ਸੁਖਜਿੰਦਰ ਮਾਨ
ਬਠਿੰਡਾ, 28 ਅਪ੍ਰੈਲ: ਨੈਸ਼ਨਲ ਇੰਸਟੀਚਿਊਟ ਆਫ਼ ਟੀਚਰ ਐਜੂਕੇਸ਼ਨ ਦੀ 56ਵੀਂ ਜਰਨਲ ਬਾਡੀ ਵਿੱਚ ਐਨ.ਸੀ.ਟੀ.ਈ. ਦੇ ਚੇਅਰਪਰਸਨ ਪ੍ਰੋ. ਯੋਗੇਸ਼ ਸਿੰਘ ਦੀ ਪ੍ਰਧਾਨਗੀ ਹੇਠ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਬੀ.ਏ.-ਬੀ.ਐਡ/ਬੀ.ਐਸ.ਸੀ-ਬੀ.ਐਡ 4 ਸਾਲਾ ਇੰਟੀਗ੍ਰੇਟਿਡ ਕੋਰਸ ਨੂੰ ਸੈਸ਼ਨ 2025-26 ਤੋਂ ਆਈ.ਟੀ.ਈ.ਪੀ . (ਇੰਟੀਗ੍ਰੇਟਿਡ ਟੀਚਰ ਐਜੂਕੇਸ਼ਨ ਪ੍ਰੋਗਰਾਮ) ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕੌਂਸਲ ਦੀ 54ਵੀਂ ਮੀਟਿੰਗ ਵਿੱਚ ਇਹ ਤਬਦੀਲੀ ਸੈਸ਼ਨ 2023-24 ਤੋਂ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਇਹ ਜਾਣਕਾਰੀ ਦਿੰਦਿਆਂ ਪੁਡਕਾ ਦੇ ਮੁੱਖ ਸਰਪ੍ਰਸਤ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਐਨ.ਸੀ.ਟੀ.ਈ. ਵੱਲੋਂ 2022 ਵਿੱਚ ਇੱਕ ਸਰਕੂਲਰ ਜਾਰੀ ਕੀਤਾ ਗਿਆ ਸੀ ਜਿਸ ਅਨੁਸਾਰ 4 ਸਾਲਾ ਇੰਟੀਗ੍ਰੇਟਿਡ ਬੀ.ਏ.-ਬੀ.ਐਡ/ਬੀ.ਐਸ.ਸੀ-ਬੀ.ਐਡ ਕੋਰਸ ਦਾ ਨਾਂ ਬਦਲ ਕੇ ਸੈਸ਼ਨ 2023-24 ਤੋਂ ਇੰਟੀਗ੍ਰੇਟਿਡ ਟੀਚਰ ਐਜੂਕੇਸ਼ਨ ਪ੍ਰੋਗਰਾਮ ਕੀਤਾ ਜਾਣਾ ਸੀ ਅਤੇ ਇਸ ਦਾ ਪਾਠਕ੍ਰਮ ਵੀ ਨਵੀਂ ਸਿੱਖਿਆ ਨੀਤੀ-2020 ਅਨੁਸਾਰ ਕੀਤਾ ਜਾਣਾ ਸੀ। ਇਸ ਫ਼ੈਸਲੇ ਨਾਲ ਕਾਲਜਾਂ ਸਮੇਤ ਵਿਦਿਆਰਥੀਆਂ ਵਿੱਚ ਇਹ ਦੁਬਿਧਾ ਪਾਈ ਜਾ ਰਹੀ ਸੀ ਕਿ ਸ਼ਾਇਦ ਇਸ ਸਾਲ ਬੀ.ਏ.-ਬੀ.ਐਡ/ਬੀ.ਐਸ.ਸੀ-ਬੀ.ਐਡ 4 ਸਾਲਾ ਇੰਟੀਗ੍ਰੇਟਿਡ ਕੋਰਸ ਨਹੀਂ ਚੱਲੇਗਾ, ਪਰ ਐਨ.ਸੀ.ਟੀ.ਈ. ਦੇ ਇਸ ਸ਼ਲਾਘਾਯੋਗ ਫ਼ੈਸਲੇ ਨੇ ਸਾਰੀ ਦੁਬਿਧਾ ਦੂਰ ਕਰ ਦਿੱਤੀ ਹੈ ਕਿ ਹੁਣ 2 ਸਾਲ ਤੱਕ ਇਸ ਕੋਰਸ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਕੋਰਸ ਐਨ.ਸੀ.ਟੀ.ਈ. ਵੱਲੋਂ ਬੰਦ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਬੰਦ ਕੀਤਾ ਜਾਵੇਗਾ। ਇਸ ਕੋਰਸ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀ ਆਪਣਾ ਦਾਖ਼ਲਾ ਲੈ ਸਕਦੇ ਹਨ ਅਤੇ ਇਸ ਕੋਰਸ ਵਿੱਚ ਪੜ੍ਹ ਰਹੇ ਵਿਦਿਆਰਥੀ ਆਪਣੀ ਪੜਾਈ ਜਾਰੀ ਰੱਖ ਸਕਦੇ ਹਨ।
Share the post "ਚਾਰ ਸਾਲਾਂ ਇੰਟੀਗ੍ਰੇਟਿਡ ਕੋਰਸ ਵਿੱਚ ਅਗਲੇ 2 ਸਾਲ ਤੱਕ ਨਹੀਂ ਹੋਵੇਗੀ ਕੋਈ ਤਬਦੀਲੀ: ਡਾ ਧਾਲੀਵਾਲ"