚ ਨੂੰ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਪੰਜਾਬ ਸਰਕਾਰ ਵੱਲੋਂ ਬਣਾਈ ਜਾ ਰਹੀ ਨਵੀਂ ਖੇਤੀ ਨੀਤੀ ਸਬੰਧੀ ਸੁਝਾਅ ਸੌਂਪੇ ਜਾਣਗੇ । ਇਹ ਫੈਸਲਾ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਟੀਚਰ ਹੋਮ ਵਿੱਚ ਹੋਈ ਮੀਟਿੰਗ ਵਿੱਚ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਮਾਸਟਰ ਸੇਵਕ ਸਿੰਘ ਮਹਿਮਾ ਸਰਜਾ ਨੇ ਕੀਤੀ ਨੇ ਕੀਤੀ। ਮੀਟਿੰਗ ਨੂੰ ਸਬੋਧਨ ਕਰਦੇ ਹੋਏ ਜੱਥੇਬੰਦੀ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਖੇਤ ਮਜ਼ਦੂਰਾਂ ਕੋਲੋਂ ਖੇਤੀ ਸਬੰਧੀ ਬਣਾਈ ਜਾ ਰਹੀ ਨਵੀਂ ਨੀਤੀ ਬਾਰੇ ਸੁਝਾਅ ਨਾ ਲੈਕੇ ਮਜ਼ਦੂਰਾਂ ਨਾਲ ਵਿਤਕਰੇਬਾਜੀ ਕੀਤੀ ਹੈ । ਜਦੋਂ ਕਿ ਖੇਤ ਮਜ਼ਦੂਰਾਂ ਦੀ ਜਿੰਦਗੀ ਖੇਤੀ ਖੇਤਰ ਨਾਲ ਹਰ ਪੱਖੋਂ ਜੁੜੀ ਹੋਈ ਹੈ। ਉਹਨਾਂ ਆਖਿਆ ਕਿ ਅੱਜ ਪੰਜਾਬ ਦੇ ਖੇਤ ਮਜ਼ਦੂਰ ਅਤੇ ਗਰੀਬ ਕਿਸਾਨਾਂ ਸਮੇਤ ਭਾਰੀ ਬਹੁ ਗਿਣਤੀ ਲੋਕ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ,ਕਰਜੇ , ਖ਼ੁਦਕੁਸ਼ੀਆਂ , ਪਾਣੀ ਤੇ ਵਾਤਾਵਰਨ ਪ੍ਰਦੂਸ਼ਣ ਵਰਗੀਆਂ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਮਜ਼ਦੂਰ ਤੇ ਲੋਕ ਪੱਖੀ ਖੇਤੀ ਨੀਤੀ ਸਬੰਧੀ ਖੇਤ ਮਜ਼ਦੂਰਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ ਵਿੱਚ ਮੀਟਿੰਗਾਂ ਕਰਵਾਉਣ ਲਈ ਆਗੂਆਂ ਨੂੰ ਤਾਇਨਾਤ ਕੀਤਾ ਗਿਆ । ਉਹਨਾਂ ਖੇਤ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਉਹ 9 ਮਾਰਚ ਨੂੰ ਵਿਧਾਇਕਾਂ ਜਗਰੂਪ ਸਿੰਘ ਗਿੱਲ ਦੇ ਘਰ ਅੱਗੇ ਕੀਤੇ ਜਾ ਰਹੇ ਇਕੱਠ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋਣ।ਉਹਨਾਂ ਖੇਤ ਮਜ਼ਦੂਰਾਂ ਨੂੰ ਇਹ ਵੀ ਅਪੀਲ ਕੀਤੀ ਕਿ ਸਾਂਝੇ ਮਜ਼ਦੂਰ ਮੋਰਚੇ ਵੱਲੋਂ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਅੱਗੇ 15 ਮਾਰਚ ਤੋਂ ਲਾਏ ਜਾ ਰਹੇ ਪੱਕੇ ਮੋਰਚੇ ਵਿੱਚ ਵੀ ਮਜ਼ਦੂਰਾਂ ਨੂੰ ਵੱਡੀ ਗਿਣਤੀ ’ਚ ਸ਼ਾਮਲ ਕਰਵਾਉਣ ਲਈ ਹੁਣ ਤੋਂ ਹੀ ਤਿਆਰੀ ਵਿੱਢ ਦੇਣ । ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਤੀਰਥ ਸਿੰਘ ਕੋਠਾ ਗੁਰੂ , ਕਾਕਾ ਸਿੰਘ ਜੀਦਾ , ਮਨਦੀਪ ਸਿੰਘ ਸਿਵੀਆਂ , ਗੁਲਾਬ ਸਿੰਘ ਮਾਇਸਰਖਾਨਾ ਤੇ ਗੁਰਨੈਬ ਸਿੰਘ ਚਨਾਰਥਲ ਆਦਿ ਆਗੂ ਵੀ ਸਾਮਲ ਸਨ ।
Share the post "ਖੇਤ ਮਜ਼ਦੂਰ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਸੌਪਣਗੇ ਖੇਤੀ ਨੀਤੀ ਦਾ ਖਰੜਾ: ਨਸਰਾਲੀ"