ਬੀ.ਕੇ.ਭਾਵੜਾ ਦੇ ਛੁੱਟੀ ਜਾਣ ਕਾਰਨ ਮਿਲੀ ਜਿੰਮੇਵਾਰੀ
ਮੁੱਖ ਮੰਤਰੀ ਦੇ ਵਿਸੇਸ ਪ੍ਰਮੁੱਖ ਸਕੱਤਰ ਵਜੋਂ ਨਿਭਾ ਰਹੇ ਸੇਵਾਵਾਂ
ਜਲਦੀ ਹੀ ਪੰਜਾਬ ਨੂੰ ਮਿਲ ਸਕਦਾ ਹੈ ਨਵਾਂ ਡੀਜੀਪੀ
ਸੁਖਜਿੰਦਰ ਮਾਨ
ਚੰਡੀਗੜ੍ਹ, 4 ਜੁਲਾਈ: ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਨੇ ਅੱਜ 1992 ਬੈਚ ਦੇ ਆਈਪੀਐੱਸ ਅਧਿਕਾਰੀ ਗੌਰਵ ਯਾਦਵ ਨੂੰ ਸੂਬੇ ਦਾ ਕਾਰਜ਼ਕਾਰੀ ਡੀਜੀਪੀ ਨਿਯੁਕਤ ਕੀਤਾ ਹੈ। ਮੌਜੂਦਾ ਡੀਜੀਪੀ ਬੀ.ਕੇ.ਭਾਵੜਾ ਦੇ ਦੋ ਮਹੀਨਿਆਂ ਦੀ ਛੁੱਟੀ ’ਤੇ ਜਾਣ ਕਾਰਨ ਸ਼੍ਰੀ ਯਾਵਦ ਨੂੰ ਇਹ ਜਿੰਮੇਵਾਰੀ ਮਿਲੀ ਹੈ। ਮੌਜੂਦਾ ਸਮੇਂ ਉਹ ਮੁੱਖ ਮੰਤਰੀ ਦੇ ਵਿਸੇਸ ਪ੍ਰਮੁੱਖ ਸਕੱਤਰ ਵਜੋਂ ਵੀ ਸੇਵਾਵਾਂ ਦੇ ਰਹੇ ਹਨ। ਚਰਚਾ ਮੁਤਾਬਕ ਆਉਣ ਵਾਲੇ ਦਿਨਾਂ ’ਚ ਸ਼੍ਰੀ ਭਾਵੜਾ ਕੇਂਦਰ ’ਚ ਡੈਪੂਟੇਸ਼ਨ ਉਪਰ ਜਾ ਸਕਦੇ ਹਨ, ਜਿਸਦੇ ਚੱਲਦੇ ਜਲਦੀ ਹੀ ਆਪ ਸਰਕਾਰ ਵਲੋਂ ਨਵੇਂ ਡੀਜੀਪੀ ਦੀ ਨਿਯੁਕਤੀ ਲਈ ਪੈਨਲ ਬਣਾ ਕੇ ਕੇਂਦਰ ਨੂੰ ਭੇਜਿਆ ਜਾਵੇਗਾ। ਚਰਚਾ ਮੁਤਾਬਕ ਸ਼੍ਰੀ ਯਾਦਵ ਹੀ ਮੁੱਖ ਮੰਤਰੀ ਦੀ ਪਸੰਦ ਹੋ ਸਕਦੇ ਹਨ ਕਿਉਂਕਿ ਉਨਾਂ੍ਹ ਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨਾਲ ਕਾਫ਼ੀ ਨੇੜਤਾ ਦੱਸੀ ਜਾ ਰਹੀ ਹੈ। ਗੌਰਤਲਬ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਸਹਿਤ ਪਿਛਲੇ ਤਿੰਨ ਮਹੀਨਿਆਂ ਦੌਰਾਨ ਪੰਜਾਬ ਦੀ ਵਿਗੜ ਰਹੀ ਅਮਨ ਤੇ ਕਾਨੂੰਨ ਦੀ ਸਥਿਤੀ ਕਾਰਨ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰ ਰਹੇ ਸਨ। ਸੰਗਰੂਰ ਜਿਮਨੀ ਚੋਣ ਵਿਚ ਪਾਰਟੀ ਨੂੰ ਹੋਈ ਹਾਰ ਪਿੱਛੇ ਵੀ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਵੱਡਾ ਹੱਥ ਦਸਿਆ ਜਾ ਰਿਹਾ ਹੈ, ਜਿਸਦੇ ਚੱਲਦੇ ਮੁੱਖ ਮੰਤਰੀ ਭਗਵੰਤ ਮਾਨ ਮੌਜੂਦਾ ਡੀਜੀਪੀ ਦੀ ਕਾਰਜ਼ਗੁਜ਼ਾਰੀ ਤੋਂ ਅੰਦਰਖ਼ਾਤੇ ਦੁਖੀ ਦੱਸੇ ਜਾ ਰਹੇ ਸਨ। ਗੌਰਤਲਬ ਹੈ ਕਿ ਪੰਜਾਬ ਵਿਚ ਸੱਤਾ ਬਦਲਣ ਦੇ ਬਾਵਜੂਦ ਮਾਨ ਸਰਕਾਰ ਨੇ ਡੀਜੀਪੀ ਭਾਵੜਾ ਨੂੰ ਨਹੀਂ ਬਦਲਿਆ ਸੀ।
ਗੌਰਵ ਯਾਦਵ ਬਣੇ ਪੰਜਾਬ ਦੇ ਕਾਰਜ਼ਕਾਰੀ ਡੀਜੀਪੀ
5 Views