ਖੇਤੀਬਾੜੀ ਵਿਭਾਗ ਦੇ ਤਤਕਾਲੀ ਡਾਇਰੈਕਟਰ, ਜੁਆਇੰਟ ਡਾਇਰੈਕਟਰ ਤੇ ਇੱਕ ਵਪਾਰੀ ਨੂੰ ਕੀਤਾ ਬਰੀ
ਸੁਖਜਿੰਦਰ ਮਾਨ
ਬਠਿੰਡਾ, 4 ਅਪ੍ਰੈਲ : ਘਟੀਆ ਗੁਣਵੰਤਾ ਦੀਆਂ ਸਪਰੇਹਾਂ ਵੇਚਣ ਦੇ ਮਾਮਲੇ ’ਚ ਕਰੀਬ ਅੱਠ ਸਾਲ ਪਹਿਲਾਂ ਬਠਿੰਡਾ ’ਚ ਦਰਜ਼ ਕੀਤੇ ਬਹੁਚਰਚਿਤ ਕੇਸ ਵਿਚ ਹੁਣ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਦੋ ਵਪਾਰੀਆਂ ਵਿਜੇ ਕੁਮਾਰ ਅਤੇ ਸੁਭਮ ਗੋਇਲ ਨੂੰ 2-2 ਸਾਲ ਦੀ ਸਜ਼ਾ ਸੁਣਾਈ ਹੈ। ਜਦੋਂਕਿ ਤਤਕਾਲੀ ਖੇਤੀਬਾੜੀ ਦੇ ਡਾਇਰੈਕਟਰ ਡਾ ਮੰਗਲ ਸਿੰਘ ਸੰਧੂ, ਜੁਆਇੰਟ ਡਾਇਰੈਕਟਰ ਨਿਰੰਕਾਰ ਸਿੰਘ ਅਤੇ ਇੱਕ ਵਪਾਰੀ ਅੰਕੁਸ਼ ਗੋਇਲ ਨੂੰ ਬਰੀ ਕਰ ਦਿੱਤਾ ਹੈ, ਜਿੰਨ੍ਹਾਂ ਦੇ ਖਿਲਾਫ਼ ਬਣਾਏ ਗਏ ਗਵਾਹ ਆਖ਼ਰ ਤੱਕ ਨਿਭ ਨਹੀਂ ਸਕੇ ਸਨ। ਉਂਜ ਅਕਾਲੀ ਸਰਕਾਰ ਦੌਰਾਨ ਡਾ ਮੰਗਲ ਸੰਧੂ ਦੇ ਚੰਡੀਗੜ੍ਹ ਸਥਿਤ ਸਰਕਾਰੀ ਘਰ ਵਿਚੋਂ ਗ੍ਰਿਫਤਾਰੀ ਵੇਲੇ ਬਰਾਮਦ ਹੋਈ ਵਿਦੇਸ਼ੀ ਸਰਾਬ ਆਦਿ ਦਾ ਮਾਮਲਾ ਮੋਹਾਲੀ ਦੀ ਅਦਾਲਤ ਵਿਚ ਚੱਲਦਾ ਹੋਣ ਦੀ ਸੂਚਨਾ ਮਿਲੀ ਹੈ। ਵੱਡੀ ਗੱਲ ਇਹ ਵੀ ਹੈ ਕਿ ਥਾਣਾ ਰਾਮਾ ਦੀ ਪੁਲਿਸ ਵਲੋਂ ਮੰਗਲ ਸਿੰਘ ਦੀ ਗ੍ਰਿਫਤਾਰੀ ਵੇਲੇ ਉਸਦੇ ਘਰੋਂ ਬਰਾਮਦ ਕੀਤੇ ਮਹਿੰਗੇ ਰਿਵਾਲਵਰ, ਡਾਲਰ ਅਤੇ ਹੋਰ ਕੀਮਤੀ ਸਮਾਨ ਦੇ ਥਾਣੇ ਦੇ ਮਾਲਖ਼ਾਨੇ ਵਿਚੋਂ ਗਾਇਬ ਹੋਣ ਦੇ ਮਾਮਲੇ ਵਿਚ ਤਤਕਾਲੀ ਐਸ.ਐਸ.ਓ ਅਤੇ ਮਾਲਖ਼ਾਨੇ ਦੀ ਮੁਨਸ਼ੀ ਵਿਰੁਧ ਮੁਕੱਦਮਾ ਵੀ ਚੱਲ ਰਿਹਾ ਹੈ। ਦਸਣਾ ਬਣਦਾ ਹੈ ਕਿ ਅਕਾਲੀ ਸਰਕਾਰ ਦੌਰਾਨ ਮਾੜੀਆਂ ਦਵਾਈਆਂ ਕਾਰਨ ਚਿੱਟੀ ਮੱਖੀ ਦੇ ਚੱਲਦੇ ਨਰਮੇ ਦੀ ਫ਼ਸਲ ਤਬਾਹ ਹੋਣ ਦੇ ਚੱਲਦੇ ਇਹ ਮੁੱਦਾ ਪੰਜਾਬ ਦੀ ਸਿਆਸਤ ਵਿਚ ਕਾਫ਼ੀ ਗਰਮਾਇਆ ਸੀ। ਇਸ ਮੁੱਦੇ ਨੂੰ ਲੈ ਕੇ ਵਿਰੋਧੀ ਸਿਆਸੀ ਧਿਰਾਂ ਵਲੋਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੂੰ ਵੀ ਘੇਰਿਆ ਸੀ। ਗੌਰਤਲਬ ਹੈ ਕਿ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਭਾਰੀ ਗਿਣਤੀ ਵਿਚ ਪੁਲਿਸ ਅਤੇ ਮੈਜਿਸਟਰੇਟ ਨੂੰ ਨਾਲ ਲੈ ਕੇ ਸਤੰਬਰ 2015 ਵਿਚ ਰਾਮਾ ਮੰਡੀ ਵਿਚ ਸਥਿਤ ਪੈਸਟੀਸਾਈਡ ਦੇ ਦੋ ਗੋਦਾਮਾਂ ਵਿਚ ਛਾਪੇਮਾਰੀ ਕੀਤੀ ਸੀ। ਇਸ ਛਾਪੇਮਾਰੀ ਦੌਰਾਨ ਵਿਭਾਗ ਵਲੋਂ ਲਏ ਗਏ ਸੈਂਪਲ ਘਟੀਆ ਗੁਣਵੰਤਾ ਦੇ ਪਾਏ ਗਏ ਸਨ, ਜਿਸਦੇ ਚੱਲਦੇ ਗੋਦਾਮਾਂ ਨੂੰ ਸੀਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਇਸ ਕੇਸ ਵਿਚ ਗੋਦਾਮਾਂ ਦੇ ਮਾਲਕ ਵਿਜੇ ਕੁਮਾਰ, ਸੁਭਮ ਗੋਇਲ ਅਤੇ ਉਨ੍ਹਾਂ ਨੂੰ ਕਥਿਤ ਸਹਿਯੋਗੀ ਅੰਕੁਸ਼ ਗੋਇਲ ਵਿਰੂਧ ਈ.ਸੀ. ਐਕਟ ਤਹਿਤ ਕੇਸ ਦਰਜ਼ ਕਰ ਲਿਆ ਸੀ। ਬਾਅਦ ਵਿਚ ਪੜਤਾਲ ਦੌਰਾਨ ਤਤਕਾਲੀ ਡਾਇਰੈਕਟਰ ਡਾ ਮੰਗਲ ਸਿੰਘ ਸੰਧੂ ਅਤੇ ਹੋਰਨਾਂ ਅਧਿਕਾਰੀਆਂ ਨੂੰ ਵੀ ਘਟੀਆ ਗੁਣਵੰਤਾ ਦੀਆਂ ਦਵਾਈਆਂ ਵੇਚਣ ਵਾਲੇ ਵਪਾਰੀਆਂ ਨੂੰ ਕਥਿਤ ਰਿਸ਼ਵਤ ਲੈ ਕੇ ਖੁੱਲ ਦੇਣ ਦੇ ਮਾਮਲੇ ਵਿਚ ਪੀਸੀ ਐਕਟ ਤਹਿਤ ਨਾਮਜਦ ਕੀਤਾ ਗਿਆ ਸੀ ਤੇ 3 ਅਕਤੂਬਰ 2015 ਨੂੰ ਡਾ ਮੰਗਲ ਸਿੰਘ ਸੰਧੂ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ ਦੌਰਾਨ ਘਰ ਦੀ ਤਲਾਸੀ ਸਮਂੇ ਉਨ੍ਹਾਂ ਕੋਲੋ ਨਗਦੀ, ਮਹਿੰਗਾ ਰਿਵਾਲਵਰ, ਵਿਦੇਸ਼ੀ ਡਾਲਰ, ਸ਼ਰਾਬ ਅਤੇ ਹੋਰ ਕੀਮਤੀ ਸਮਾਨ ਮਿਲਿਆ ਸੀ, ਜਿਸਨੂੰ ਪੁਲਿਸ ਨੇ ਜਬਤ ਕਰ ਲਿਆ ਸੀ। ਇਸ ਕੇਸ ਵਿਚ ਪੜਤਾਲ ਦੌਰਾਨ ਵਿਭਾਗ ਦੇ ਜੁਆਇੰਟ ਡਾਇਰੈਕਟਰ ਡਾ ਨਿਰੰਕਾਰ ਸਿੰਘ ਤੇ ਡਾ ਸਤਵੰਤ ਸਿੰਘ ਨੂੰ ਵੀ ਨਾਮਜਦ ਕੀਤਾ ਗਿਆ ਸੀ। ਹਾਲਾਂਕਿ ਡਾ ਸਤਵੰਤ ਸਿੰਘ ਕੇਸ ਦੇ ਕਾਫ਼ੀ ਸਮੇਂ ਬਾਅਦ ਪੇਸ਼ ਹੋੲੈ ਸਨ। ਬਾਅਦ ਵਿਚ ਇਸ ਕੇਸ ’ਚ ਪੁਲਿਸ ਨੇ ਅਦਾਲਤ ਵਿਚ ਚਲਾਨ ਪੇਸ ਕਰ ਦਿੱਤਾ ਤੇ ਅਦਾਲਤ ਵਲੋਂ ਦਲੀਲਾਂ ਸੁਣਨ ਤੋਂ ਬਾਅਦ ਹੁਣ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਹੀਰਾ ਸਿੰਘ ਗਿੱਲ ਦੀ ਅਦਾਲਤ ਨੇ ਦੋਨਾਂ ਵਪਾਰੀਆਂ ਨੂੰ 2-2 ਸਾਲ ਦੀ ਸਜ਼ਾ ਅਤੇ 5-5 ਹਜ਼ਾਰ ਰੁਪਏ ਜੁਰਮਾਨਾ ਵੀ ਸੁਣਾਇਆ ਹੈ। ਜਦੋਂਕਿ ਡਾ ਮੰਗਲ ਸਿੰਘ ਤੇ ਡਾ ਨਿਰੰਕਾਰ ਸਿੰਘ ਨੂੰ ਇੰਨ੍ਹਾਂ ਵਿਰੁਧ ਪੁਲਿਸ ਵਲੋਂ ਰੱਖੇ ਗਵਾਹ ਦੁਆਰਾ ਸਰਕਾਰ ਦੇ ਹੱਕ ’ਚ ਨਾ ਭੁਗਤਣ ਕਾਰਨ ਬਰੀ ਕਰ ਦਿੱਤਾ ਗਿਆ। ਇਸੇ ਤਰ੍ਹਾਂ ਇੱਕ ਹੋਰ ਵਪਾਰੀ ਨੂੰ ਵੀ ਬਰੀ ਕੀਤਾ ਗਿਆ ਹੈ।
Share the post "ਘਟੀਆਂ ਕੁਆਲਟੀ ਵਾਲੀਆਂ ਸਪਰੇਹਾਂ ਵੇਚਣ ਦੇ ਬਹੁਚਰਚਿਤ ਕੇਸ ’ਚ ਅਦਾਲਤ ਵਲੋਂ ਦੋ ਵਪਾਰੀਆਂ ਨੂੰ ਸਜ਼ਾ"