ਸੁਖਜਿੰਦਰ ਮਾਨ
ਲੰਬੀ, 7 ਫਰਵਰੀ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਹਾਈ ਕਮਾਂਡ ਅਤੇ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਦਾ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰਾ ਐਲਾਨ ਕਰ ਕੇ ਉਹਨਾਂ ਦੀਆਂ ਭਿ੍ਰਸ਼ਟ ਗਤੀਵਿਧੀਆਂ ’ਤੇ ਪ੍ਰਵਾਨਗੀ ਦੀ ਮੋਹਰ ਲਗਾ ਦਿੱਤੀ ਹੈ। ਬੀਬੀ ਬਾਦਲ ਜੋ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਹੱਕ ਵਿਚ ਲੰਬੀ ਅਤੇ ਬੁਢਾਲਾਡਾ ਵਿਚ ਡਾ. ਨਿਸ਼ਾਨ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਸਨ, ਨੇ ਕਿਹਾ ਕਿ ਮੁੱਖ ਮੰਤਰੀ ਦੇ ਭਾਣਜੇ ਦੇ ਘਰੋਂ 10 ਕਰੋੜ ਰੁਪਏ ਬਰਾਮਦ ਹੋਏ ਹਨ ਤੇ ਉਸਨੇ ਇਹ ਵੀ ਕਬੂਲ ਲਿਆ ਹੈ ਕਿ ਇਹ ਪੈਸਾ ਰੇਤ ਮਾਫੀਆ ਤੇ ਤਾਇਨਾਤੀਆਂ ਤੇ ਤਬਾਦਲਿਆਂ ਦਾ ਲਿਆ ਪੈਸਾ ਹੈ, ਇਸਦੇ ਬਾਵਜੂਦ ਕਾਂਗਰਸ ਹਾਈ ਕਮਾਂਡ ਉਹਨਾਂ ਨਾਲ ਡੱਟ ਗਈ ਹੈ। ਉਹਨਾਂ ਕਿਹਾ ਕਿ ਇਸ ਤੋਂ ਹਾਈ ਕਮਾਂਡ ਦੇ ਨਾਲ ਨਾਲ ਗਾਂਧੀ ਪਰਿਵਾਰ ਦੀ ਇਮਾਨਦਾਰੀ ’ਤੇ ਵੀ ਸਵਾਰ ਖੜ੍ਹੇ ਹੋ ਗਏ ਹਨ ਜਿਸਨੇ ਇਕ ਭਿ੍ਰਸ਼ਟ ਮੁੱਖ ਮੰਤਰੀ ਦਾ ਸ਼ਰ੍ਹੇਆਮ ਸਾਥ ਦੇਣ ਦਾ ਫੈਸਲਾ ਕੀਤਾ ਹੈ।
ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਪਾਰਟੀ ਨੇ ਰੇਤ ਤੇ ਸ਼ਰਾਬ ਮਾਫੀਆ ਦੀ ਪ੍ਰਧਾਨਗੀ ਕੀਤੀ, ਦਲਿਤ ਵਿਦਿਆਰਥੀਆਂ ਲਈ ਐਸ ਸੀ ਸਕਾਲਰਸ਼ਿਪ ਬੰਦ ਕਰ ਦਿੱਤੀ, ਕੋਰੋਨਾ ਕਾਲ ਵਿਚ ਵੈਕਸੀਨਾਂ ਤੇ ਕੇਂਦਰੀ ਰਾਸ਼ਨ ਦੀ ਸਪਲਾਈ ਵਿਚ ਵੀ ਭਿ੍ਰਸ਼ਟਾਚਾਰ ਕੀਤਾ ਤੇ ਹੁਣ ਪਾਰਟੀ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰਾ ਬਦਲ ਕੇ ਲੋਕਾਂ ਨੁੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਲਈ ਪੂਰਨ ਕਰਜ਼ਾ ਮੁਆਫੀ ਅਤੇ ਘਰ ਘਰ ਨੌਕਰੀ ਸਮੇਤ ਆਪਣੇ ਸਾਰੇ ਵਾਅਦਿਆਂ ਤੋਂ ਭੱਜ ਗਏ ਸਨ ਤੇ ਚਰਨਜੀਤ ਚੰਨੀ ਨੇ ਆਪਣੇ ਤਿੰਨ ਮਹੀਨਿਆਂ ਦੇ ਕਾਰਜਕਾਲ ਵਿਚ ਸਿਰਫ ਸਸਤੀ ਸ਼ੋਹਰਤ ਹਾਸਲ ਕਰਨ ਵਾਸਤੇ ਕੰਮ ਕੀਤਾ। ਉਹਨਾਂ ਕਿਹਾ ਕਿ ਇਸ ਸਰਕਾਰ ਨੇ ਪੰਜ ਸਾਲਾਂ ਵਿਚ ਸੂਬੇ ਸਿਰਫ ਕਰਜ਼ਾ ਇਕ ਲੱਖ ਕਰੋੜ ਰੁਪਏ ਵਧਾ ਦਿੱਤਾ ਜਦੋਂ ਕਿ ਲੋਕਾਂ ਦੀ ਭਲਾਈ ਵਾਸਤੇ ਕੋਈ ਡੱਕਾ ਨਹੀਂ ਤੋੜਿਆ।
ਆਮ ਆਦਮੀ ਪਾਰਟੀ ਅਤੇ ਇਸਦੇ ਕਨਵੀਨਰ ਅਰਵਿੰਦ ਕੇਜਰੀਵਾਲ ਬਾਰੇ ਗੱਲ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਨਾਲੋਂ ਵੀ ਜ਼ਿਆਦਾ ਚਾਲਬਾਜ਼ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੀਆਂ ਸਾਰੀਆਂ ਮਹਿਲਾਵਾਂ ਨੁੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਾ ਵਾਅਦਾ ਕਰ ਕੇ ਪੰਜਾਬੀਆਂ ਨੂੰ ਮੂਰਖ ਬਣਾਉਣਾ ਚਾਹੁੰਦਾ ਹੈ ਜਦੋਂ ਕਿ ਪਿਛਲੇ 8 ਸਾਲਾਂ ਵਿਚ ਉਸਨੇ ਦਿੱਲੀ ਵਿਚ ਮਹਿਲਾਵਾਂ ਨੁੰ ਅਜਿਹੀ ਕੋਈ ਸਹੂਲਤ ਨਹੀਂ ਦਿੱਤੀ। ਉਹਨਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਫਿਰ ਕੇਜਰੀਵਾਲ ਦੀ ਨਿਗਰਾਨੀ ਹੇਠ ਪੰਜਾਬ ਦਾ ਦਰਿਆਈ ਪਾਣੀ ਹਰਿਆਣਾ ਤੇ ਦਿੱਲੀ ਨੁੰ ਦੇ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਭਗਵੰਤ ਮਾਨ ਮੁੱਖ ਮੰਤਰੀ ਦੇ ਅਹੁਦੇ ਲਈ ਡੰਮੀ ਉਮੀਦਵਾਰ ਹੈ। ਉਨ੍ਹਾਂ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਦੇ ਮਨਸੂਬਿਆਂ ਤੋਂ ਸੁਚੇਤ ਰਹਿਣ ਅਤੇ ਇਹ ਪਾਰਟੀ ਦਿੱਲੀ ਮਾਡਲ ਦੇ ਸੁਫਨੇ ਵਿਖਾ ਕੇ ਵੋਟਾਂ ਲੈਣਾ ਚਾਹੁੰਦੀ ਹੈ ਪਰ ਦਿੱਲੀ ਮਾਡਲ ਵਿਚ ਨਾ ਤਾਂ ਕਿਸਾਨਾਂ ਲਈ ਮੁਫਤ ਬਿਜਲੀ ਤੇ ਨਾ ਹੀ ਆਟਾ ਦਾਲ ਤੇ ਸ਼ਗਨ ਸਕੀਮ ਵਰਗੀਆਂ ਸਮਾਜ ਭਲਾਈ ਸਕੀਮਾਂ ਸ਼ਾਮਲ ਹਨ। ਉਹਨਾਂ ਕਿਹਾ ਕਿ ਇਸਦਾ ਮਤਲਬ ਇਹ ਹੈ ਕਿ ਜੇਕਰ ਆਮ ਆਦਮੀ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਫਿਰ ਪੰਜਾਬੀਆਂ ਤੋਂ ਇਹ ਸਾਰੀਆਂ ਸਹੂਲਤਾਂ ਵਾਪਸ ਲੈ ਲਈਆਂ ਜਾਣਗੀਆਂ। ਉਹਨਾਂ ਨੇ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਨੁੰ ਹਮੇਸ਼ਾ ਲਈ ਠੁਕਰਾ ਦੇਣ।
Share the post "ਚੰਨੀ ਨੁੰ ਚੇਹਰਾ ਐਲਾਨ ਕੇ ਰਾਹੁਲ ਗਾਂਧੀ ਨੇ ਉਹਨਾਂ ਦੇ ਭਿ੍ਰਸ਼ਟਾਚਾਰ ’ਤੇ ਮੋਹਰ ਲਗਾਈ : ਹਰਸਿਮਰਤ"