ਸੁਖਜਿੰਦਰ ਮਾਨ
ਬਠਿੰਡਾ, 18 ਜਨਵਰੀ: ਹਾਲੇ ਲੰਘੀ 14 ਜਨਵਰੀ ਨੂੰ ਤਲਵੰਡੀ ਸਾਬੋ ਦੇ ਇੱਕ ਮਸਹੂਰ ਰਾਜ ਨਰਸਿੰਗ ਹੋਮ ਹਸਪਤਾਲ ਦੇ ਮਾਲਕ ਡਾਕਟਰ ਦਿਨੇਸ਼ ਬਾਂਸਲ ਕੋਲੋ ਤਿੰਨ ਲੱਖ ਰੁਪਏ ਦੀ ਫਿਰੌਤੀ ਨਾ ਮਿਲਣ ’ਤੇ ਉਸਨੂੰ ਗੋਲੀ ਮਾਰ ਕੇ ਜਖ਼ਮੀ ਮਾਰਨ ਦਾ ਮਾਮਲਾ ਖ਼ਤਮ ਨਹੀਂ ਹੋਇਆ ਸੀ ਕਿ ਬੀਤੇ ਕੱਲ ਵੀ ਕੁੱਝ ਨੌਜਵਾਨਾਂ ਵਲੋਂ ਕਸਬੇ ਦੇ ਇੱਕ ਦੁਕਾਨਦਾਰ ਤੋਂ ਫ਼ਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਤਲਵੰਡੀ ਸਾਬੋ ਪੁਲਿਸ ਨੇ ਪੀੜਤ ਦੁਕਾਨਦਾਰ ਦੀ ਸਿਕਾਇਤ ਉਪਰ ਤਿੰਨ ਨੌਜਵਾਨਾਂ ਵਿਰੁਧ ਪਰਚਾ ਦਰਜ਼ ਕਰ ਲਿਆ ਹੈ। ਇਸ ਸਬੰਧ ਵਿਚ ਦੁਕਾਨਦਾਰ ਰੱਖਾ ਰਾਮ ਨੇ ਪੁਲਿਸ ਕੋਲ ਦਿੱਤੀ ਸਿਕਾਇਤ ਵਿਚ ਦੋਸ਼ਲਗਾਇਆ ਸੀ ਕਿ ਉਹ ਕਰਿਆਨੇ ਦੀ ਦੁਕਾਨ ਕਰਦਾ ਹੈ ਅਤੇ 16 ਜਨਵਰੀ ਨੂੰ ਰਾਜਦੀਪ ਸਿੰਘ ਅਪਣੇ ਨਾਲ ਦੋ ਹੋਰ ਨੌਜਵਾਨਾਂ ਨੂੰ ਲੈ ਕੇ ਆਇਆ ਤੇ ਹਥਿਆਰ ਦਿਖਾ ਕੇ 10000 ਰੁਪਏ ਫ਼ਿਰੌਤੀ ਦੇਣ ਲਈ ਕਿਹਾ। ਉਸ ਵਲੋਂ ਜਵਾਬ ਦੇਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਫਰਵਿੰਦਰ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਕਥਿਤ ਮੁੱਖ ਮੁਜ਼ਰਮ ਰਾਜਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਢਲੀ ਪੜਤਾਲ ਦੌਰਾਨ ਉਕਤ ਮੁਜਰਮ ਨਸ਼ੇ ਦਾ ਆਦੀ ਹੈ ਤੇ ਨਸ਼ੇ ਲਈ ਹੀ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਜਲਦੀ ਹੀ ਉਸਦੇ ਬਾਕੀ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Share the post "ਤਲਵੰਡੀ ਸਾਬੋ ਵਿਚ ਬਦਮਾਸ਼ਾਂ ਨੇ ਮੁੜ ਦੁਕਾਨਦਾਰ ਤੋਂ ਮੰਗੀ ਫ਼ਿਰੌਤੀ, ਪਰਚਾ ਦਰਜ਼"