ਮੈਕਸ ਵਿਖੇ ਮਨਾਇਆ ਵਿਸ਼ਵ ਡਾਇਬਟੀਜ ਹੈਲਥ ਮੇਲਾ
30 ਬੱਚਿਆਂ ਨੂੰ ਮੁਫ਼ਤ ਇਲਾਜ਼ ਲਈ ਕੀਤੀ ਸਿਹਤ ਕਾਰਡਾਂ ਦੀ ਵੰਡ
ਸੁਖਜਿੰਦਰ ਮਾਨ
ਬਠਿੰਡਾ, 14 ਨਵੰਬਰ : ਦੇਸ਼ ਭਾਵੇਂ ਵਿਗਿਆਨ ਦੇ ਖੇਤਰ ਵਿੱਚ ਅੱਗੇ ਵੱਧ ਚੁੱਕਾ ਹੈ, ਪਰ ਫ਼ਿਰ ਵੀ ਮੌਜੂਦਾ ਸਮੇਂ ਹਰ ਥਾਂ ਜਾਂ ਹਰ ਘਰ ਕੋਈ ਨਾ ਕੋਈ ਬਿਮਾਰ ਵਿਅਕਤੀ ਜ਼ਰੂਰ ਮਿਲਦਾ ਹੈ। ਜਿਸ ਵਿੱਚ ਸੁਧਾਰ ਲਈ ਸਾਨੂੰ ਆਪਣੇ ਜਿਉਣ ਦੇ ਢੰਗ ਤੇ ਖਾਣ-ਪੀਣ ਦੀਆਂ ਵਸਤਾਂ ਨੂੰ ਸੁਧਾਰਣਾ ਸਮੇਂ ਦੀ ਮੁੱਖ ਲੋੜ ਤੇ ਲਾਜ਼ਮੀ ਹੈ, ਜੇਕਰ ਅਸੀਂ ਚੰਗੀ ਸੰਤੁਲਿਤ ਖੁਰਾਕ ਖਾਵਾਂਗੇ ਤਾਂ ਹੀ ਤੁੰਦਰੁਸਤ ਜੀਵਤ ਬਤੀਤ ਕਰਾਂਗੇ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਥਾਨਕ ਮੈਕਸ ਹਸਪਤਾਲ ਵਿਖੇ ਮਨਾਏ ਗਏ ਵਿਸ਼ਵ ਡਾਇਬਟੀਜ਼ ਹੈਲਥ ਮੇਲੇ ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ 14 ਨਵੰਬਰ ਦਾ ਦਿਹਾੜਾ ਹਰ ਸਾਲ ਵਿਸ਼ਵ ਡਾਈਬੀਟੀਜ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸਾਨੂੰ ਸਭ ਨੂੰ ਇਸ ਦਿਹਾੜੇ ਮੌਕੇ ਪ੍ਰਣ ਕਰਨਾ ਚਾਹੀਦਾ ਹੈ ਅਤੇ ਖ਼ਾਸ ਤੌਰ ਤੇ ਆਪਣੀਆਂ ਖਾਣ-ਪੀਣ ਦੀਆਂ ਵਸਤਾਂ ਤੇ ਲਾਇਫ਼ ਸਟਾਇਲ ਨੂੰ ਜ਼ਰੂਰ ਸੁਧਾਰਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਬਿਮਾਰੀ ਦੇ ਮੁੱਢਲੇ ਸਮੇਂ ਸਾਨੂੰ ਮਾਹਰ ਡਾਕਟਰਾਂ ਤੋਂ ਆਪਣਾ ਚੈੱਕਅੱਪ ਤੇ ਉਨ੍ਹਾਂ ਸਲਾਹ ਨਾਲ ਹੀ ਇਸ ਦਾ ਇਲਾਜ਼ ਕਰਵਾਉਣਾ ਚਾਹੀਦਾ ਹੈ। ਡਾਕਟਰਾਂ ਦੀ ਸਲਾਹ ਅਨੁਸਾਰ ਹੀ ਆਪਣੇ ਖਾਣ-ਪੀਣ ਦੀਆਂ ਵਸਤਾਂ ਦਾ ਇਸਤੇਮਾਲ ਕਰਨਾ ਅਤੇ ਜਿਨ੍ਹਾਂ ਖਾਣ-ਪੀਣ ਦੀ ਵਸਤਾਂ ਤੋਂ ਡਾਕਟਰਾਂ ਵਲੋਂ ਰੋਕਿਆਂ ਜਾਂਦਾ ਹੈ ਉਸ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਲੋਕਾਂ ਨੂੰ ਸ਼ੂਗਰ ਦੀ ਬਿਮਾਰੀ ਦੇ ਬਚਾਅ ਦੇ ਬਾਰੇ ਵੀ ਜਾਗਰੂਕ ਕੀਤਾ ਜਿਵੇ ਕਿ ਘਿਓ, ਤੇਲ ਤੇ ਚੀਨੀ ਦਾ ਘੱਟ ਇਸਤੇਮਾਲ ਕਰਨਾ, ਫਲ ਤੇ ਸਬਜ਼ੀ ਦਾ ਜਿਆਦਾ ਇਸਤੇਮਾਲ ਕਰਨਾ, ਰੋਜਾਨਾ ਅੰਧਾ ਘੰਟਾ ਸੈਰ ਸ਼ਾਮਿਲ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਸ਼ੂਗਰ ਦੀ ਬੀਮਾਰੀ ਦੇ ਲੱਛਣ ਜਿਵੇ ਕਿ ਵਾਰ-ਵਾਰ ਪੇਸ਼ਾਬ ਆਉਣਾ, ਪਿਆਸ ਲੱਗਣਾ, ਥਕਾਵਟ ਤੇ ਕਮਜੋਰੀ, ਜਿਆਦਾ ਭੁੱਖ ਲੱਗਣਾ, ਜਖਮ ਦਾ ਦੇਰੀ ਨਾਲ ਠੀਕ ਹੋਣਾ ਆਦਿ ਸਬੰਧੀ ਜਾਣੂ ਕਰਵਾਇਆ। ਇਸ ਦੌਰਾਨ ਮੈਕਸ ਹਸਪਤਾਲ ਵਲੋਂ 18 ਸਾਲ ਤੋਂ ਘੱਟ ਉਮਰ ਦੇ ਡਾਇਬਟੀਜ਼ ਤੋਂ ਪੀੜ੍ਹਤ 30 ਬੱਚਿਆਂ ਨੂੰ 25 ਸਾਲ ਦੀ ਉਮਰ ਤੱਕ ਉਨ੍ਹਾਂ ਦਾ ਮੁਫ਼ਤ ਇਲਾਜ਼ ਕਰਨ ਸਬੰਧੀ ਸਿਹਤ ਕਾਰਡਾਂ ਦੀ ਵੰਡ ਕੀਤੀ ਗਈ। ਇਸ ਮੌਕੇ ਪੀੜ੍ਹਤ ਬੱਚਿਆਂ ਵਲੋਂ ਸੱਭਿਆਚਾਰਕ ਗੀਤ, ਸਕਿੱਟਾਂ ਅਤੇ ਨੁੱਕੜ ਨਾਟਕ, ਭੰਗੜਾ ਤੇ ਥੀਏਟਰ ਦੀ ਵਿਦਿਆਰਥਣ ਇਬਾਦਤ ਨੇ ਤੇਜ਼ਾਬੀ ਹਮਲੇ ਤੇ ਹੋਰ ਔਰਤਾਂ ਤੇ ਹੋਣ ਵਾਲੇ ਅੱਤਿਆਚਾਰ ਸਮੇਂ ਦਲੇਰੀ ਨਾਲ ਟਾਕਰਾ ਕਰਨ ਨੂੰ ਦਰਸਾਉਂਦਾ ਹੋਇਆ ਇੱਕ ਨੁਕੜ ਨਾਟਕ ਵੀ ਪੇਸ਼ ਕੀਤਾ ਗਿਆ। ਇਸ ਦੌਰਾਨ ਮੈਕਸ ਦੇ ਜੀਐਮ ਡਾ. ਸੰਦੀਪ ਸਿੰਘ, ਡਾ. ਸੁਸ਼ੀਲ ਕੋਟਰੂ ਤੋਂ ਇਲਾਵਾ ਸਮੁੱਚਾ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਸਨ।
Share the post "ਜਿਉਣ ਦੇ ਢੰਗ ਤੇ ਖਾਣ-ਪੀਣ ਦੀਆਂ ਵਸਤਾਂ ਨੂੰ ਸੁਧਾਰਣਾ ਸਮੇਂ ਦੀ ਮੁੱਖ ਲੋੜ : ਡਿਪਟੀ ਕਮਿਸ਼ਨਰ"