ਪੰਜਾਬੀ ਖ਼ਬਰਸਾਰ ਵਿਸ਼ੇਸ ਖ਼ਬਰ
ਮਨਪ੍ਰੀਤ ਮੰਨਾ ਦਾ ਭਰਾ ਸੀ ਮੁੱਖ ਸਾਜ਼ਸਕਰਤਾ, 3 ਲੱਖ ਦੀ ਫ਼ਿਰੌਤੀ ਗਈ ਸੀ ਮੰਗੀ, ਹੁਣ ਤੱਕ ਸੱਤ ਗ੍ਰਿਫਤਾਰ,315 ਤੇ 312 ਦੇ ਦੋ ਪਿਸਤੌਲ ਬਰਾਮਦ
ਸੁਖਜਿੰਦਰ ਮਾਨ
ਬਠਿੰਡਾ, 16 ਜਨਵਰੀ: ਲੰਘੀ 14 ਜਨਵਰੀ ਦੀ ਦੇਰ ਰਾਤ ਜ਼ਿਲ੍ਹੇ ਦੇ ਇਤਿਹਾਸਕ ਕਸਬੇ ਤਲਵੰਡੀ ਸਾਬੋ ਦੇ ਇੱਕ ਹਸਪਤਾਲ ਦੇ ਡਾਕਟਰ ਦਿਨੇਸ਼ ਉਪਰ ਫਿਰੌਤੀ ਲਈ ਗੋਲੀਆਂ ਚਲਾਉਣ ਵਾਲਿਆਂ ਨੂੰ ਪੁਲਿਸ ਨੇ ਮੁਕਾਬਲੇ ਤੋਂ ਬਾਅਦ ਅੱਧੀ ਰਾਤ ਤਲਵੰਡੀ ਨਜਦੀਕ ਪਿੰਡ ਗੁਰੂਸਰ ਕੋਲੋ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਕਾਬਲੇ ਵਿਚ ਗ੍ਰਿਫਤਾਰ ਕੀਤੇ ਨੌਜਵਾਨਾਂ ਦੀ ਪਹਿਚਾਣ ਬੀਨੂੰ ਅਤੇ ਦਵਿੰਦਰ ਵਜੋਂ ਹੋਈ ਹੈ। ਵੀਨੂੰ ਤਲਵੰਡੀ ਸਾਬੋ ਦਾ ਹੀ ਰਹਿਣ ਵਾਲਾ ਹੈ ਜਦੋਂਕਿ ਦਵਿੰਦਰ ਬਰਾੜ ਦਾ ਪਿੰਡ ਮਹਿਮਾ ਸਰਜ਼ਾ ਦਸਿਆ ਜਾ ਰਿਹਾ, ਜਿਸ ਉਪਰ ਇਸਤੋਂ ਪਹਿਲਾਂ ਵੀ ਲੁੱਟ-ਖੋਹ ਅਤੇ ਕੁੱਟਮਾਰ ਸਹਿਤ ਅੱਧੀ ਦਰਜ਼ਨ ਦੇ ਕਰੀਬ ਪਰਚੇ ਦਰਜ਼ ਹਨ। ਡਾਕਟਰ ਦੇ ਹਸਪਤਾਲ ਅੰਦਰ ਜਾ ਕੇ ਗੋਲੀ ਕਾਂਡ ਦੀ ਘਟਨਾ ਨੂੰ ਅੰਜਾਮ ਇੰਨਾਂ ਦੋਨਾਂ ਵਲੋਂ ਹੀ ਦਿੱਤਾ ਗਿਆ ਸੀ। ਜਦੋਂਕਿ ਇਸ ਕਾਂਡ ਦਾ ਮੁੱਖ ਸਾਜਸ਼ਕਰਤਾ ਚਰਚਿਤ ਗੈਂਗਸਟਰ ਮਨਪ੍ਰੀਤ ਮੰਨਾ ਦਾ ਰਿਸ਼ਤੇਦਾਰੀ ਵਿਚੋਂ ਲੱਗਦਾ ਭਰਾ ਪ੍ਰਦੀਪ ਦਸਿਆ ਜਾ ਰਿਹਾ ਹੈ। ਜਿਸਦੇ ਇਸ਼ਾਰੇ ’ਤੇ ਹੀ ਇਹ ਘਟਨਾ ਵਾਪਰੀ ਦਸੀ ਜਾ ਰਹੀ ਹੈ। ਪੁਲਿਸ ਸੂਤਰਾਂ ਮੁਤਾਬਕ ਇਸ ਕਾਂਡ ’ਚ ਜਿੰਮੇਵਾਰ ਸਾਰੇ ਨੌਜਵਾਨਾਂ, ਜਿੰਨ੍ਹਾਂ ਵਿਚ ਪ੍ਰਦੀਪ ਸਿੰਘ, ਬੀਨੂੰ ਸਿੰਘ, ਦਵਿੰਦਰ ਸਿੰਘ, ਚੀਨਾ, ਮੰਨਾ, ਪਰਮ ਅਤੇ ਇੱਕ ਹੋਰ ਸ਼ਾਮਲ ਹੈ, ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਵੀਨੂੰ ਦਾ ਬਠਿੰਡਾ ਸਥਿਤ ਹਸਪਤਾਲ ਵਿਚ ਇਲਾਜ਼ ਚੱਲ ਰਿਹਾ ਹੈ। ਇੰਨਾਂ ਕੋਲੋਂ ਦੋ ਪਿਸਤੌਲ 315 ਅਤੇ 312 ਬੋਰ ਅਤੇ ਇਕ ਡਸਟਰ ਗੱਡੀ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਸੂਤਰਾਂ ਮੁਤਾਬਕ ਪੁਲਿਸ ਮੁਕਾਬਲੇ ਤੋਂ ਪਹਿਲਾਂ ਹੀ ਪੰਜ ਨੌਜਵਾਨਾਂ ਨੂੰ ਪੁਲਿਸ ਨੇ ਚੂੱਕ ਲਿਆ ਸੀ ਪ੍ਰੰਤੂ ਬੀਨੂੰ ਅਤੇ ਦਵਿੰਦਰ ਦੇ ਗੁਰੂਸਰ ਕੋਲ ਲੁਕੇ ਹੋਣ ਬਾਰੇ ਪਤਾ ਚੱਲਿਆ ਸੀ। ਜਦ ਪੁਲਿਸ ਨੇ ਘੇਰਾਬੰਦੀ ਕਰਕੇ ਦੋਨਾਂ ਨੂੰ ਕਾਬੂ ਕਰਨਾ ਚਾਹਿਆ ਤਾਂ ਉਨ੍ਹਾਂ ਪੁਲਿਸ ਉਪਰ ਗੋਲੀ ਚਲਾ ਦਿੱਤੀ, ਹਾਲਾਂਕਿ ਪੁਲਿਸ ਦੇ ਕਿਸੇ ਮੁਲਾਜਮ ਨੂੰ ਗੋਲੀ ਨਹੀਂ ਲੱਗੀ ਪ੍ਰੰਤੂ ਜਵਾਬੀ ਕਾਰਵਾਈ ਵਿਚ ਬੀਨੂੰ ਦੇ ਲੱਤਾਂ ਵਿਚ ਗੋਲੀਆਂ ਲੱਗੀਆਂ, ਜਿਸ ਕਾਰਨ ਜਖਮੀ ਹੋਏ ਬੀਨੂੰ ਨੂੰ ਕਾਬੂ ਕਰਕੇ ਹਸਪਤਾਲ ਭਰਤੀ ਕਰਵਾਇਆ ਗਿਆ। ਜਦੋਂਕਿ ਉਸਦੇ ਦੂਜੇ ਸਾਥੀ ਦਵਿੰਦਰ ਬਰਾੜ ਨੂੰ ਅੱਧੀ ਰਾਤ ਤੱਕ ਚੱਲੇ ਸਰਚ ਅਪਰੇਸ਼ਨ ਦੌਰਾਨ ਕਾਬੂ ਕੀਤਾ ਗਿਆ। ਇਸ ਸਾਰੇ ਅਪਰੇਸ਼ਨ ਦੀ ਅਗਵਾਈ ਖੁਦ ਐਸ.ਐਸ.ਪੀ ਜੇ.ਇਲਨਚੇਲੀਅਨ ਵਲੋਂ ਕੀਤੀ ਗਈ, ਜਿੰਨ੍ਹਾਂ ਵਲੋਂ ਅੱਜ ਇਸ ਮਾਮਲੇ ਵਿਚ ਇੱਕ ਪ੍ਰੈਸ ਕਾਨਫਰੰਸ ਕਰਕੇ ਸਾਰੇ ਤੱਥਾਂ ਨੂੰ ਜਨਤਾ ਸਾਹਮਣੇ ਰੱਖਿਆ ਜਾ ਰਿਹਾ ਹੈ। ਪੁਲਿਸ ਸੂਤਰਾਂ ਮੁਤਾਬਕ ਇਹ ਸਾਰੀ ਘਟਨਾ ਨੂੰ ਡਾਕਟਰ ਤੋਂ ਫ਼ਿਰੌਤੀ ਨਾ ਮਿਲਣ ਕਾਰਨ ਅੰਜਾਮ ਦਿੱਤਾ ਗਿਆ ਸੀ ਤੇ ਬਦਮਾਸ਼ਾਂ ਨੇ ਡਾਕਟਰ ਕੋਲੋ ਤਿੰਨ ਲੱਖ ਰੁਪਏ ਦੀ ਫ਼ਿਰੌਤੀ ਮੰਗੀ ਸੀ। ਸੂਤਰਾਂ ਮੁਤਾਬਕ 14 ਜਨਵਰੀ ਦੀ ਦੇਰ ਰਾਤ ਬੀਨੂੰ ਅਤੇ ਦਵਿੰਦਰ ਆਪਣੇ ਇਕ ਸਾਥੀ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਨੱਤ ਰੋਡ ’ਤੇ ਸਥਿਤ ਡਾਕਟਰ ਦਿਨੇਸ਼ ਦੇ ਹਸਪਤਾਲ ਰਾਜ ਨਰਸਿੰਗ ਹੋਮ ਵਿਚ ਗਏ ਸਨ, ਜਿੱਥੇ ਵੀਨੂੰ ਅਤੇ ਦਵਿੰਦਰ ਦੋਨੋਂ ਹਸਪਤਾਲਦੇ ਅੰਦਰ ਚਲੇ ਗਏ ਅਤੇ ਪਰਚੀ ਕਟਵਾਉਣ ਤੋਂ ਬਾਅਦ ਉਹ ਡਾਕਟਰ ਦੇ ਕੈਬਿਨ ਵਿਚ ਅੰਦਰ ਗਏ, ਜਿੱਥੇ ਉਨ੍ਹਾਂ ਡਾਕਟਰ ਦੀ ਪ੍ਰਦੀਪ ਨਾਲ ਗੱਲ ਕਰਵਾਈ, ਜਿਸਨੇ ਖੁਦ ਗੈਂਗਸਟਰ ਮਨਪ੍ਰੀਤ ਮੰਨਾ ਦਸਦਿਆਂ ਆਪਣੇ ਬੰਦਿਆਂ ਨੂੰ ਤਿੰਨ ਲੱਖ ਰੁਪਏ ਦੇਣ ਲਈ ਕਿਹਾ ਪਰੰਤੂ ਡਾਕਟਰ ਵੱਲੋਂ ਜਵਾਬ ਦੇਣ ‘ਤੇ ਦਵਿੰਦਰ ਡਾਕਟਰ ਨਾਲ ਹੱਥੋਪਾਈ ਹੋ ਗਿਆ ਜਦੋਂ ਕਿ ਬੀਨੂੰ ਨੇ ਡਾਕਟਰ ਉਪਰ ਗੋਲੀਆਂ ਚਲਾ ਦਿੱਤੀਆਂ ,ਜਿਸ ਕਾਰਨ ਡਾਕਟਰ ਜਖ਼ਮੀ ਹੋ ਗਿਆ ਸੀ ਤੇ ਬਾਅਦ ਵਿਚ ਉਸਨੂੰ ਇਲਾਜ਼ ਲਈ ਮੈਕਸ ਹਸਪਤਾਲ ਅੰਦਰ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧ ਵਿਚ 14 ਜਨਵਰੀ ਨੂੰ ਹੀ ਤਲਵੰਡੀ ਸਾਬੋ ਪੁਲਿਸ ਵਲੋਂ ਚਮਨ ਲਾਲ ਦੇ ਬਿਆਨਾਂ ਉਪਰ ਮੁਕੱਦਮਾ ਨੰਬਰ 9 ਅਧੀਨ ਧਾਰਾ 307,34 ਆਈ.ਪੀ.ਸੀ ਅਤੇ 25/54/59 ਆਰਮਜ਼ ਐਕਟ ਤਹਿਤ ਕੇਸ ਦਰਜ਼ ਕਰ ਲਿਆ ਸੀ ਅਤੇ ਇਸ ਮੁਕੱਦਮੇ ਵਿਚ ਉਕਤ ਮੁਜ਼ਰਮਾਂ ਨੂੰ ਨਾਮਜਦ ਕਰ ਲਿਆ ਹੈ।
Share the post "ਡਾਕਟਰ ਦਿਨੇਸ਼ ਉਪਰ ਫ਼ਿਰੌਤੀ ਲੈਣ ਲਈ ਗੋਲੀਆਂ ਚਲਾਉਣ ਵਾਲੇ ਬਦਮਾਸ਼ ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ"