9 Views
ਸੁਖਜਿੰਦਰ ਮਾਨ
ਬਠਿੰਡਾ, 14 ਨਵੰਬਰ: ਲੰਘੀ 10 ਨਵੰਬਰ ਦੀ ਸਵੇਰ ਨੂੰ ਕੋਟਕਪੂਰਾ ਸ਼ਹਿਰ ਚ ਇਕ ਡੇਰਾ ਪ੍ਰੇਮੀ ਦੇ ਹੋਏ ਦਿਨ ਦਿਹਾੜੇ ਕਤਲ ਦੇ ਮਾਮਲੇ ਵਿਚ ਬੀਤੀ ਰਾਤ ਪੁਲੀਸ ਨੇ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਇਕ ਥਾਣੇਦਾਰ ਦੇ ਪੁੱਤਰ ਨੂੰ ਹਿਰਾਸਤ ਵਿੱਚ ਲਿਆ ਹੈ। ਪਤਾ ਲੱਗਿਆ ਹੈ ਕਿ ਉਕਤ ਨੌਜਵਾਨ ਜੋ ਕਿ ਇੱਕ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਨੂੰ ਪਟਿਆਲਾ ਸ਼ਹਿਰ ਵਿੱਚੋਂ ਪੁਲਿਸ ਵੱਲੋਂ ਚੁੱਕਿਆ ਗਿਆ ਹੈ। ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਉਕਤ ਨੌਜਵਾਨ ਦੇ ਫੋਨ ਉੱਪਰ ਗੈਂਗਸਟਰਾਂ ਦੀ ਕਾਲ ਆਈ ਹੋਈ ਸੀ,ਜਿਸਦੇ ਚੱਲਦੇ ਉਸ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਉਕਤ ਨੌਜਵਾਨ ਨੂੰ ਹਿਰਾਸਤ ਵਿੱਚ ਲੈਣ ਦੀ ਪੁਸ਼ਟੀ ਕਿਸੇ ਉੱਚ ਅਧਿਕਾਰੀ ਵੱਲੋਂ ਨਹੀਂ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਉਕਤ ਨੌਜਵਾਨ ਦਾ ਪਿਤਾ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਇਲਾਕੇ ਵਿੱਚ ਬਤੌਰ ਸਬ ਇੰਸਪੈਕਟਰ ਵਜੋਂ ਤਾਇਨਾਤ ਹੈ। ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਡੇਰਾ ਪ੍ਰੇਮੀ ਪ੍ਰਦੀਪ ਇੰਸਾ ਦੇ ਹੋਏ ਕਤਲ ਵਿੱਚ ਕੋਟਕਪੂਰਾ ਸਿਟੀ ਪੁਲੀਸ ਵੱਲੋਂ ਹੁਣ ਤੱਕ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਨੂੰ ਨਾਮਜ਼ਦ ਕੀਤਾ ਜਾ ਚੁੱਕਿਆ ਹੈ।ਜਿਸ ਦੇ ਵਿੱਚ ਫ਼ਰੀਦਕੋਟ ਤੇ ਭੁਪਿੰਦਰ ਸਿੰਘ ਗੋਲਡੀ ਅਤੇ ਮਨਪ੍ਰੀਤ ਸਿੰਘ ਮਨੀ ਤੋਂ ਇਲਾਵਾ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਦੋਸ਼ੀ ਮੰਨਿਆ ਜਾ ਰਿਹਾ ਕੈਨੇਡਾ ਬੇਸਡ ਗੈਂਗਸਟਰ ਗੋਲਡੀ ਬਰਾੜ ਵੀ ਸ਼ਾਮਲ ਹੈ। ਇਸ ਤੋਂ ਇਲਾਵਾ 10 ਅਤੇ 11 ਨਵੰਬਰ ਦੀ ਰਾਤ ਨੂੰ ਹੀ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਵੱਲੋਂ ਪ੍ਰਦੀਪ ਇੰਸਾ ਦੇ ਕਤਲ ਵਿੱਚ ਸ਼ਾਮਲ ਅੱਧੀ ਦਰਜਨ ਨੌਜਵਾਨਾਂ ਵਿੱਚੋਂ ਤਿੰਨ ਨੂੰ ਪਟਿਆਲਾ ਜ਼ਿਲ੍ਹੇ ਦੇ ਥਾਣਾ ਬਖਸ਼ੀਵਾਲ ਅਧੀਨ ਪੈਂਦੇ ਇਕ ਪਿੰਡ ਵਿਚੋਂ ਗ੍ਰਿਫਤਾਰ ਕਰ ਲਿਆ ਗਿਆ ਸੀ।ਦਿੱਲੀ ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਇਨ੍ਹਾਂ ਤਿੰਨ ਨੌਜਵਾਨਾਂ ਵਿਚੋਂ ਦੋ ਨਾਬਾਲਗ ਹਨ ਅਤੇ ਇਕ ਦੀ ਪਹਿਚਾਣ ਮਸ਼ਹੂਰ ਗੈਂਗਸਟਰ ਜਤਿੰਦਰ ਜੀਤੂ ਵਜੋਂ ਹੋਈ ਹੈ ਜਿਹੜਾ ਅੰਬਾਲਾ ਦੇ ਦੂਹਰੇ ਕਤਲ ਕਾਂਡ ਵਿੱਚ ਦਿੱਲੀ ਪੁਲੀਸ ਨੂੰ ਪਿਛਲੇ ਅੱਠ ਨੌਂ ਮਹੀਨਿਆਂ ਤੋਂ ਲੋੜੀਂਦਾ ਸੀ।ਪੁਲਸ ਵਿਭਾਗ ਦੇ ਉੱਚ ਸੂਤਰਾਂ ਮੁਤਾਬਕ ਜਤਿੰਦਰ ਜੀਤੂ ਵੱਲੋਂ ਹੀ ਉਕਤ ਸਬ ਇੰਸਪੈਕਟਰ ਦੇ ਪੁੱਤਰ ਬਾਰੇ ਪੁਲੀਸ ਕੋਲ ਕੁਝ ਖੁਲਾਸਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਹੀ ਪੁਲਸ ਨੇ ਉਕਤ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲੀਸ ਅਧਿਕਾਰੀਆਂ ਮੁਤਾਬਕ ਇਸ ਕਤਲ ਕਾਂਡ ਵਿੱਚ ਸ਼ਾਮਲ ਚਾਰ ਨੌਜਵਾਨ ਹਰਿਅਾਣਾ ਅਤੇ ਦੋ ਪੰਜਾਬ ਨਾਲ ਸਬੰਧਤ ਹਨ ਗ੍ਰਿਫਤਾਰ ਕੀਤੇ ਗਏ ਤਿੰਨੇ ਨੌਜਵਾਨ ਹਰਿਆਣਾ ਦੇ ਹਨ। ਜਿਸ ਦੇ ਚੱਲਦੇ ਪੰਜਾਬ ਪੁਲਸ ਵੱਲੋਂ ਇਸ ਮਾਮਲੇ ਵਿਚ ਹਾਲੇ ਤੱਕ ਛਾਪੇਮਾਰੀਆਂ ਹੀ ਕੀਤੀਆਂ ਜਾ ਰਹੀਆਂ ਹਨ। ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਘਟਨਾ ਵਾਲੇ ਦਿਨ ਸਵੇਰੇ ਕਰੀਬ ਸਵਾ ਸੱਤ ਵਜੇ ਤਿੰਨ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆਏ ਛੇ ਨੌਜਵਾਨਾਂ ਨੇ ਆਪਣੀ ਡੇਅਰੀ ਖੋਲ੍ਹ ਰਹੇ ਡੇਰਾ ਪ੍ਰੇਮੀ ਪ੍ਰਦੀਪ ਇੰਸਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਇਸ ਘਟਨਾ ਵਿਚ ਪ੍ਰਦੀਪ ਦਾ ਗੰਨਮੈਨ ਅਤੇ ਇਕ ਉਸ ਦਾ ਗੁਆਂਢੀ ਦੁਕਾਨਦਾਰ ਵੀ ਜ਼ਖ਼ਮੀ ਹੋ ਗਿਆ ਸੀ। ਘਟਨਾ ਤੋਂ ਬਾਅਦ ਉਕਤ ਨੌਜਵਾਨ ਆਪਣਾ ਇੱਕ ਮੋਟਰਸਾਈਕਲ ਉੱਥੇ ਹੀ ਛੱਡ ਕੇ ਦੋ ਮੋਟਰਸਾਈਕਲਾਂ ‘ਤੇ ਫ਼ਰਾਰ ਹੋ ਗਏ ਸਨ। ਉਨ੍ਹਾਂ ਦੇ ਮੋਟਰਸਾਈਕਲ ਕਰੀਬ ਪੰਦਰਾਂ ਕਿਲੋਮੀਟਰ ਦੂਰ ਬਾਜਾਖਾਨਾ ਕੋਲੋਂ ਲਾਵਾਰਸ ਹਾਲਤ ਵਿੱਚ ਮਿਲੇ ਸਨ। ਪੁਲਸ ਅਧਿਕਾਰੀਆਂ ਮੁਤਾਬਕ ਇੱਥੋਂ ਇਹ ਸਾਰੇ ਕਥਿਤ ਕਾਤਲ ਦੋ ਕਾਰਾਂ ਵਿੱਚ ਸਵਾਰ ਹੋ ਕੇ ਵੱਖ ਵੱਖ ਥਾਵਾਂ ਉਪਰ ਨਿਕਲ ਗਏ ਸਨ ਜਿਨ੍ਹਾਂ ਵਿੱਚੋਂ ਤਿੱਨ ਨੂੰ ਦਿੱਲੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਗੌਰਤਲਬ ਹੈ ਕਿ ਪ੍ਰਦੀਪ ਉੱਪਰ ਸਾਲ 2015 ਵਿੱਚ ਬਰਗਾੜੀ ਵਿਖੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ ਵਿਚ ਸ਼ਾਮਲ ਹੋਣ ਦੇ ਦੋਸ਼ ਹਨ ਅਤੇ ਇਸ ਮਾਮਲੇ ਵਿਚ ਪੁਲਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ ਅਤੇ ਮੌਜੂਦਾ ਸਮੇਂ ਜ਼ਮਾਨਤ ਉਪਰ ਚੱਲ ਰਿਹਾ ਸੀ। ਇਸ ਤੋਂ ਪਹਿਲਾਂ ਵੀ ਬੇਅਦਬੀ ਕਾਂਡ ਚ ਸ਼ਾਮਲ ਰਹੇ ਕਈ ਡੇਰਾ ਪ੍ਰੇਮੀਆਂ ਦੇ ਕਤਲ ਹੋਣ ਕਾਰਨ ਪੰਜਾਬ ਪੁਲੀਸ ਵੱਲੋਂ ਪ੍ਰਦੀਪ ਇੰਸਾ ਨੂੰ ਪੁਲਸ ਸੁਰੱਖਿਆ ਮੁਹੱਈਆ ਕਰਾਈ ਹੋਈ ਸੀ।