ਪੁਲਿਸ ਨੇ ਗੈਂਗਸਟਰ ਨੂੰ ਅਦਾਲਤ ’ਚ ਪੇਸ਼ ਕਰਨ ਦੀ ਬਜਾਏ ਥਾਣਾ ਕੈਂਟ ’ਚ ਲਗਾਈ ਅਦਾਲਤ
ਸੁਖਜਿੰਦਰ ਮਾਨ
ਬਠਿੰਡਾ, 24 ਸਤੰਬਰ: ਸਿੱਧੂ ਮੂੁਸੇਵਾਲਾ ਕਤਲ ਕਾਂਡ ਦਾ ਮੁੱਖ ਦੋਸ਼ੀ ਅਤੇ ਦਰਜ਼ਨਾਂ ਹੋਰ ਮਾਮਲਿਆਂ ਵਿਚ ਲੋੜੀਦੇ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਵਰਦੇ ਮੀਂਹ ਵਿੱਚ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਬਠਿੰਡਾ ਪੁਲਿਸ ਨੇ ਅਦਾਲਤ ਵਿਚ ਪੇਸ਼ ਕਰਨ ਦੀ ਬਜਾਏ ਫ਼ੌਜੀ ਛਾਉਣੀ ਵਿਚ ਪੈਂਦੇ ਥਾਣਾ ਕੈਂਟ ’ਚ ਵਿਸੇਸ ਅਦਾਲਤ ਲਗਾ ਕੇ ਨਿਆਂਇਕ ਹਿਰਾਸਤ ਵਿਚ ਬਠਿੰਡਾ ਦੀ ਕੇਂਦਰੀ ਜੇਲ੍ਹ ਭੇਜ ਦਿੱਤਾ। ਥਾਣਾ ਥਰਮਲ ’ਚ ਦਰਜ਼ ਸ਼ਹਿਰ ਦੇ ਇੱਕ ਵਪਾਰੀ ਤੋਂ ਫ਼ਿਰੌਤੀ ਮੰਗਣ ਦੇ ਮਾਮਲੇ ਵਿਚ ਮੁਹਾਲੀ ਤੋਂ ਪ੍ਰੋਡਕਸ਼ਨ ’ਤੇ ਲਿਆਂਦੇ ਲਾਰੇਂਸ ਬਿਸਨੋਈ ਪਿਛਲੇ 12 ਦਿਨਾਂ ਤੋਂ ਬਠਿੰਡਾ ਪੁਲਿਸ ਤੋਂ ਰਿਮਾਂਡ ’ਤੇ ਚੱਲ ਰਿਹਾ ਸੀ। ਹਾਲਾਂਕਿ ਇਸ ਰਿਮਾਂਡ ਦੇ ਸਮੇਂ ਦੌਰਾਨ ਵੀ ਪੁਲਿਸ ਨੇ ਉਸਨੂੰ ਬਠਿੰਡਾ ਰੱਖਣ ਦੀ ਬਜਾਏ ਖ਼ਰੜ ਦੇ ਸੀਆਈਏ ਸਟਾਫ਼ ਦੇ ਦਫ਼ਤਰ ਵਿਚ ਰੱਖਿਆ ਹੋਇਆ ਸੀ। ਅੱਜ ਉਸਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਉਸਨੂੰ ਮੁੜ ਬਠਿੰਡਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ। ਇਸਦੇ ਲਈ ਅੱਜ ਸਵੇਰੇ ਤੋਂ ਹੀ ਜ਼ਿਲ੍ਹਾ ਅਦਾਲਤ ਕੰਪਲੈਕਸ ਦੇ ਇਰਦ ਗਿਰਦ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਪ੍ਰੰਤੂ ਬੀਤੇ ਕੱਲ ਲਾਰੇਂਸ ਦੇ ਵਕੀਲ ਵਿਸਾਲ ਚੋਪੜਾ ਦੁਆਰਾ ਇੱਕ ਵੀਡੀਓ ਜਾਰੀ ਕਰਕੇ ਅਪਣੇ ਮੁਵੱਕਲ ਦੇ ਅੱਜ ਪੇਸ਼ੀ ਦੌਰਾਨ ਝੂਠਾ ਪੁਲਿਸ ਮੁਕਾਬਲਾ ਹੋਣ ਦੇ ਕੀਤੇ ਦਾਅਵੇ ਨੂੰ ਦੇਖਦਿਆਂ ਪੁਲਿਸ ਨੇ ਉਸਨੂੰ ਅਦਾਲਤ ਵਿਚ ਪੇਸ਼ ਕਰਨ ਦੀ ਬਜਾਏ ਫ਼ੌਜੀ ਛਾਉਣੀ ਨਾਲ ਲੱਗਦੇ ਥਾਣਾ ਕੈਂਟ ਵਿਖੇ ਲਿਜਾਇਆ ਗਿਆ। ਜਿੱਥੇ ਡਿਊਟੀ ਮੈਜਿਸਟਰੇਟ ਮੈਡਮ ਤਨਵੀ ਗੁਪਤਾ ਦੀ ਅਦਾਲਤ ਲਗਾਈ ਗਈ ਤੇ ਉਥੇ ਪੁਲਿਸ ਵਲੋਂ ਰਿਮਾਂਡ ਨਾ ਮੰਗਣ ’ਤੇ ਉਸਨੂੰ 14 ਦਿਨ ਲਈ ਨਿਆਂਇਕ ਹਿਰਾਸਤ ਵਿਚ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਭੇਜ ਦਿੱਤਾ ਗਿਆ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਠਿੰਡਾ ਦੇ ਐੱਸਐੱਸਪੀ ਜੇ ਇਲਨਚੇਲੀਅਨ ਨੇ ਇਸਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦੇ ਲਾਰੈਂਸ ਬਿਸ਼ਨੋਈ ਨੂੰ ਜ਼ਿਲ੍ਹਾ ਅਦਾਲਤ ਕੰਪਲੈਕਸ ਵਿਚ ਲਿਆਉਣ ਦੀ ਬਜਾਏ ਥਾਣਾ ਕੈਂਟ ਵਿਚ ਹੀ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਪਹਿਲਾਂ ਹੀ ਖਤਰਨਾਕ ਗੈਂਗਸਟਰਾਂ ਦੀ ਮੌਜੂਦਗੀ ਦੇ ਚੱਲਦੇ ਲਾਰੈਂਸ ਬਿਸ਼ਨੋਈ ਨੂੰ ਚ ਰੱਖਣ ਸਬੰਧੀ ਕੀਤੇ ਸਵਾਲ ਦੇ ਜਵਾਬ ਵਿੱਚ ਦਾਅਵਾ ਕੀਤਾ ਕਿ ਇਸਦੇ ਲਈ ਜੇਲ੍ਹ ਵਿਭਾਗ ਨਾਲ ਮਿਲ ਕੇ ਪੁਲੀਸ ਵੱਲੋਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਇਥੇ ਦੱਸਣਾ ਬਣਦਾ ਹੈ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਮੌਜੂਦਾ ਸਮੇਂ ਕਰੀਬ ਚਾਰ ਦਰਜਨ ਖਤਰਨਾਕ ਗੈਂਗਸਟਰ ਬੰਦ ਹਨ ਜਿਹੜੇ ਵੱਖ ਵੱਖ ਗਰੁੱਪਾਂ ਨਾਲ ਸਬੰਧਤ ਹਨ। ਵੱਡੀ ਗੱਲ ਇਹ ਵੀ ਹੈ ਕਿ ਇਸ ਜੇਲ੍ਹ ਵਿੱਚ ਬੰਬੀਹਾ ਗਰੁੱਪ ਨਾਲ ਸਬੰਧਤ ਕਈ ਖਤਰਨਾਕ ਗੈਂਗਸਟਰ ਵੀ ਬੰਦ ਹਨ ਜਿਨ੍ਹਾਂ ਦੇ ਗਰੁੱਪ ਵੱਲੋਂ ਪਹਿਲਾਂ ਹੀ ਸਿੱਧੂ ਮੂਸੇ ਵਾਲਾ ਕਤਲ ਕਾਂਡ ਵਿਚ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਹੋਈਆਂ ਹਨ। ਜ਼ਿਕਰ ਕਰਨਾ ਬਣਦਾ ਹੈ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ਦਾ ਜ਼ਿੰਮਾ ਕੇਂਦਰੀ ਸੁਰੱਖਿਆ ਬਲਾਂ ਦੇ ਹਵਾਲੇ ਹੈ।
ਗੈਂਗਸਟਰ ਲਾਰੈਂਸ ਬਿਸ਼ਨੋਈ ਪੁੱਜਿਆ ਬਠਿੰਡਾ ਜੇਲ੍ਹ ’ਚ
9 Views