ਲਗਾਤਾਰ ਫਲੈਗ ਮਾਰਚ ਤੇ ਸਰਚ ਮੁਹਿੰਮ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 6 ਜੂਨ: ਸ਼੍ਰੀ ਦਰਬਾਰ ਸਾਹਿਬ ਉਪਰ ਹੋਏ ਹਮਲੇ ਦੇ ਫ਼ਲਸਰੂਪ ਹਰ ਸਾਲ ਦੀ ਤਰ੍ਹਾਂ ਮਨਾਏ ਜਾ ਰਹੇ ਘੱਲੂਘਾਰਾ ਦਿਵਸ ਅਤੇ ਪਿਛਲੇ ਦਿਨੀਂ 7 ਜੂਨ ਨੂੰ ਸ਼ਹਿਰ ਦੀਆਂ 10 ਥਾਵਾਂ ’ਤੇ ਲੜੀਵਾਰ ਬੰਬ ਧਮਾਕੇ ਕਰਨ ਦੀ ਮਿਲੀ ਧਮਕੀ ਦੇ ਚੱਲਦਿਆਂ ਪੁਲਿਸ ਵਲੋਂ ਲਗਾਤਾਰ ਸਰਚ ਮੁਹਿੰਮ ਤੇ ਨਾਕੇਬੰਦੀ ਕੀਤੀ ਹੋਈ ਹੈ। ਬੀਤੇ ਕੱਲ ਵੀ ਜਿੱਥੇ ਡੀਆਈਜੀ ਹਰਚਰਨ ਸਿੰਘ ਭੁੱਲਰ ਵਿਸੇਸ ਤੌਰ ’ਤੇ ਚੈਕਿੰਗ ਦੇਖਣ ਲਈ ਬਠਿੰਡਾ ਪੁੱਜੇ ਹੋਏ ਸਨ, ਉਥੇ ਅੱਜ ਲਗਾਤਾਰ ਚੌਥੇ ਦਿਨ ਸਿਟੀ ਪੁਲਿਸ ਵਲੋਂ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਫਲੈਗ ਮਾਰਚ ਕੀਤਾ ਗਿਆ। ਇਸਤੋਂ ਇਲਾਵਾ ਸ਼ਹਿਰ ’ਚ ਥਾਂ-ਥਾਂ ਨਾਕੇਬੰਦੀ ਕਰਕੇ ਸਰਚ ਮੁਹਿੰਮ ਚਲਾਈ ਗਈ। ਇਸ ਦੌਰਾਨ ਸ਼ੱਕੀ ਵਹੀਕਲਾਂ ਦੀ ਚੈਕਿੰਗ ਅਤੇ ਬਾਹਰੋਂ ਆਉਣ ਵਾਲੀਆਂ ਗੱਡੀਆਂ ਦੀ ਡੂੰਘਾਈ ਨਾਲ ਪੜਤਾਲ ਕੀਤੀ ਗਈ। ਇਸਤੋਂ ਇਲਾਵਾ ਸ਼ੱਕੀ ਵਿਅਕਤੀਆਂ ਉਪਰ ਵੀ ਡੂੰਘੀ ਨਜ਼ਰ ਰੱਖੀ ਜਾ ਰਹੀ ਹੈ। ਇਸੇ ਤਰ੍ਹਾਂ ਸ਼ਹਿਰ ਦੇ ਜਨਤਕ ਸਥਾਨਾਂ, ਜਿੰ੍ਹਨਾਂ ਵਿਚ ਰੇਲਵੇ ਸਟੇਸ਼ਨ, ਬੱਸ ਅੱਡਿਆਂ ਤੇ ਹੋਰ ਭੀੜ ਭੜੱਕੇ ਵਾਲੀਆਂ ਥਾਵਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਸ਼ਹਿਰ ਦੀਆਂ ਮਹੱਤਵਪੂਰਨ ਤੇ ਸੰਵੇਦਨਸ਼ੀਲ ਥਾਵਾਂ ਉਪਰ ਵਿਸੇਸ ਨਿਗ੍ਹਾਂ ਰੱਖੀ ਜਾ ਰਹੀ ਹੈ। ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਕਿਸੇ ਅਗਿਆਤ ਵਿਅਕਤੀ ਨੇ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਸ਼ਹਿਰ ਦੇ ਕੁੱਝ ਮਹੱਤਵਪੂਰਨ ਵਿਅਕਤੀਆਂ ਨੂੰ ਪੱਤਰ ਭੇਜ ਕੇ 7 ਜੂਨ ਨੂੰ ਦਸ ਥਾਵਾਂ ‘ਤੇ ਬੰਬ ਧਮਾਕੇ ਕਰਨ ਦੀ ਚੇਤਾਵਨੀ ਦਿੱਤੀ ਸੀ। ਇਸ ਮਾਮਲੇ ਵਿਚ ਪੁਲਿਸ ਵਲੋਂ ਪਰਚਾ ਵੀ ਦਰਜ਼ ਕੀਤਾ ਜਾ ਚੁੱਕਾ ਹੈ।
Share the post "ਘੱਲੂਘਾਰਾ ਦਿਵਸ ਅਤੇ ਬੰਬ ਧਮਾਕੇ ਤੋਂ ਧਮਕੀ ਦੇ ਚੱਲਦਿਆਂ ਬਠਿੰਡਾ ਪੁਲਿਸ ਅਲਰਟ"