ਸੁਖਜਿੰਦਰ ਮਾਨ
ਬਠਿੰਡਾ, 9 ਜੁਲਾਈ: ਪਿਛਲੇ ਦਿਨਾਂ ‘ਚ ਸਰਕਾਰ ਦੀਆਂ ਹਿਦਾਇਤਾਂ ‘ਤੇ ਜ਼ਿਲ੍ਹੇ ਵਿਚ ਕੁਲੈਕਟਰ ਰੇਟਾਂ ’ਚ ਕੀਤੇ ਕਈ ਗੁਣਾਂ ਵਾਧੇ ਦਾ ਵਿਰੋਧ ਕਰਦਿਆਂ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਨੇ ਸਰਕਾਰ ਨੂੰ ਮੁੜ ਇਸ ਫੈਸਲੇ ’ਤੇ ਪੁਨਰਵਿਚਾਰ ਕਰਨ ਦੀ ਮੰਗ ਕੀਤੀ ਹੈ। ਇੱਥੇ ਜਾਰੀ ਬਿਆਨ ਵਿਚ ਉਨ੍ਹਾਂ ਕਿਹਾ ਕਿ ਇਸ ਫੈਸਲੇ ਕਾਰਨ ਮੱਧ ਵਰਗ ਨੂੰ ਵਧੇਰੇ ਨੁਕਸਾਨ ਹੋਵੇਗਾ। ਜਿਹੜੇ ਲੋਕ ਘਰ ਬਣਾਉਣ ਦਾ ਸੁਪਨਾ ਦੇਖ ਰਹੇ ਸਨ, ਉਨ੍ਹਾਂ ਦਾ ਕੁਲੈਕਟਰ ਰੇਟ ਵਧਣ ਨਾਲ ਗਰੀਬ ਆਮ ਆਦਮੀ ਦਾ ਘਰ ਬਣਾਉਣ ਦਾ ਸੁਪਨਾ ਹੁਣ ਸੁਪਨਾ ਹੀ ਰਹਿ ਜਾਵੇਗਾ।ਮੋਹਨ ਲਾਲ ਗਰਗ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਪਹਿਲੀਆਂ ਸਰਕਾਰਾਂ ਨੇ ਦਰਾਂ ਵਿੱਚ ਵਾਧਾ ਨਹੀਂ ਕੀਤਾ, ਉਹ ਸਿਰਫ ਦਸ ਤੋਂ ਵੀਹ ਫੀਸਦੀ ਵਾਧਾ ਕਰਦੀਆਂ ਸਨ, ਪਰ ਆਮ ਆਦਮੀ ਸਰਕਾਰ ਨੇ ਦਰਾਂ ਵਿੱਚ 200/300 ਫੀਸਦੀ ਵਾਧਾ ਕਰਕੇ ਬਿਜਲੀ ਮੁਫਤ ਦੇਣ ਦਾ ਡਰਾਮਾ ਕਰ ਦਿੱਤਾ ਹੈ। ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਦੀ ਜੇਬ ਵਿਚੋਂ 3000 ਕਰੋੜ ਰੁਪਏ ਵਸੂਲਣ ਦਾ ਪ੍ਰਬੰਧ ਕੀਤਾ ਗਿਆ । ਉਨ੍ਹਾਂ ਅੱਗੇ ਦੱਸਿਆ ਕਿ 11 ਜੁਲਾਈ ਨੂੰ ਇਸ ਵਧੇ ਹੋਏ ਰੇਟ ਤੋਂ ਪ੍ਰਭਾਵਿਤ ਲੋਕਾਂ ਦੀ ਮੀਟਿੰਗ ਕਰਕੇ ਅਗਲੇਰੀ ਰਣਨੀਤੀ ਬਣਾਈ ਜਾਵੇਗੀ। ਮੀਟਿੰਗ ਦੇ ਸਮੇਂ ਅਤੇ ਸਥਾਨ ਬਾਰੇ ਬਾਅਦ ਵਿਚ ਜਾਣਕਾਰੀ ਦਿੱਤੀ ਜਾਵੇਗੀ।
Share the post "ਜਮੀਨਾਂ ਦੇ ਦੋ-ਤਿੰਨ ਗੁਣਾ ਕੁਲੈਕਟਰ ਰੇਟ ਵਧਾਕੇ ਸਰਕਾਰ ਨੇ ਆਮ ਆਦਮੀ ’ਤੇ ਪਾਇਆ ਬੋਝ: ਐਡਵੋਕੇਟ ਮੋਹਨ ਲਾਲ ਗਰਗ"