ਇੱਕ ਦਰਜ਼ਨ ਲੋਕਾਂ ਦੀ ਸਿਕਾਇਤ ‘ਤੇ ਜੀਐਸਐਚ ਇੰਮੀਗਰੇਸ਼ਨ ਕੰਪਨੀ ਦੇ ਪ੍ਰਬੰਧਕਾਂ ਵਿਰੁਧ ਧੋਖਾਧੜੀ ਦਾ ਪਰਚਾ ਦਰਜ਼
ਸੁਖਜਿੰਦਰ ਮਾਨ
ਬਠਿੰਡਾ, 6 ਮਈ:ਬਠਿੰਡਾ ਪੁਲਿਸ ਨੇ ਪਿਛਲੇ ਤਿੰਨ ਸਾਲ ਤੋਂ ਮਾਲਵਾ ਪੱਟੀ ਦੇ ਦਰਜ਼ਨਾਂ ਲੋਕਾਂ ਨਾਲ ਉਨ੍ਹਾਂ ਦੇ ਬੱਚਿਆਂ ਨੂੰ ਵਿਦੇਸ ਭੇਜਣ ਦੇ ਨਾਂ ਹੇਠ ਕਰੋੜਾਂ ਦੀਆਂ ਠੱਗੀਆਂ ਮਾਰਨ ਦੇ ਮਾਮਲੇ ਵਿਚ ਸਥਾਨਕ ਥਾਣਾ ਥਰਮਲ ਦੀ ਪੁਲਿਸ ਨੇ ਜੀਐਸਐਚ ਇੰਮੀਗਰੇਸਨ ਗਰੁੱਪ ਦੇ ਐਮ.ਡੀ ਸਹਿਤ ਉਸਦੀ ਪਤਨੀ, ਸਾਲੇ ਤੇ ਮੈਨੇਜ਼ਰ ਵਿਰੁਧ ਧੋਖਾਧੜੀ ਦਾ ਪਰਚਾ ਦਰਜ਼ ਕੀਤਾ ਹੈ। ਪੁਲਿਸ ਦੀ ਪੜਤਾਲ ਦੌਰਾਨ ਵੱਡੀ ਗਲ ਇਹ ਵੀ ਸਾਹਮਣੇ ਆਈ ਹੈ ਕਿ ਕਥਿਤ ਦੋਸੀਆਂ ਵਲੋਂ ਇਮੀਗਰੇਸਨ ਕੰਪਨੀ ਵੀ ਜਾਅਲੀ ਚਲਾਈ ਜਾ ਰਹੀ ਸੀ ਤੇ ਉਸਨੂੰ ਚਲਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਕੋਲੋ ਕੋਈ ਮੰਨਜੂਰੀ ਨਹੀਂ ਲਈ ਸੀ। ਇਸ ਸਬੰਧ ਵਿਚ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ ਦੀ ਪੁਲਿਸ ਨੂੰ ਇੱਕ ਦਰਜ਼ਨ ਦੇ ਕਰੀਬ ਲੋਕਾਂ ਨੇ ਉਕਤ ਕੰਪਨੀ ਦੇ ਨਾਂ ਹੇਠ ਪ੍ਰਬੰਧਕਾਂ ਵਲੋਂ ਅਪਣੇ ਨਾਲ ਲੱਖਾਂ ਰੁਪਏ ਦੀਆਂ ਠੱਗੀਆਂ ਮਾਰਨ ਦੀ ਸਿਕਾਇਤਾਂ ਦਿੱਤੀਆਂ ਹੋਈਆਂ ਸਨ। ਇੰਨ੍ਹਾਂ ਸਿਕਾਇਤਾਂ ਦੀ ਪੜਤਾਲ ਜ਼ਿਲ੍ਹਾ ਪੁਲਿਸ ਦੇ ਆਰਥਿਕ ਅਪਰਾਧ ਵਿੰਗ ਵਲੋਂ ਕੀਤਾ ਗਿਆ। ਜਾਂਚ ਦੌਰਾ ਸਾਹਮਣੇ ਆਇਆ ਕਿ ਜੀਐਸਐਚ ਇੰਮੀਗਰੇਸਨ ਗਰੁੱਪ ਦੇ ਐਮ.ਡੀ ਗੁਰਪ੍ਰੀਤ ਸਿੰਘ ਨੇ ਅਪਣੀ ਪਤਨੀ ਹਰਵਿੰਦਰ ਕੌਰ (ਦੋਨੋਂ ਵਾਸੀ ਓਮਕੇਸ ਸਿਟੀ ਗੋਨਿਆਣਾ), ਅਪਣੇ ਸਾਲੇ ਮਨਜਿੰਦਰ ਉਰਫ਼ ਮਨੀ ਅਤੇ ਮੈਨੇਜਰ ਸਰਨਜੀਤ ਕੌਰ ਨਾਲ ਮਿਲਕੇ ਇਹ ਠੱਗੀ ਠੋਰੀ ਦਾ ਕੰਮ ਚਲਾਇਆ ਹੋਇਆ ਸੀ। ਪੁਲਿਸ ਨੇ ਹੁਣ ਤੱਕ ਸਾਹਮਣੇ ਆਏ ਸਿਕਾਇਤਕਰਤਾਵਾਂ ਵਲੋਂ ਮੁਹੱਈਆਂ ਕਰਵਾਏ ਠੋਸ ਸਬੂਤਾਂ ਦੇ ਆਧਾਰ ’ਤੇ ਪਾਇਆ ਹੈ ਕਿ ਕਥਿਤ ਦੋਸੀਆਂ ਨੇ ਕਰੀਬ ਪੌਣੇ ਤਿੰਨ ਕਰੋੜ ਦੀ ਠੱਗੀ ਮਾਰੀ ਹੈ। ਹਾਲਾਂਕਿ ਸਿਕਾਇਤਕਰਤਾਵਾਂ ਨੇ ਅਪਣੇ ਨਾਲ ਹੋਈਆਂ ਧੋਖਾਧੜੀਆਂ ਵਿਚ ਗੁਰਪ੍ਰੀਤ ਸਿੰਘ ਦੇ ਪਿਤਾ ਸਵਰਨ ਸਿੰਘ, ਸਹੁਰਾ ਸਰੂਪ ਸਿੰਘ ਅਤੇ ਭਰਾ ਹਰਪ੍ਰੀਤ ਉਰਫ਼ ਹੈਪੀ ਵਿਰੁਧ ਸਿਕਾਇਤਾਂ ਦਿੱਤੀਆਂ ਸਨ ਪ੍ਰੰਤੂ ਪੁਲਿਸ ਅਧਿਕਾਰੀਆਂ ਮੁਤਾਬਕ ਇੰਨ੍ਹਾਂ ਤਿੰਨਾਂ ਵਿਰੁਧ ਕੋਈ ਠੋਸ ਸਬੂਤ ਨਹੀਂ ਮਿਲਿਆ। ਜਿਸਦੇ ਚੱਲਦੇ ਹੁਣ ਐਮ.ਡੀ ਗੁਰਪ੍ਰੀਤ ਸਿੰਘ ਤੇ ਉਸਦੀ ਪਤਨੀ ਹਰਵਿੰਦਰ ਕੌਰ, ਸਾਲੇ ਮਨਜਿੰਦਰ ਉਰਫ਼ ਮਨੀ ਅਤੇ ਮੈਨੇਜਰ ਸਰਨਜੀਤ ਕੌਰ ਵਿਰੁਧ ਧਾਰਾ 420, 120 ਬੀ ਆਈ.ਪੀ.ਸੀ ਅਤੇ 24 ਇੰਮੀਗਰੇਸ਼ਨ ਐਕਟ 1983 ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਪਤਾ ਲੱਗਿਆ ਹੈ ਕਿ ਪੁਲਿਸ ਕਾਰਵਾਈ ਦਾ ਪਤਾ ਚੱਲਦੇ ਹੀ ਇਹ ਮੁਜਰਮ ਫ਼ਰਾਰ ਹੋ ਗਏ ਹਨ।
ਬਾਕਸ
ਸਿਕਾਇਤਕਰਤਾ ਤੇ ਉਨ੍ਹਾਂ ਨਾਲ ਵੱਜੀ ਠੱਗੀ ਦੀ ਰਾਸ਼ੀ
1 ਹਰਵਿੰਦਰ ਸਿੰਘ ਰੋਇਲ ਕੈਟਰਿੰਗ ਵਾਸੀ ਗਰੀਨ ਪੈਲੇਸ ਰੋਡ(30 ਲੱਖ), 2 ਗੁਰਵਿੰਦਰ ਸਿੰਘ ਮਾਡਲ ਟਾਊਨ(31.5 ਲੱਖ), 3 ਅਜੈਬ ਸਿੰਘ ਵਾਸੀ ਜੀਦਾ (17 ਲੱਖ), 4 ਜੈ ਸਿੰਘ ਵਾਸੀ ਐਨ.ਐਫ.ਐਲ ਟਾਊਨਸਿਪ (32 ਲੱਖ), 5 ਸੁਖਵਿੰਦਰ ਸਿੰਘ ਵਾਸੀ ਸਿਵੀਆ (18), 6 ਕਾਕਾ ਸਿੰਘ ਵਾਸੀ ਗੋਨਿਆਣਾ ਖੁਰਫ਼ (17 ਲੱਖ), 7 ਗੁਰਭਗਤ ਸਿੰਘ ਵਾਸੀ ਲਹਿਰਾ ਮੁਹੱਬਤ (20 ਲੱਖ), 8 ਅਕਾਸਪ੍ਰੀਤ ਸਿੰਘ ਵਾਸੀ ਗੋਦਾਰਾ (24 ਲੱਖ), 9 ਅਮਰਜੀਤ ਸਿੰਘ ਵਾਸੀ ਗੋਦਾਰਾ (21), 10 ਗੁਰਵਿੰਦਰ ਸਿੰਘ ਵਾਸੀ ਰਾਏਪੁਰ ਜ਼ਿਲ੍ਹਾ ਬਰਨਾਲਾ (21 ਲੱਖ 11 ਗੁਰਜੀਤ ਸਿੰਘ ਵਾਸੀ ਜੋਗਾ ਜ਼ਿਲ੍ਹਾ ਮਾਨਸਾ (5 ਲੱਖ) ਰੁਪਏ।
ਬਾਕਸ
ਪਾਸਪੋਰਟਾਂ ਦੇ ਨਾਲ ਅਸਲੀ ਵਿਦਿਅਕ ਸਰਟੀਫਿਕੇਟ ਤੇ ਦਸਖ਼ਤਾਂ ਵਾਲੀਆਂ ਚੈਕ ਬੁੱਕ ਵੀ ਲੈਂਦੇ ਸਨ ਮੁਜਰਮ
ਪੁਲਿਸ ਨੂੰ ਪੜਤਾਲ ਦੌਰਾਨ ਇਹ ਵੀ ਪਤਾ ਲੱਗਿਆ ਕਿ ਕਥਿਤ ਦੋਸੀ ਪੀੜਤ ਵਿਅਕਤੀ ਨੂੰ ਅਪਣੇ ਝਾਂਸੇ ਵਿਚ ਲੈਣ ਤੋਂ ਬਾਅਦ ਉਸਦਾ ਵਿਸਵਾਸ ਬਣਾਉਣ ਲਈ ਜਿਆਦਾਤਰ ਰਾਸ਼ੀ ਅਪਣੇ ਬੈਂਕ ਖਾਤੇ ਰਾਹੀਂ ਲੈਂਦੇ ਸਨ। ਇਸਤੋਂ ਇਲਾਵਾ ਉਹ ਬਾਹਰ ਜਾਣ ਵਾਲੇ ਬੱਚੇ ਦਾ ਪਾਸਪੋਰਟ ਦੇ ਨਾਲ ਉਸਦੇ ਸਾਰੇ ਵਿਦਿਅਕ ਸਰਟੀਫਿਕੇਟ ਤੇ ਇੱਥੋਂ ਤੱਕ ਦਸਖ਼ਤ ਕੀਤੀਆਂ ਹੋਈਆਂ ਚੈਕ ਬੁੱਕ ਵੀ ਅਪਣੇ ਕੋਲ ਰੱਖ ਲੈਂਦੇ ਸਨ।
ਬਾਕਸ
ਪਹਿਲਾਂ ਆਦਰਸ ਨਗਰ ਤੇ ਫ਼ਿਰ ਭਾਗੂ ਰੋਡ ’ਤੇ ਖੋਲਿਆ ਦਫ਼ਤਰ
ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸੀਆਂ ਨੇ ਸਾਲ 2020 ਤੋਂ ਲੈ ਕੇ 2022 ਤੱਕ ਆਦਰਸ ਨਗਰ ਵਿਚ ਅਪਣਾ ਦਫ਼ਤਰ ਚਲਾਇਆ, ਜਿਸਤੋਂ ਬਾਅਦ ਭੋਲੇ-ਭਾਲੇ ਲੋਕਾਂ ਨੂੰ ਫ਼ਸਾਉਣ ਲਈ ਭਾਗੂ ਰੋਡ ਉਪਰ ਦਫ਼ਤਰ ਖੋਲ ਲਿਆ। ਇਸਤੋ ਪਹਿਲਾਂ ਪੁਲਿਸ ਉਨ੍ਹਾਂ ਨੂੰ ਹਿਰਾਸਤ ਵਿਚ ਲੈਂਦੀ , ਉਹ ਅਪ੍ਰੈਲ 2023 ਵਿਚ ਅਪਣੇ ਘਰਾਂ ਤੇ ਦਫ਼ਤਰਾਂ ਨੂੰ ਜਿੰਦਰੇ ਮਾਰ ਕੇ ਫ਼ਰਾਰ ਹੋ ਗਏ।
Share the post "ਘਰਵਾਲੀ ਤੇ ਸਾਲੇ ਨਾਲ ਮਿਲਕੇ ਵਿਦੇਸ਼ ਭੇਜਣ ਦੇ ਨਾਂ ‘ਤੇ ਦਰਜ਼ਨਾਂ ਲੋਕਾਂ ਨਾਲ ਕਰੋੜਾਂ ਦੀ ਠੱਗੀ"