ਫਰਵਰੀ ਮਹੀਨੇ ਦਾ ਬਜਟ ਅਜੇ ਤਕ ਵੀ ਨਹੀਂ ਹੋਇਆ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 20 ਮਾਰਚ : ਪੰਜਾਬ ਦੇ ਸਮੁੱਚੇ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾਉਂਦੇ ਅਧਿਆਪਕਾਂ ਅਤੇ ਕਈ ਥਾਈਂ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਤੇ ਨਾਨ ਟੀਚਿੰਗ ਨੂੰ ਫਰਵਰੀ ਅਤੇ ਕਈ ਥਾਂ ਜਨਵਰੀ ਮਹੀਨੇ ਦੀ ਵੀ ਤਨਖਾਹ ਨਾ ਮਿਲਣ ਕਾਰਨ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਅਧਿਆਪਕ ਆਗੂਆਂ ਮੁਤਾਬਕ ਅਜਿਹਾ ਪੰਜਾਬ ਸਰਕਾਰ ਵੱਲੋਂ ਲੋੜੀਂਦਾ ਬਜਟ ਨਾ ਭੇਜਣ ਕਾਰਨ ਹੋਇਆ ਹੈ। ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਬੰਗੀ ਤੇ ਜਨਰਲ ਸਕੱਤਰ ਰਾਜੇਸ਼ ਮੋਂਗਾ ਨੇ ਇੱਥੇ ਜਾਰੀ ਬਿਆਨ ਵਿਚ ਪੰਜਾਬ ਸਰਕਾਰ ਤੋਂ ਰੁਕੀਆਂ ਤਨਖਾਹਾਂ ਦੇ ਮਾਮਲੇ ਵਿੱਚ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਦੇ ਸਮੁੱਚੇ ਪ੍ਰਾਇਮਰੀ ਸਕੂਲਾਂ ਸਮੇਤ ਕਈ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਤਨਖਾਹਾਂ ਬਣਾਉਣ ਅਤੇ ਜੁਲਾਈ 2021 ਤੋਂ ਅਕਤੂਬਰ-2021 ਲਈ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਅਨੁਸਾਰ, ਮਿਲਣਯੋਗ ਤਨਖਾਹ ਵਾਧੇ ਦੇ ਏਰੀਅਰ ਲਈ ਢੁਕਵਾਂ ਬਜ਼ਟ ਪ੍ਰਾਪਤ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇੱਕ ਪਾਸੇ ਪ੍ਰਾਇਮਰੀ ਵਰਗ ਨੂੰ ਫਰਵਰੀ ਮਹੀਨੇ ਦੀਆਂ ਤਨਖਾਹਾਂ ਉੱਕਾ ਹੀ ਨਹੀਂ ਪ੍ਰਾਪਤ ਹੋਈਆਂ ਅਤੇ ਕਈ ਥਾਂ ਜਨਵਰੀ ਦੀ ਤਨਖਾਹ ਵੀ ਨਹੀਂ ਮਿਲੀ ਹੈ। ਦੂਜੇ ਪਾਸੇ ਸੈਕੰਡਰੀ ਸਕੂਲਾਂ ਲਈ ਪ੍ਰਾਪਤ ਹੋਇਆ ਬਜਟ ਵੀ ਤਨਖ਼ਾਹਾਂ ਦੀ ਕੁੱਲ ਰਾਸ਼ੀ ਅਨੁਸਾਰ ਕਾਫੀ ਨਹੀਂ ਹੈ, ਜਿਸ ਕਾਰਨ ਕਈ ਸੈਕੰਡਰੀ ਅਧਿਆਪਕਾਂ ਨੂੰ ਤਨਖਾਹਾਂ ਨਹੀਂ ਪ੍ਰਾਪਤ ਹੋਈ ਹੈ। ਵਿੱਤੀ ਵਰ੍ਹੇ ਦਾ ਅਖੀਰਲਾ ਮਹੀਨਾ ਹੋਣ ਕਾਰਨ, ਅਧਿਆਪਕਾਂ ਨੂੰ ਬਿਨਾਂ ਤਨਖਾਹ ਪ੍ਰਾਪਤ ਹੋਇਆਂ ਆਮਦਨ ਟੈਕਸ ਦੀਆਂ ਰਿਟਰਨਾਂ ਭਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਮੌਕੇ ਡੀਟੀਐਫ ਦੇ ਜਿਲ੍ਹਾ ਮੀਤ ਪ੍ਰਧਾਨ ਬੇਅੰਤ ਸਿੰਘ ਫੂਲੇਵਾਲਾ, ਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਰੋਮਾਣਾ,ਗੁਰਮੇਲ ਸਿੰਘ ਮਲਕਾਣਾ, ਗੁਰਪਾਲ ਸਿੰਘ, ਅੰਗਰੇਜ਼ ਸਿੰਘ ਮੌੜ, ਹਰਜਿੰਦਰ ਸੇਮਾ, ਅਮਰਦੀਪ ਸਿੰਘ, ਨਰਿੰਦਰ ਬੱਲੂਆਣਾ,ਸੁਨੀਲ ਕੁਮਾਰ,ਬਚਿੱਤਰ ਸਿੰਘ ਅੰਮਿ੍ਰਤਪਾਲ ਸੈਣੇ ਵਾਲਾ ਅਤੇ ਡੀ ਐਲ ਐਫ ਦੇ ਜ਼ਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਪਹਿਲਾਂ ਸਾਢੇ ਪੰਜ ਸਾਲ ਪਿੱਛੜ ਕੇ ਜਾਰੀ ਹੋਏ ਲੰਗੜੇ ਤਨਖਾਹ ਕਮਿਸ਼ਨ ਨੇ ਮੁਲਾਜਮਾਂ ਨੂੰ ਨਿਰਾਸ਼ ਕੀਤਾ ਹੈ, ਦੂਜਾ ਹੁਣ ਮਿਲਣ ਵਾਲੇ ਨਾ ਮਾਤਰ ਵਾਧੇ ਦੇ ਏਰੀਅਰ ਅਤੇ ਤਨਖਾਹਾਂ ਲਈ ਵੀ ਢੁਕਵਾਂ ਬਜ਼ਟ ਜਾਰੀ ਨਾ ਕਰਕੇ ਮੁਲਾਜਮਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ।
ਤਨਖਾਹਾਂ ਨਾ ਮਿਲਣ ਕਾਰਨ ਅਧਿਆਪਕਾਂ ਚ ਭਾਰੀ ਰੋਸ
11 Views