ਰਾਮ ਸਿੰਘ ਕਲਿਆਣ
ਨਥਾਣਾ, 2 ਜੂਨ : ਉੱਨੀ ਸੌ ਚੁਰਾਸੀ ਦਾ ਅਪਰੇਸ਼ਨ ਬਲਿਊ ਸਟਾਰ ਬਾਰੇ ਸੁਣਨ ਅਤੇ ਪੜ੍ਹਨ ਵਾਲਿਆ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ,ਪਰ ਜਦੋਂ ਕੋਈ ਉਸ ਹਮਲੇ ਨੂੰ ਆਪਣੇ ਪਿੰਡੇ ਉੱਤੇ ਹੰਢਾਉਂਣ ਦੀ ਦਾਸਤਾਨ ਹੈ ਦੱਸਦਾ ਹੈ ਤਾਂ ਉਸ ਹਮਲੇ ਤਾਂ ਸੱਚ ਸੁਣ ਕੇ ਰੂਹ ਕੰਬ ਉੱਠਦੀ ਹੈ। ਬਲਾਕ ਨਥਾਣਾ ਦੇ ਪਿੰਡ ਬੱਜੋਆਣਾ ਦੇ ਬਜ਼ੁਰਗ ਬੰਤ ਸਿੰਘ ਪੁੱਤਰ ਦਲੀਪ ਸਿੰਘ ਨੇ ਦੱਸਿਆ ਕਿ 1 ਜੂਨ ਦੀਆ ਰੇਡੀਓ ਖਬਰਾਂ ਰਾਹੀ ਸੰਤ ਹਰਚੰਦ ਸਿੰਘ ਲੌਂਗੋਵਾਲ ਵੱਲੋਂ ਸੰਗਤ ਨੂੰ ਸ੍ਰੀ ਗੁਰੂ ਅਰਜਨ ਦੇਵ ਜੀੀ ਦੇੇ ਦਿਹਾੜੇ ਮੌਕੇ ਸ੍ਰੀ ਅਮ੍ਰਿਤਸਰ ਸਾਹਿਬ ਪਹੁੰਚਣ ਦਾ ਬੁਲਾਵਾ ਭੇਜਿਆ । ਉਨ੍ਹਾਂ ਕਿਹਾ ਕਿ ਉਹ ਆਪਣੇ ਦੋ ਸਾਥੀਆਂ ਬਾਬੂ ਸਿੰਘ ਪੁੱਤਰ ਰਾਮਤਾ ਸਿੰਘ ਅਤੇ ਭਗਵਾਨ ਸਿੰਘ ਪੁੱਤਰ ਜੰਗ ਸਿੰਘ ਸਮੇਤ ਮਿੱਤੀ 2 ਜੂਨ ਨੂੰ ਆਪਣੇ ਪਿੰਡ ਤੋੋਂ ਚੱਲ ਪਏ ਅਤੇ ਰਾਤ ਸਰਹਾਲੀ ਵਿਖੇ ਕੱਟੀ । 3 ਜੂਨ ਨੂੰ ਕਰੀਬ 10 ਵਜੇ ਦਰਬਾਰ ਸਾਹਿਬ ਕੰਪਲੈਕਸ ਵਿਖੇ ਪਹੁੰਚ ਗਏ। ਸ੍ਰੀ ਦਰਬਾਰ ਸਾਹਿਬ ਦੇ ਨਜਦੀਕ ਗੁਰਦੁਆਰਾ ਪਾਤਸ਼ਾਹੀ ਪੰਜਵੀ ਵਿਖੇ ਭੋਗ ਤੋਂ ਉਪਰੰਤ ਧਾਰਮਿਕ ਅਤੇ ਰਾਜਨੀਤਕ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਚੰਦ ਸਿੰਘ ਲੌਂਗੋਵਾਲ ਦੀਆਂ ਸਟੇਜਾਂ ਵੱਖਰੀਆਂ ਵੱਖਰੀਆ ਸਨ। ਜਦੋ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਕੇ ਆ ਰਹੇ ਸਨ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆਪਣੇ ਸਾਥੀਆਂ ਨਾਲ ਜਾ ਰਹੇ ਸਨ, ਉਨ੍ਹਾਂ ਨੇ ਕਿਹਾ ਕਿ 4 ਜੂਨ ਨੂੰ ਫੌਜ ਵੱਲੋਂ ਕੀਤੇ ਜਾਣ ਵਾਲੇ ਸੰਭਾਵੀ ਹਮਲੇ ਸਬੰਧੀ ਪੁਖ਼ਤਾ ਜਾਣਕਾਰੀ ਆਗੂਆਂ ਕੋਲ ਪਹੁੰਚ ਗਈ ਸੀ ਅਤੇ ਉਨ੍ਹਾਂ ਨੇ ਸਮੂਹ ਸੰਗਤ ਚੌਕਸ ਕਰ ਦਿੱਤਾ। 4 ਜੂਨ ਨੂੰ ਸਵੇਰੇ 4 ਵਜੇ ਬਹੁਤ ਤੇਜ ਗੋਲੀਬਾਰੀ ਅਤੇ ਖੜਾਕ ਸੁਰੂ ਹੋ ਗਿਆ, ਪਾਣੀ ਵਾਲੀ ਟੈਂਕੀ ਲਗਭਗ ਸਵੇਰੇ 9 ਵਜੇ ਦੇ ਕਰੀਬ ਢਾਹੀ ਗਈ ।ਬੰਤ ਸਿੰਘ ਨੇ ਦੱਸਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਸੱਦੇ ਉੱਤੇ ਗਏ ਸਨ ਅਤੇ ਗੁਰੂ ਰਾਮਦਾਸ ਸਰਾਂ ਵਿਚ ਘਿਰ ਗਏ ਅਤੇ 4 ਜੂਨ ਸਵੇਰੇ ਚਾਰ ਵਜੇ ਤੋਂ ਲੈ ਕੇ 6 ਜੂਨ ਸਵੇਰੇ 6 ਵਜੇ ਤੱਕ ਲਗਾਤਾਰ ਗੋਲੀਬਾਰੀ ਹੁੰਦੀ ਰਹੀ ਇਸ ਤੋ ਬਾਅਦ ਪੁਲਿਸ ਅਤੇ ਫੌਜ ਵੱਲੋਂ ਉਨ੍ਹਾਂ ਨੂੰ ਸਰਾਵਾਂ ਵਿੱਚ ਆ ਕੇ ਘੇਰਾ ਪਾ ਲਿਆ ਅਤੇ ਔਰਤਾਂ ਤੇ ਮਰਦਾਂ ਨੂੰ ਵੱਖ ਵੱਖ ਕਰਕੇ 60-60 ਮੈਂਬਰੀ ਜਥੇ ਬਣਾਕੇ ਸਰਾਵਾਂ ਵਾਲੀ ਸੜਕ ਰਾਹੀਂ ਟੈਂਕੀ ਨਜ਼ਦੀਕ ਖੜ੍ਹੀਆਂ ਬੱਸਾਂ ਵਿੱਚ ਡੱਕ ਦਿੱਤਾ, ਜਿੱਥੋ ਅਟਾਰੀ ਰੋਡ ਤੇ ਸਥਿਤ ਇੱਕ ਕਾਲਜ ਵਿਚ 28 ਦਿਨ ਬੰਦ ਰੱਖਿਆ । ਬੰਤ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪੁਲਸ ਅਤੇ ਫੌਜ ਦੀ 6 ਜੂੂਨ ਨੂੂੰ ਘੇਰਾਬੰਦੀ ਵਿਚ ਗੁਰੂ ਰਾਮਦਾਸ ਸਰਾਂ ਵਿੱਚੋ ਬਾਹਰ ਕੱਢਿਆ ਗਿਆ ਤਾਂ ਟੈਂਕੀ ਵਾਲੀ ਸੜਕ ਉੱਤੇ ਬੱਚਿਆ, ਔਰਤਾਂ, ਨੌਜਵਾਨਾਂ ਅਤੇ ਬਜ਼ੁਰਗਾਂ ਦੀਆਂ ਲਾਸ਼ਾਂ ਹੀ ਲਾਸ਼ਾਂ ਸਨ, ਇਹ ਮੰਜਰ ਦੇਖਕੇ ਉਨਾਂ ਨੇ ਵੀ ਸੋਚਿਆ ਕਿ ਸਾਨੂੰ ਬੱਸਾਂ ਵਿੱਚ ਬੰਦ ਕਰਕੇ ਕਿਸੇ ਦਰਿਆ ਵਿੱਚ ਰੋੜ ਦਿੱਤਾ ਜਾਵੇਗਾ। ਜਦੋ ਉਸ ਬੱਸ ਚੜਨ ਸਮੇ ਉਸ ਪਿੱਛੇ ਮੁੜ ਕੇ ਲਾਸ਼ਾਂ ਦੇਖਣ ਦੀ ਕੋਸ਼ਿਸ਼ ਕੀਤੀ ਤਾ ਬੱਸ ਦੀ ਵਾਰੀ ਵਿੱਚ ਖੜੇ ਇੱਕ ਮੁਲਾਜ਼ਮ ਨੇ ਉਸਦੇ ਸਿਰ ਵਿੱਚ ਲੋਹੇ ਦਾ ਸਰੀਆ ਮਾਰਿਆ ਅਤੇ ਸਿਰ ਵਿੱਚੋ ਖੂਨ ਵਗ ਤੁਰਿਆ ਉਸਦੇ ਸਾਰੇ ਕੱਪੜੇ ਖੂਨ ਨਾਲ ਲੱਥ ਪੱਥ ਹੋ ਗਏ । ਅਟਾਰੀ ਸੜਕ ਤੇ ਸਥਿਤ ਜਿਸ ਕਾਲਜ ਉਨ੍ਹਾਂ ਨੂੰ ਰੱਖਿਆ ਗਿਆ ਉਥੇ ਬੰਦੀਆ ਲਈ ਰੋਟੀ ਪਾਣੀ ਦੇ ਪ੍ਰਬੰਧ ਦਾ ਠੇਕਾ ਇੱਕ ਠੇਕੇਦਾਰ ਦਾ ਲਿਆ ਹੋਇਆ ਸੀ। ਠੇਕੇਦਾਰ ਵੱਲੋ ਆਟਾ, ਦਾਲ ਸਬਜੀ ਬਹੁਤ ਘਟੀਆ ਕਿਸਮ ਦਿੱਤੀ ਜਾਂਦੀ ਸੀ ਅਤੇ ਲੰਗਰ ਬੰਦੀ ਖੁਦ ਤਿਆਰ ਕਰਦੇ ਸਨ। ਸੁਰੂਆਤੀ ਦਿੱਨਾਂ ਵਿੱਚ ਇੱਕ ਕਮਰੇ ਵਿੱਚ 60 ਬੰਦੀਆ ਨੂੰ 24 ਘੰਟੇ ਲਈ ਸਿਰਫ ਇੱਕ ਘੜਾ ਪਾਣੀ ਦਾ ਦਿੱਤਾ ਜਾਂਦਾ ਸੀ। ਕੱਪੜਿਆ, ਬਿਜਲੀ ਦਾ ਕੋਈ ਪ੍ਰਬੰਧ ਨਹੀ ਸੀ । ਕਈ ਦਿਨ ਪੜਤਾਲ ਚਲਦੀ ਰਹੀ ਅਤੇ 28 ਦਿਨਾਂ ਬਾਅਦ ਉਨ੍ਹਾਂ ਨੂੰ ਕੇਂਦਰੀ ਜੇਲ ਅੰਮ੍ਰਿਤਸਰ ਵਿਖੇ ਭੇਜ ਦਿੱਤਾ ਗਿਆ ਜਿੱਥੇ ਬੰਦੀਆ ਦੀ ਸਨਾਖਤ ਕੀਤੀ ਗਈ। ਸਨਾਖਤ ਉਪਰੰਤ ਸਾਰੇ ਬੰਦੀਆ ਨੂੰ ਉਨਾਂ ਦੇ ਇਲਾਕੇ ਅਨੁਸਾਰ ਜ਼ਿਲ੍ਹਾ ਜੇਲ੍ਹਾ ਵਿੱਚ ਭੇਜ ਦਿੱਤਾ ਗਿਆ। ਬੰਤ ਸਿੰਘ ਨੇ ਦੱਸਿਆ ਕਿ ਉਸ ਨੂੰ ਸਾਥੀਆ ਸਮੇਤ ਜਿੱਲਾ ਜੇਲ ਬਠਿੰਡਾ ਵਿੱਚੋ ਰਿਹਾਅ ਕਰ ਦਿੱਤਾ। ਇਸ ਸਮੇ ਦੌਰਾਨ ਉਨ੍ਹਾਂ ਬਾਰੇ ਘਰ ਕੋਈ ਥਹੁ ਪਤਾ ਨਹੀਂ ਸੀ। ਇਸ ਕਰਕੇ ਉਨ੍ਹਾਂ ਨੇ ਅਤੇ ਪਰਿਵਾਰ ਨੇ ਬਹੁਤ ਹੀ ਦੁੱਖ ਭਰਿਆ ਸਮਾਂ ਹੰਢਾਇਆ। ਬਜ਼ੁਰਗ ਬੰਤ ਸਿੰਘ ਨੇ ਦੱਸਿਆ ਕਿ ਉਹ ਕੋਈ ਹਥਿਆਰ ਬੰਦ ਸੰਘਰਸ਼ ਲਈ ਨਹੀ ਸੀ ਗਏ। ਸਿਰਫ ਸਾਤਮਈ ਵਿਰੋਧ ਕਰਨ ਕਰਨ ਗਏ ਸਨ ਪਰ ਫਿਰ ਵੀ ਉਹਨਾਂ ਨਾਲ ਜੋ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਧੱਕਾ ਕੀਤਾ ਗਿਆ ਅੱਜ ਵੀ ਯਾਦ ਕਰਕੇ ਬਹੁਤ ਦੁੱਖ ਹੁੰਦਾ ਹੈ।
Share the post "ਜੂਨ 84 ਦੇ ਹਮਲੇ ਦੌਰਾਨ 3 ਦਿਨ ਨਾ ਮਿਲਿਆ ਲੰਗਰ-ਪਾਣੀ, ਲਾਸ਼ਾਂ ਉਪਰੋਂ ਦੀ ਲੰਘ ਕੇ ਨਿਕਲੇ ਬਾਹਰ"