ਗੈਂਗਸਟਰਵਾਦ ਅਤੇ ਨਸ਼ਿਆਂ ਦਾ ਪੰਜਾਬ ਵਿਚੋਂ ਸਫਾਇਆ ਕਰਨਾ ਮੁੱਖ ਏਜੰਡਾ :ਗੌਰਵ ਯਾਦਵ
ਸੁਖਜਿੰਦਰ ਮਾਨ
ਐਸਏਐਸ ਨਗਰ, 5 ਜੁਲਾਈ :ਪੰਜਾਬ ਪੁਲੀਸ ਦੇ ਨਵ ਨਿਯੁਕਤ ਡੀਜੀਪੀ ਸ੍ਰੀ ਯਾਦਵ ਵੱਲੋਂ ਅੱਜ ਮੋਹਾਲੀ ਦੇ ਮਟੌਰ ਥਾਣੇ ਅਤੇ ਫੇਜ਼ ਅੱਠ ਥਾਣੇ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਡੀਆਈਜੀ ਰੂਪਨਗਰ ਰੇਂਜ, ਸ੍ਰੀ ਵਿਵੇਕ ਸ਼ੀਲ ਸੋਨੀ ਐੱਸਐੱਸਪੀ ਐਸਏਐਸ ਨਗਰ ਮੌਜੂਦ ਸਨ l ਡੀਜੀਪੀ ਸ੍ਰੀ ਗੌਰਵ ਯਾਦਵ ਵੱਲੋਂ ਮਟੌਰ ਥਾਣੇ ਅਤੇ ਫੇਜ਼ ਅੱਠ ਸਥਿਤ ਥਾਣੇ ਦੇ ਮਾਲਖਾਨੇ, ਬੈਰਕਾਂ ਅਤੇ ਕੰਟੀਨ ਆਦਿ ਦਾ ਨਿਰੀਖਣ ਕੀਤਾ ਗਿਆ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਬਾਰੇ ਵੀ ਜਾਣਕਾਰੀ ਲਈ ਗਈ l
ਇਸ ਮੌਕੇ ਆਪਣੀ ਇਸ ਅਚਨਚੇਤ ਚੈਕਿੰਗ ਦਾ ਮਹੱਤਵ ਦੱਸਦੇ ਹੋਏ ਡੀਜੀਪੀ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੀ ਇਹ ਕੋਸ਼ਿਸ਼ ਸੀ ਕਿ ਉਹ ਖ਼ੁਦ ਆਪ ਥਾਣਿਆਂ ਵਿੱਚ ਜਾ ਕੇ ਪੁਲੀਸ ਫੋਰਸ ਦੀ ਵਰਕਿੰਗ ਨੂੰ ਚੈੱਕ ਕਰਨ ਅਤੇ ਵੇਖਣ ਕਿ ਜੇਕਰ ਕਿਤੇ ਕੋਈ ਕਮੀ ਹੈ ਤਾਂ ਉਸ ਨੂੰ ਪਹਿਲ ਦੇ ਆਧਾਰ ਤੇ ਦਰੁਸਤ ਕੀਤਾ ਜਾ ਸਕੇ l ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਫੋਰਸ ਦੀਆਂ ਇਹ ਪ੍ਰਾਥਮਿਕਤਾਵਾਂ ਹਨ ਕਿ ਡਰੱਗਜ਼ ਦੇ ਖ਼ਿਲਾਫ਼ ਗੈਂਗਸਟਰਵਾਦ ਦੇ ਖ਼ਿਲਾਫ਼ ਢੁੱਕਵੀਂ ਕਾਰਵਾਈ ਕਰ ਕੇ ਇਸ ਨੂੰ ਪੰਜਾਬ ਵਿੱਚੋਂ ਜੜ੍ਹ ਤੋਂ ਖਤਮ ਕਰਨਾ ਅਤੇ ਪੰਜਾਬ ਦੇ ਵਸਨੀਕਾਂ ਨੂੰ ਉੱਤਮ ਕਾਨੂੰਨ ਤੇ ਵਿਵਸਥਾ ਦੇਣਾ l ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇਹ ਏਜੰਡਾ ਰਹੇਗਾ ਕਿ ਪੰਜਾਬ ਪੁਲਿਸ ਦੀ ਬੇਸਿਕ ਪੁਲੀਸਿੰਗ ਨੂੰ ਦਰੁਸਤ ਕੀਤਾ ਜਾਵੇ ਅਤੇ ਪੁਲੀਸ ਤੇ ਆਮ ਨਾਗਰਿਕਾਂ ਨਾਲ ਸਬੰਧਾਂ ਨੂੰ ਹੋਰ ਬਿਹਤਰ ਬਣਾਇਆ ਜਾਵੇ l ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਵੀ ਪੁਲੀਸ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਮੁੱਖ ਤੌਰ ਤੇ ਨਸ਼ਿਆਂ ਅਤੇ ਗੈਂਗਸਟਰਵਾਦ ਨੂੰ ਪੰਜਾਬ ਵਿੱਚੋਂ ਜੜ੍ਹੋਂ ਖ਼ਤਮ ਕਰਨਾ ਹੈ ਜਿਸ ਵਿੱਚ ਉਹ ਦਿਨ ਰਾਤ ਲੱਗੇ ਹੋਏ ਹਨ ਅਤੇ ਇਸ ਦਾ ਖਾਤਮਾ ਛੇਤੀ ਹੀ ਪੰਜਾਬ ਵਿੱਚ ਕਰ ਦੇਣਗੇ l
Share the post "ਡੀਜੀਪੀ ਗੌਰਵ ਯਾਦਵ ਵੱਲੋਂ ਮੋਹਾਲੀ ਦੇ ਮਟੌਰ ਥਾਣੇ ਅਤੇ ਫੇਸ ਅੱਠ ਥਾਣੇ ਦਾ ਅਚਨਚੇਤ ਨਿਰੀਖਣ"