ਸੁਖਜਿੰਦਰ ਮਾਨ
ਬਠਿੰਡਾ, 25 ਦਸੰਬਰ: ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਇਕਾਈ ਬਠਿੰਡਾ ਨੇ ਜੀਦਾ ਪਿੰਡ ਵਿਚ ਦਲਿਤਾਂ ਤੇ ਕੀਤੇ ਵਹਿਸ਼ੀ ਜਬਰ ਲਈ ਮੰਨੂਵਾਦੀ ਮਾਨਸਿਕਤਾ ਅਤੇ ਸਰਕਾਰ ਤੇ ਪੁਲਸ ਪ੍ਰਸ਼ਾਸਨ ਦੀ ਬੇਰੁਖ਼ੀ ਨੂੰ ਜ਼ਿੰਮੇਵਾਰ ਠਹਿਰਾਇਅਾ ਹੈ। ਅੱਜ ਇਥੇ ਜਾਰੀ ਕੀਤੀ ਗਈ ਇੱਕ ਪੜਤਾਲੀਆ ਰਿਪੋਰਟ ਵਿਚ ਜ਼ਿਲਾ ਪ੍ਰਧਾਨ ਪ੍ਰਿੰ ਬੱਗਾ ਸਿੰਘ ਤੇ ਪੈ੍ਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਦੱਸਿਆ ਕਿ ਉਪਰੋਕਿਤ ਘਟਨਾ ਦੀ ਡੂੰਘਾਈ ਨਾਲ ਪੜਤਾਲ ਕਰਨ ਲਈ ਸਭਾ ਨੇ ਇਕ ਤੱਥ ਖੋਜ ਕਮੇਟੀ ਗਠਿਤ ਕੀਤੀ,ਜਿਸ ਚ ਪਿ੍ੰ ਰਣਜੀਤ ਸਿੰਘ,ਐਨ ਕੇ ਜੀਤ,ਪ੍ਰਿਤਪਾਲ ਸਿੰਘ, ਪਰਮਜੀਤ ਸਿੰਘ,ਮੰਦਰ ਜੱਸੀ, ਭੋਜਰਾਜ ਤੇ ਮਨੋਹਰਦਾਸ ਸ਼ਾਮਲ ਹੋਏ। ਸਭਾ ਦੀ ਟੀਮ ਵਲੋਂ ਕੀਤੀ ਜਨਤਕ ਸੁਣਵਾਈ ਵਿਚ ਪੀੜਤ ਪਰਿਵਾਰ ਤੇ ਪਿੰਡ ਦੇ ਦਲਿਤ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਤੋਂ ਇਲਾਵਾ ਜਾਂਚ ਕਮੇਟੀ ਮਜ਼ਦੂਰ, ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਅਾਂ,ਥਾਣਾ ਨਈਅਾਂ ਵਾਲੇ ਦੇ ਅੈਸਅੈਚਓ ਅਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਜੇ ਈ ਨੂੰ ਵੀ ਮਿਲੀ। ਪਿੰਡ ਦੀ ਮਹਿਲਾ ਸਰਪੰਚ ਤੇ ਸ਼ਹੀਦ ਭਗਤ ਸਿੰਘ ਲਾਇਬਰੇਰੀ ਵਾਲਿਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ। ਕੇਸਾਂ ਵਿੱਚ ਜ਼ਮਾਨਤ ਮਿਲਣ ਤੋਂ ਪਿੱਛੋਂ ਰਿਹਾਅ ਹੋ ਕੇ ਆਏ ਤੇ ਤਸ਼ੱਦਦ ਤੋਂ ਪੀਡ਼ਤ ਦਲਿਤ ਨੌਜਵਾਨਾਂ (ਧਰਮਪੀ੍ਤ ਬਲਜਿੰਦਰ ਸਿੰਘ ਤੇ ਪਰਮਜੀਤ ਸਿੰਘ) ਦੀ ਹੱਡਬੀਤੀ ਵਿਥਿਅਾ ਵੀ ਦਰਜ ਕੀਤੀ ਗਈ। ਕਮੇਟੀ ਅਨੁਸਾਰ 12 ਤੇ 13 ਜੁਲਾਈ ਨੂੰ ਬਿਜਲੀ ਦੀਆਂ ਮੋਟਰਾਂ ਦੀਆਂ ਤਾਰਾਂ, ਟਰਾਂਸਫਾਰਮਰਾਂ ਚੋਂ ਤੇਲ ਤੇ ਤਾਂਬਾ ਚੋਰੀ ਕਰਨ ਦੇ ਸ਼ੱਕ ਵਿੱਚ ਪਿੰਡ ਦੇ ਦਲਿਤ ਪੀ੍ਵਾਰਾਂ ਦੇ ਨੌਜਵਾਨਾਂ ਨੂੰ ਦੋ ਦਿਨ ਬੇਰਹਿਮੀ ਨਾਲ ਛੱਲੀਆਂ ਦੀ ਤਰ੍ਹਾਂ ਕੁੱਟਿਆ ਜਾਂਦਾ ਰਿਹਾ। ਸਭਾ ਨੇ ਮੰਗ ਕੀਤੀ ਹੈ ਕਿ ਅੈਸਸੀ/ਅੈਸਟੀ ਅੈਕਟ ਤੇ ਹੋਰ ਕਨੂੰਨੀ ਧਾਰਾਵਾਂ ਤਹਿਤ ਕਾਰਵਾਈ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਜਿਨ੍ਹਾਂ ਪੁਲਸ ਅਧਿਕਾਰੀਆਂ ਨੇ ਪਤਾ ਲੱਗਣ ਦੇ ਬਾਵਜੂਦ ਘਟਨਾਵਾਂ ਨੂੰ ਰੋਕਣ ਲਈ ਕੁਝ ਨਹੀਂ ਕੀਤਾ,ਉਲਟਾ ਨੌਜਵਾਨਾਂ ਨੂੰ ਹੀ ਝੂਠੇ ਕੇਸ ਵਿੱਚ ਫਸਾਇਅਾ ਉਹਨਾਂ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਵੇ। ਨਸ਼ਿਆਂ ਦੀ ਸਪਲਾਈ ਰੋਕਣ ਲਈ ਨਸ਼ਾ ਤਸਕਰਾਂ ਵਿਰੁੱਧ ਕਾਰਵਾੲੀ ਕੀਤੀ ਜਾਵੇ। ਕੁੱਟਮਾਰ ਤੋਂ ਪੀੜਤ ਨੌਜਵਾਨਾਂ ਖ਼ਿਲਾਫ਼ ਦਰਜ ਕੀਤੇ ਚੋਰੀ ਦੇ ਝੂਠੇ ਕੇਸ ਰੱਦ ਕੀਤੇ ਜਾਣ।
Share the post "ਜੀਦਾ ਪਿੰਡ ਦੇ ਦਲਿਤਾਂ ‘ਤੇ ਜਬਰ ਲਈ ਮੰਨੂਵਾਦੀ ਮਾਨਸਿਕਤਾ ਅਤੇ ਸਰਕਾਰੀ ਬੇਰੁਖ਼ੀ ਜ਼ਿੰਮੇਵਾਰ -ਜਮਹੂਰੀ ਅਧਿਕਾਰ ਸਭਾ"