ਸੁਖਜਿੰਦਰ ਮਾਨ
ਬਠਿੰਡਾ, 22 ਸਤੰਬਰ -ਪਿਛਲੇ ਕਈ ਮਹੀਨਿਆਂ ਤੋਂ ਕੈਪਟਨ ਅਮਰਿੰਦਰ ਸਿੰਘ ਵਿਰੁਧ ਬਗਾਵਤ ਦਾ ਝੰਡਾ ਚੁੱਕਣ ਵਾਲਿਆਂ ਨਾਲ ਕਦਮ ਮਿਲਾਕੇ ਚੱਲ ਰਹੇ ਜ਼ਿਲ੍ਹੇ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦਾ ਸਿਆਸੀ ਨਿਜ਼ਾਮ ਬਦਲਣ ਨਾਲ ਪ੍ਰਭਾਵ ਵਧਣ ਲੱਗਿਆ ਹੈ। ਕੁੱਝ ਸਮੇਂ ਪਹਿਲਾਂ ਤੱਕ ਹਲਕੇ ’ਚ ਲੈਣ ਵਾਲੀ ਅਫ਼ਸਰਸਾਹੀ ਹੁਣ ਉਕਤ ਵਿਧਾਇਕ ਦੇ ਗੇੜੇ ਕੱਟਣ ਲੱਗੀ ਹੈ। ਪ੍ਰਸ਼ਾਸਨਿਕ ਸੂਤਰਾਂ ਨੇ ਖ਼ੁਲਾਸਾ ਕੀਤਾ ਕਿ ਵਿਧਾਇਕ ਕੋਟਭਾਈ ਦੀ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨੇੜਤਾ ਹੋਣ ਕਾਰਨ ਪ੍ਰਸ਼ਾਸਨ ’ਤੇ ਪਕੜ ਹੋਰ ਮਜਬੂਤ ਹੋਣ ਲੱਗੀ ਹੈ। ਹਾਲਾਂਕਿ ਸਿਆਸੀ ਹਲਕਿਆਂ ਵਿਚ ਚੱਲ ਰਹੀ ਚਰਚਾ ਮੁਤਾਬਕ ਪਾਰਟੀ ਅਗਲੀਆਂ ਚੋਣਾਂ ਵਿਚ ਪ੍ਰੀਤਮ ਸਿੰਘ ਕੋਟਭਾਈ ਦੀ ਥਾਂ ਉਨ੍ਹਾਂ ਦੇ ਪੁੱਤਰ ਐਡਵੋਕੇਟ ਰੁਪਿੰਦਰਪਾਲ ਕੋਟਭਾਈ , ਜੋ ਹਲਕੇ ਵਿਚ ਵਿਚਰ ਰਹੇ ਹਨ, ਨੂੰ ਮੌਕਾ ਦੇ ਸਕਦੀ ਹੈ ਪ੍ਰੰਤੂ ਸੂਬੇ ਵਿਚ ਹੋਏ ਸੱਤਾ ਪ੍ਰਵਰਤਨ ਕਾਰਨ ਪ੍ਰੀਤਮ ਸਿੰਘ ਕੋਟਭਾਈ ਦੀ ਤੂਤੀ ਬੋਲਣ ਲੱਗੀ ਹੈ। ਦਸਣਾ ਬਣਦਾ ਹੈ ਕਿ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਥੋੜੀਆਂ ਵੋਟਾਂ ਦੇ ਅੰਤਰ ’ਤੇ ਹਾਰਨ ਵਾਲੇ ਕੋਟਭਾਈ ਨੇ ਸੰਪਰਕ ਬਣਾਈ ਰੱਖਿਆ ਸੀ ਤੇ 2017 ਵਿਚ ਆਪ ਉਮੀਦਵਾਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ। ਇੱਥੇ ਜਿਕਰ ਕਰਨਾ ਬਣਦਾ ਹੈ ਕਿ ਸੂਬੇ ’ਚ ਸੱਤਾ ਨਿਜਾਮ ਬਦਲਣ ਕਾਰਨ ਜ਼ਿਲ੍ਹੇ ਦੇ ਕਈ ਕਾਂਗਰਸੀ ਆਗੂਆਂ ਤੇ ਵਿਧਾਇਕਾਂ ਦੀ ਪਕੜ ਢਿੱਲੀ ਹੁੰਦੀ ਜਾਪ ਰਹੀ ਹੈ ਜਦੋਂਕਿ ਕਈਆਂ ਦੇ ਹੱਥ ਸੱਤਾ ਦੀ ਚਾਬੀ ਆਉਂਦੀ ਦਿਖ਼ਾਈ ਦਿੰਦੀ ਹੈ। ਮੌਜੂਦਾ ਸਮੇਂ ਜ਼ਿਲ੍ਹੇ ਵਿਚ ਪੈਂਦੇ 6 ਵਿਧਾਨ ਸਭਾਂ ਹਲਕਿਆਂ ਵਿਚੋਂ ਚਾਰ ਵਿਚ ਕਾਂਗਰਸ ਪਾਰਟੀ ਨਾਲ ਸਬੰਧਤ ਨੁਮਾਇੰਦੇ ਹਨ ਜਦੋਂਕਿ ਦੋ ਹਲਕਿਆਂ ਆਪ ਦੇ ਆਗੂ ਨੁਮਾਇੰਦਗੀ ਕਰ ਰਹੇ ਹਨ।
.
ਚੰਨੀ ਤੇ ਰੰਧਾਵਾ ਦੇ ‘ਪਾਵਰ’ ਚ ਆਉਣ ਨਾਲ ਕੋਟਭਾਈ ਦਾ ਸਿਆਸੀ ‘ਕਰੰਟ’ ਵਧਿਆ
1 Views