ਸੁਖਜਿੰਦਰ ਮਾਨ
ਬਠਿੰਡਾ, 26 ਫਰਵਰੀ: ਜ਼ਿਲ੍ਹੇ ਦੇ ਪਿੰਡ ਚਨਾਰਥਲ ਵਿਖੇ ਕਰੀਬ ਦੋ ਮਹੀਨੇ ਪਹਿਲਾਂ ਸਾਗ ਖਾਣ ਬਜ਼ੁਰਗ ਜੋੜੇ ਦੀ ਰਹੱਸਮਈ ਹਾਲਾਤਾਂ ’ਚ ਹੋਈ ਮੌਤ ਦੇ ਮਾਮਲੇ ਵਿਚ ਹੁਣ ਕੋਟਫੱਤਾ ਪੁਲਿਸ ਨੇ ਮਿ੍ਰਤਕ ਜੋੜੇ ਦੀ ਗੁਆਂਢਣ ਔਰਤ ਵਿਰੁਧ ਕਤਲ ਦਾ ਪਰਚਾ ਦਰਜ਼ ਕੀਤਾ ਹੈ। ਇਹ ਪਰਚਾ ਉਕਤ ਜੋੜੇ ਦੇ ਪੁੱਤਰ ਨੇ ਦਰਜ਼ ਕਰਵਾਇਆ ਹੈ, ਜਿਸਦੀ ਹਾਲਾਤ ਵੀ ਸਾਗ ਕਾਰਨ ਕਾਫ਼ੀ ਨਾਜੁਕ ਹੋ ਗਈ ਸੀ। ਹਾਲਾਂਕਿ ਹਾਲੇ ਤੱਕ ਇਹ ਗਲ ਸਾਹਮਣੇ ਨਹੀਂ ਆਈ ਕਿ ਕਥਿਤ ਮੁਜਰਮ ਬਣਾਈ ਗਈ ਔਰਤ ਨੇ ਅਜਿਹਾ ਕਿਉਂ ਕੀਤਾ ਸੀ ? ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਕੋਟਫੱਤਾ ਦੇ ਮੁਖੀ ਗੁਰਵਿੰਦਰ ਸਿੰਘ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹਰਪ੍ਰੀਤ ਸਿੰਘ ਦੇ ਬਿਆਨਾਂ ਉਪਰ ਮਨਦੀਪ ਕੌਰ ਵਿਰੁਧ ਧਾਰਾ 302,307 ਅਤੇ 328 ਆਈ.ਪੀ.ਸੀ ਤਹਿਤ ਪਰਚਾ ਦਰਜ਼ ਕੀਤਾ ਗਿਆ ਹੈ। ਜਿਕਰਯੋਗ ਹੈ ਕਿ 4 ਦਸੰਬਰ ਨੂੰ ਵਾਪਰੀ ਇਸ ਘਟਨਾ ਵਿਚ ਪਹਿਲਾਂ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਸੀ। ਘਟਨਾ ਸਮੇਂ ਮਨਦੀਪ ਕੌਰ ਪੀੜਤਾਂ ਦੇ ਘਰ ਸਰੋ ਦਾ ਸਾਗ ਦੇ ਕੇ ਗਈ ਸੀ, ਜਿਸਨੂੰ ਖ਼ਾਣ ਤੋਂ ਬਾਅਦ ਸੁਰਜੀਤ ਕੌਰ ਤੇ ਮੁੜ ਉਸਦੀ ਪਤਨੀ ਚਰਨਜੀਤ ਕੌਰ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਸਿਕਾਇਤਕਰਤਾ ਹਰਪ੍ਰੀਤ ਸਿੰਘ ਦੀ ਹਾਲਾਤ ਵੀ ਵਿਗੜ ਗਈ ਸੀ ਤੇ ਉਸਨੂੰ ਇਲਾਜ਼ ਲਈ ਕਾਫ਼ੀ ਲੰਮਾ ਸਮਾਂ ਇੱਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਰਹਿਣਾ ਪਿਆ। ਹਰਪ੍ਰੀਤ ਸਿੰਘ ਨੇ ਪੁਲਿਸ ਕੋਲ ਦਰਜ਼ ਕਰਵਾਏ ਬਿਆਨਾਂ ਵਿਚ ਦਾਅਵਾ ਕੀਤਾ ਹੈ ਕਿ ਮਨਦੀਪ ਕੌਰ ਨੇ ਸਾਗ ਵਿਚ ਜ਼ਹਿਰੀਲੀ ਚੀਜ਼ ਪਾ ਕੇ ਉਸ ਦੇ ਪਰਿਵਾਰ ਨੂੰ ਖ਼ਤਮ ਕਰਨ ਦੀ ਸਾਜ਼ਸ ਰਚੀ ਸੀ। ਦਸਣਾ ਬਣਦਾ ਹੈ ਕਿ ਸਭ ਤੋਂ ਪਹਿਲਾਂ ਸਿਕਾਇਤਕਰਤਾ ਦੀ ਮਾਤਾ ਚਰਨਜੀਤ ਕੌਰ ਦੀ ਸਾਗ ਖਾਣ ਨਾਲ ਹਾਲਤ ਖਰਾਬ ਹੋਈ ਸੀ ਤੇ ਉਸ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਚਰਨਜੀਤ ਕੌਰ ਦੀ ਮੌਤ ਹੋ ਗਈ। ਹਾਲੇ ਆਢ-ਗੁਆਂਢ ਵਾਲੇ ਚਰਨਜੀਤ ਕੌਰ ਦੀ ਲਾਸ ਘਰ ਲੈ ਕੇ ਵਾਪਸ ਆਏ ਸਨ ਤਾਂ ਸੁਰਜੀਤ ਸਿੰਘ ਦੀ ਹਾਲਾਤ ਵੀ ਵਿਗੜੀ ਹੋਈ ਸੀ ਤੇ ਉਸਨੂੰ ਵੀ ਇਲਾਜ ਲਈ ਹਸਪਤਾਲ ਲਿਜਾਇਆ ਗਿਆਸੀ, ਜਿੱਥੈ ਉਸਨੇ ਵੀ ਦਮ ਤੋੜ ਦਿੱਤਾ ਸੀ। ਉਸਤੋਂ ਬਾਅਦ ਹਰਪ੍ਰੀਤ ਦੀ ਹਾਲਤ ਖਰਾਬ ਹੋ ਗਈਤੇ ਉਸਨੂੰ ਵੀ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਪਤਾ ਲੱਗਿਆ ਹੈ ਕਿ ਪੀੜਤ ਪ੍ਰਵਾਰ ਦੀ ਆਰਥਿਕ ਹਾਲਾਤ ਠੀਕ ਠਾਕ ਹੀ ਹੈ।
Share the post "ਜਹਿਰੀਲਾ ਸਾਗ ਕਾਰਨ ਬਜ਼ੁਰਗ ਜੋੜੇ ਦੀ ਹੋਈ ਮੌਤ ਦੇ ਮਾਮਲੇ ’ਚ ਗੁਆਂਢਣ ਵਿਰੁਧ ਪਰਚਾ ਦਰਜ਼"