ਬਰਾਬਰ ਆਬਾਦੀ ਤੇ ਵੱਧ ਸ਼ਹਾਦਤਾਂ ਦੇ ਆਧਾਰ ’ਤੇ ਕਸ਼ਮੀਰੀ ਪੰਡਤਾਂ ਦੇ ਬਰਾਬਰ ਹੱਕ ਮੰਗਿਆ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 31 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਦੇਸ਼ਭਗਤ ਸਿੱਖ ਕੌਮ ਲਈ ਕਸ਼ਮੀਰ ਵਾਦੀ ਅਤੇ ਜੰਮੂ ਸੂਬੇ ਵਿਚ ਉਸੇ ਤਰੀਕੇ ਦੋ ਸੀਟਾਂ ਰਾਖਵੀਂਆਂ ਰੱਖੀਆਂ ਜਾਣ ਜਿਵੇਂ ਕਸ਼ਮੀਰੀ ਪੰਡਤਾਂ ਵਾਸਤੇ ਰੱਖੀਆਂ ਗਈਆਂ ਹਨ।ਉਹਨਾਂ ਕਿਹਾ ਕਿ ਪਹਿਲੇ ਜੰਮੂ-ਕਸ਼ਮੀਰ ਸੂਬੇ ਵਿਚ ਵਾਦੀ ਵਿਚ ਸਿੱਖਾਂ ਨਾਲ ਉਹੀ ਵਤੀਰਾ ਹੋਇਆ ਜੋ ਨਾਲ ਦੀਆਂ ਘੱਟ ਗਿਣਤੀ ਕੌਮਾਂ ਨਾਲ ਹੋਇਆ। ਅਜਿਹੇ ਵਿਚ ਉਹਨਾਂ ਨੂੰ ਵੀ ਹੋਰਨਾਂ ਦੇ ਬਰਾਬਰ ਹੱਕ ਮਿਲਣਾ ਚਾਹੀਦਾ ਹੈ ਤੇ ਬਰਾਬਰ ਗਿਣਿਆ ਜਾਣਾ ਚਾਹੀਦਾ ਹੈ। ਸ: ਬਾਦਲ ਨੇ ਕੇਂਦਰ ਸਰਕਾਰ ਨੂੰ ਇਹ ਵੀ ਆਖਿਆ ਕਿ ਮਕਬੂਜ਼ਾ ਕਸ਼ਮੀਰ ਵਾਸਤੇ ਰੱਖੀਆਂ 8 ਸੀਟਾਂ ਬਹਾਲ ਕੀਤੀਆਂ ਜਾਣ ਅਤੇ ਮਕਬੂਜ਼ਾ ਕਸ਼ਮੀਰ ਤੋਂ ਉਜੜ ਕੇ ਆਏ ਤੇ ਹੁਣ ਜੰਮੂ-ਕਸ਼ਮੀਰ ਵਿਚ ਰਹਿ ਰਹੇ ਲੋਕਾਂ ਵਾਸਤੇ ਰਾਖਵੀਂਆਂ ਕੀਤੀਆਂ ਜਾਣ।ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਲਿਖੇ ਪੱਤਰਾਂ ਵਿਚ ਸ: ਬਾਦਲ ਨੇ ਕਿਹਾ ਕਿ ਸਿੱਖ ਕੌਮ ਖਾਸ ਤੌਰ ’ਤੇ ਜੰਮੂ-ਕਸ਼ਮੀਰ ਤੋ ਸਿੱਖਾਂ ਨੇ ਹੋਰ ਮੁੱਦਿਆਂ ਦੇ ਨਾਲ-ਨਾਲ ਇਹ ਮੰਗਾਂ ਜੰਮੂ-ਕਸ਼ਮੀਰ ਸੂਬੇ ਦੇ ਸਿੱਖ ਆਗੂਆਂ ਰਾਹੀਂ ਵਾਰ ਵਾਰ ਚੁੱਕੀਆਂ ਹਨ। ਉਹਨਾਂ ਕਿਹਾ ਕਿ 1947 ਤੋਂ ਘੱਟ ਗਿਣਤੀ ਸਿੱਖ ਕੌਮ ਦੇ ਮੈਂਬਰ ਜੰਮੂ-ਕਸ਼ਮੀਰ ਵਿਚ ਰਹਿ ਰਹੇ ਹਨ ਤੇ ਉਹਨਾਂ ਨੇ ਵੀ ਉਹੀ ਮੁਸ਼ਕਿਲਾਂ ਤੇ ਤਸ਼ੱਦਦ ਝੱਲਿਆ ਹੈ ਜੋ ਕਸ਼ਮੀਰੀ ਪੰਡਤਾਂ ਨੇ ਝੱਲਿਆ। ਸਿੱਖ ਕੌਮ ਸਿਰਫ ਇਹ ਚਾਹੁੰਦੀ ਹੈ ਕਿ ਉਹਨਾਂ ਨੂੰ ਵੀ ਕਸ਼ਮੀਰੀ ਪੰਡਤਾਂ ਦੇ ਬਰਾਬਰ ਗਿਣਿਆ ਜਾਵੇ। ਉਨ੍ਹਾਂ ਕਸ਼ਮੀਰੀ ਪੰਡਤਾਂ ਨੂੰ ਦੋ ਸੀਟਾਂ ਦੇਣ ਦੇ ਕਦਮ ਦਾ ਸਵਾਗਤ ਕੀਤਾ ਤੇ ਕਿਹਾ ਕਿ ਇਸ ਨਾਲ ਉਜੜ ਕੇ ਆਏ ਲੋਕਾਂ ਨੂੰ ਕੌਮੀ ਮੁੱਖ ਧਾਰਾ ਵਿਚ ਸ਼ਾਮਲ ਕੀਤਾ ਜਾ ਸਕੇਗਾ। ਉਹਨਾਂ ਕਿਹਾ ਕਿ ਜਿਸ ਭਾਵਨਾ ਨਾਲ ਕਸ਼ਮੀਰੀ ਪੰਡਤਾਂ ਨੂੰ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ ਹੈ, ਉਹੀ ਭਾਵਨਾ ਸਿੱਖ ਕੌਮ ’ਤੇ ਲਾਗੂ ਕੀਤੀ ਜਾਵੇ ਕਿਉਂਕਿ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ 3.5 ਲੱਖ ਉਜੜ ਕੇ ਆਏ ਸਿੱਖ ਸੂਬੇ ਵਿਚ ਰਹਿ ਰਹੇ ਹਨ।ਉਹਨਾਂ ਕਿਹਾ ਕਿ ਜੇਕਰ ਸਿੱਖ ਕੌਮ ਦੀ ਇਹ ਵਾਜਬ ਮੰਗ ਉਸੇ ਭਾਵਨਾ ਨਾਲ ਪ੍ਰਵਾਨ ਨਹੀਂ ਕੀਤੀ ਜਾਂਦੀ ਜਿਵੇਂ ਕਸ਼ਮੀਰੀ ਪੰਡਤਾਂ ਲਈ ਕੀਤੀ ਗਈ ਹੈ ਤਾਂ ਦੇਸ਼ ਭਗਤ ਸਿੱਖ ਕੌਮ ਸਮਝੇਗੀ ਕਿ ਉਸ ਨਾਲ ਬਹੁਤ ਵੱਡਾ ਵਿਤਕਰਾ ਹੋ ਰਿਹਾ ਹੈ।ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਸਿੱਖ ਹਮੇਸ਼ਾ ਪਾਕਿਸਤਾਨੀ ਫੌਜ ਅਤੇ ਸਰਹੱਦ ਤੋਂ ਆਉਂਦੇ ਘੁਸਪੈਠੀਆਂ ਖਿਲਾਫ ਡੱਟ ਕੇ ਲੜੇ ਹਨ ਤੇ ਕਸ਼ਮੀਰ ਦੇ ਨਾਲ-ਨਾਲ ਦੇਸ਼ ਦੀ ਖੇਤਰੀ ਅਖੰਡਤਾਂ ਦੀ ਵਿਦੇਸ਼ੀ ਹਮਲਿਆਂ ਤੋਂ ਲੰਬੇ ਸਮੇਂ ਤੋਂ ਰਾਖੀ ਕੀਤੀ ਹੈ। ਜਦੋਂ ਅਤਿਵਾਦ ਸਿਖ਼ਰ ’ਤੇ ਸੀ, ਉਸ ਵੇਲੇ ਵੀ ਜੰਮੂ-ਕਸ਼ਮੀਰ ਦੇ ਸਿੱਖ ਘਰ ਛੱਡ ਕੇ ਨਹੀਂ ਭੱਜੇ। ਉਲਟਾ ਉਹਨਾਂ ਨੂੰ ਆਪਣੀ ਦੇਸ਼ਭਗਤੀ ਦਾ ਭਾਰੀ ਮੁੱਲ ਮਾਰਨਾ ਪਿਆ ਤੇ ਚਿੱਟੀਸਿੰਘਪੁਰਾ ਦੇ 36 ਲੋਕਾਂ ਸਮੇਤ 200 ਲੋਕਾਂ ਦੀਆਂ ਜਾਨਾਂ ਗਈਆਂ।ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਹੋਰ ਕਿਹਾ ਕਿ ਸਿੱਖ ਨਾ ਸਿਰਫ ਕੌਮੀ ਘੱਟ ਗਿਣਤੀ ਹਨ ਸਗੋਂ ਜੰਮੂ-ਕਸ਼ਮੀਰ ਵਿਚ ਵੀ ਘੱਟ ਗਿਣਤੀ ਵਿਚ ਹਨ ਤੇ ਸਿਰਫ 3.5 ਲੱਖ ਸਿੱਖ ਸੂਬੇ ਵਿਚ ਰਹਿੰਦੇ ਹਨ। ਇਹ ਗਿਣਤੀ ਤਕਰੀਬਨ ਕਸ਼ਮੀਰੀ ਪੰਡਤਾਂ ਦੇ ਬਰਾਬਰ ਹੈ।1947 ਤੋਂ ਉਜੜ ਕੇ ਆਏ 3.5 ਸਿੱਖਾਂ ਤੋਂ ਇਲਾਕਾ ਮਕਬੂਜ਼ਾ ਕਸ਼ਮੀਰ ਤੋਂ ਉਜੜ ਕੇ ਆਏ 1 ਲੱਖ ਲੋਕ ਵੀ ਜੰਮੂ ਕਸ਼ਮੀਰ ਵਿਚ ਰਹਿ ਰਹੇ ਹਨ। ਮਕਬੂਜ਼ਾ ਕਸ਼ਮੀਰ ਤੋਂ ਉਜੜੇ ਲੋਕ ਜੰਮੂ-ਕਸ਼ਮੀਰ ਨੂੰ ਬਚਾਉਣ ਵਿਚ ਸਭ ਤੋਂ ਮੋਹਰੀ ਸਨ ਜਿਹਨਾਂ ਨੇ ਪਾਕਿਸਤਾਨੀ ਫੌਜ ਤੇ ਕਬਾਇਲੀ ਹਮਲਾਵਰਾਂ ਤੋਂ ਸੂਬੇ ਦੀ ਰਾਖੀ ਕੀਤੀ ਤੇ 40000 ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਸੱਤ ਦਹਾਕਿਆਂ ਤੱਕ ਸੰਘਰਸ਼ ਝੱਲਿਆ ਤੇ ਦੁੱਖ ਤਕਲੀਫਾਂ ਸਹੀਆਂ। ਇਹਨਾਂ ਨੂੰ ਵੀ ਬਣਦੀ ਪ੍ਰਤੀਨਿਧਤਾ ਦੇਣੀ ਚਾਹੀਦੀ ਹੈ। ਇਹਨਾਂ 16 ਲੱਖ ਲੋਕਾਂ ਵਿਚ 70 ਫੀਸਦੀ ਹਿੰਦੂ ਤੇ 30 ਫੀਸਦੀ ਸਿੱਖ ਹਨ।ਉਹਨਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਸੰਵਿਧਾਨ ਮੁਤਾਬਕ ਮਕਬੂਜ਼ਾ ਕਸ਼ਮੀਰ ਲਈ 24 ਸੀਟਾਂ ਰੱਖੀਆਂ ਗਈਆਂ ਹਨ। ਜੇਕਰ ਅਸੀਂ ਮਕਬੂਜ਼ਾ ਕਸ਼ਮੀਰ ਵਿਚ ਆਬਾਦੀ ਦਾ ਹਿਸਾਬ ਲਗਾਈਏ ਤਾਂ ਵੇਖਾਂਗੇ ਕਿ 16 ਲੱਖ ਅਜਿਹੇ ਲੋਕ ਜੰਮੂ-ਕਸ਼ਮੀਰ ਵਿਚ ਰਹਿ ਰਹੇ ਹਨ ਜਿਹਨਾਂ ਲਈ ਮਕਬੂਜ਼ਾ ਕਸ਼ਮੀਰ ਵਾਸਤੇ ਰੱਖੀਆਂ 24 ਸੀਟਾਂ ਵਿਚੋਂ 8 ਸੀਟਾਂ ਇਹਨਾਂ ਲੋਕਾਂ ਲਈ ਰੱਖੀਆਂ ਜਾਣੀਆਂ ਚਾਹੀਦੀਆਂ ਹਨ।
Share the post "ਜੰਮੂ-ਕਸ਼ਮੀਰ ’ਚ ਸਿੱਖਾਂ ਲਈ ਦੋ ਸੀਟਾਂ ਰਾਖਵੀਂਆਂ ਰੱਖਣ ਲਈ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਲਿਖਿਆਂ ਪੱਤਰ"