ਸੁਖਜਿੰਦਰ ਮਾਨ
ਬਠਿੰਡਾ, 21 ਮਾਰਚ: ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਕਾਲਜ ਆਫ਼ ਐਗਰੀਕਲਚਰ ਵੱਲੋਂ “ਵਿਸ਼ਵ ਜੰਗਲਾਤ ਦਿਹਾੜਾ” ਬੂਟੇ ਲਗਾ ਕੇ ਮਨਾਇਆ ਗਿਆ। ਇਸ ਮੌਕੇ ਉਪ ਕੁਲਪਤੀ ਪ੍ਰੋ.(ਡਾ.) ਐੱਸ.ਕੇ.ਬਾਵਾ, ਪਰੋ. ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਔਲਖ, ਡੀਨ ਡਾ. ਅਜਮੇਰ ਸਿੰਘ ਸਿੱਧੂ, ਡਾ. ਬਾਬੂ ਸਿੰਘ ਬਰਾੜ, ਫੈਕਲਟੀ ਮੈਂਬਰਾਂ ਤੇ ਵਿਦਿਆਰਥੀਆਂ ਵੱਲੋਂ ਸ਼ਹਿਤੂਤ ਦੇ ਬੂਟੇ ਲਗਾਏ ਗਏ ਤੇ ਉਨ੍ਹਾਂ ਦੀ ਸਾਂਭ ਸੰਭਾਲ ਦਾ ਪ੍ਰਣ ਲਿਆ ਗਿਆ।ਡਾ. ਬਾਵਾ ਨੇ ਕਿਹਾ ਕਿ ਧਰਤੀ ਦਾ ਵੱਧ ਰਿਹਾ ਤਾਪਮਾਨ, ਮਨੁੱਖ ਵੱਲੋਂ ਦਰਖਤਾਂ ਦੀ ਕੀਤੀ ਜਾ ਰਹੀ ਅੰਨੇਵਾਹ ਕਟਾਈ ਵੀ ਹੈ। ਉਨਾਂ ਹਾਜ਼ਰੀਨ ਨੂੰ ਪ੍ਰਤੀ ਵਿਅਕਤੀ ਪੰਜ-ਪੰਜ ਫਲਦਾਰ ਤੇ ਛਾਂ-ਦਾਰ ਬੂਟੇ ਲਗਾਉਣ ਤੇ ਉਨ੍ਹਾਂ ਦਾ ਪਾਲਣ ਪੌਸ਼ਣ ਕਰਨ ਲਈ ਪ੍ਰੇਰਿਤ ਕੀਤਾ। ਡਾ. ਔਲਖ ਨੇ ਵਿਸ਼ਵ ਜੰਗਲਾਤ ਦਿਵਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਮੇਂ ਦੁਨੀਆਂ ਵਿੱਚ ਦਰਖਤਾਂ ਦੀਆਂ 60,000 ਤੋਂ ਜ਼ਿਆਦਾ ਕਿਸਮਾਂ ਹਨ ਪਰ ਮਨੁੱਖੀ ਸਵਾਰਥ ਕਾਰਨ ਇਨ੍ਹਾਂ ਦੀ ਕਟਾਈ ਤੇ ਸਾਂਭ ਸੰਭਾਲ ਨਾ ਹੋਣ ਕਾਰਨ ਕਈ ਕਿਸਮਾਂ ਅਲੋਪ ਹੋਣ ਦੇ ਕਿਨਾਰੇ ਹਨ। ਉਨਾਂ ਕਾਲਜ ਆਫ਼ ਐਗਰੀਕਲਚਰ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਵੱਧ ਤੋਂ ਵੱਧ ਵਣ ਮਹਾਂਓਤਸਵ ਮਨਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਘੱਟ ਰਿਹਾ ਜੰਗਲਾਤ ਰਕਬਾ ਚਿੰਤਾ ਦਾ ਕਾਰਨ ਹੈ? ਵਰਤਮਾਨ ਸਮੇਂ ਪੰਜਾਬ ਵਿੱਚ ਜੰਗਲਾਂ ਹੇਠ ਰਕਬਾ 4 ਤੋਂ 6 ਪ੍ਰਤੀਸ਼ਤ ਹੈ ਜਦ ਕਿ ਸਾਫ ਸੁਥਰੇ ਵਾਤਾਵਰਣ ਲਈ ਇਸਦਾ 30ਤੋਂ 33 ਪ੍ਰਤੀਸ਼ਤ ਹੋਣਾ ਜ਼ਰੂਰੀ ਹੈ।ਡਾ. ਸਿੱਧੂ ਨੇ ਦੱਸਿਆ ਕਿ ਖੇਤੀਬਾੜੀ ਕਾਲਜ ਵੱਲੋਂ ਸਾਵਣ ਦੇ ਮਹੀਨੇ ਵਿੱਚ ਵਰਸਿਟੀ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਹਰਿਆ ਭਰਿਆ ਤੇ ਸਾਫ ਸੁਥਰਾ ਵਾਤਾਵਰਣ ਬਣਾਈ ਰੱਖਣ ਲਈ ਹਜ਼ਾਰਾਂ ਬੂਟੇ ਲਗਾਉਣ ਦੀ ਯੋਜਨਾ ਹੈ। ਜਿਸ ਦੇ ਲਈ ਨੇੜਲੇ ਪਿੰਡਾਂ ਵਿੱਚ ਜਾਗਰੂਕਤਾ ਕੈਂਪ ਵੀ ਲਗਾਏ ਜਾਣਗੇ।
ਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਨਾਇਆ “ਵਿਸ਼ਵ ਜੰਗਲਾਤ ਦਿਹਾੜਾ”
14 Views