ਸੁਖਜਿੰਦਰ ਮਾਨ
ਬਠਿੰਡਾ, 7 ਫ਼ਰਵਰੀ: ਨਜ਼ਦੀਕੀ ਪਿੰਡ ਜੱਸੀ ਪੌ ਵਾਲੀ ਵਿਖੇ ਅੱਜ ਸਰਕਾਰੀ ਡਿੱਪੂ ‘ਤੇ ਆਈ ਕਣਕ ਕਰੋਨਾ ਵੈਕਸੀਨ ਲੱਗਣ ਵਾਲਿਆਂ ਨੂੰ ਵੰਡਣ ਦੇ ਮਾਮਲੇ ਨੂੰ ਲੈ ਕੇ ਵਿਵਾਦ ਹੋਣ ਦੀ ਸੂਚਨਾ ਹੈ। ਡਿੱਪੂ ਹੋਲਡਰ ਦੁਆਰਾ ਇਸ ਮਾਮਲੇ ’ਚ ਸਖ਼ਤ ਰੁੱਖ ਅਪਣਾਉਣ ਦੇ ਚੱਲਦਿਆਂ ਵੱਡੀ ਗਿਣਤੀ ਵਿਚ ਪਿੰਡ ਵਾਸੀ ਇਕੱਠੇ ਹੋ ਗਏ ਤੇ ਉਨ੍ਹਾਂ ਪੰਜਾਬ ਸਰਕਾਰ ਤੇ ਡਿੱਪੂ ਹੋਲਡਰ ਵਿਰੁਧ ਨਾਅਰੇਬਾਜ਼ੀ ਵੀ ਕੀਤੀ। ਮਿਲੀ ਸੂਚਨਾ ਮੁਤਾਬਕ ਪਿੰਡ ’ਚ ਪਿਛਲੇ ਲੰਮੇ ਸਮਂੇ ਤੋਂ ਬਾਅਦ ਅੱਜ ਡਿੱਪੂ ’ਤੇ ਨੀਲੇ ਕਾਰਡ ਹੋਲਡਰਾਂ ਨੂੰ ਵੰਡਣ ਲਈ ਕਣਕ ਆਈ ਹੋਈ ਸੀ। ਇਸਦਾ ਪਤਾ ਲੱਗਦੇ ਹੀ ਵੱਡੀ ਗਿਣਤੀ ਵਿਚ ਪਿੰਡ ਵਾਸੀ ਇਕੱਤਰ ਹੋ ਗਏ ਪ੍ਰੰਤੂ ਡਿਪੂ ਹੋਲਡਰ ਨੇ ਐਲਾਨ ਕਰ ਦਿੱਤਾ ਕਿ ਜਿੰਨ੍ਹਾਂ ਕਾਰਡ ਹੋਲਡਰਾਂ ਦੇ ਕਰੋਨਾ ਵੈਕਸੀਨ ਲੱਗੀ ਹੋਵੇਗੀ, ਉਨ੍ਹਾਂ ਨੂੰ ਹੀ ਕਣਕ ਦਿੱਤੀ ਜਾਵੇਗੀ। ਇਸ ਮੁੱਦੇ ਨੂੰ ਲੈ ਕੇ ਪਿੰਡ ਵਾਸੀ ਭੜਕ ਉੱਠੇ ਤੇ ਉਨ੍ਹਾਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਘਟਨਾ ਦਾ ਪਤਾ ਲੱਗਣ ’ਤੇ ਫ਼ੂਡ ਸਪਲਾਈ ਵਿਭਾਗ ਦੇ ਅਧਿਕਾਰੀ ਵੀ ਮੌਕੇ ’ਤੇ ਪੁੱਜੇ ਤੇ ਸਥਿਤੀ ਨੂੰ ਸੰਭਾਲਿਆ। ਪਿੰਡ ਦੇ ਲੋਕਾਂ ਨੇ ਦੋਸ਼ ਲਗਾਇਆ ਕਿ ਜਾਣਬੁੱਝ ਕੇ ਅਜਿਹੇ ਫ਼ਰਮਾਨ ਜਾਰੀ ਕੀਤੇ ਜਾ ਰਹੇ ਹਨ ਤਾਂ ਕਿ ਲੋੜਵੰਦਾਂ ਨੂੰ ਕਣਕ ਨਾ ਦਿੱਤੀ ਜਾਵੇ। ਉਧਰ ਡਿੱਪੂ ਹੋਲਡਰ ਨੇ ਮਾਮਲਾ ਉਚ ਅਧਿਕਾਰੀਆਂ ’ਤੇ ਸੁੱਟਦਿਆਂ ਦਾਅਵਾ ਕੀਤਾ ਕਿ ਉਸਨੂੰ ਅਜਿਹੀਆਂ ਹਿਦਾਇਤਾਂ ਉਪਰਲੇ ਅਧਿਕਾਰੀਆਂ ਨੇ ਦਿੱਤੀਆਂ ਹਨ, ਜਿੰਨ੍ਹਾਂ ਨੂੰ ਮੰਨਣਾ ਉਸਦੇ ਲਈ ਲਾਜਮੀ ਹੈ। ਜਦੋਂਕਿ ਅਧਿਕਾਰੀਆਂ ਨੇ ਪਿੰਡ ਵਾਲਿਆਂ ਦਾ ਰੋਹ ਦੇਖਦਿਆਂ ਦਾਅਵਾ ਕੀਤਾ ਕਿ ਸਰਕਾਰ ਦੇ ਆਦੇਸ਼ਾਂ ਮੁਤਾਬਕ ਹਰੇਕ ਨਾਗਰਿਕ ਦੇ ਕਰੋਨਾ ਟੀਕਾਕਰਨ ਲਈ ਹੀ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਕਿਹਾ ਗਿਆ ਸੀ।
Share the post "ਜੱਸੀ ’ਚ ਡਿੱਪੂ ’ਤੇ ਕਣਕ ਵੰਡਣ ਨੂੰ ਵਿਵਾਦ, ਪਿੰਡ ਵਾਲਿਆਂ ਨੇ ਕੀਤੀ ਨਾਅਰੇਬਾਜ਼ੀ"