ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 14 ਮਈ: ਦੇਸ਼ ਦੇ ਲਈ ਅੰਤਰ ਰਾਸ਼ਟਰੀ ਪੱਧਰ ’ਤੇ ਗੋਲਡ ਮੈਡਲ ਜਿੱਤ ਕੇ ਲਿਆਉਣ ਵਾਲੀਆਂ ਮਹਿਲਾਂ ਪਹਿਲਵਾਨਾਂ ਵਲੋਂ ਲੜੀ ਜਾ ਰਹੀ ਇਨਸਾਫ਼ ਦੀ ਲੜਾਈ ’ਚ ਹੁਣ ਜਾਟ ਮਹਾਂ ਸਭਾ ਵੀ ਡਟ ਗਈ ਹੈ। ਆਲ ਇੰਡੀਆ ਜੱਟ ਮਹਾਂਸਭਾ ਦੇ ਉਪ ਪ੍ਰਧਾਨ ਹਰਪਾਲ ਸਿੰਘ ਹਰਪੁਰਾ ਤੇ ਜਨਰਲ ਸਕੱਤਰ ਚੌਧਰੀ ਯੁੱਧਵੀਰ ਸਿੰਘ ਦੀ ਅਗਵਾਈ ਹੇਠ ਜਾਟ ਮਹਾਂਸਭਾ ਦਾ ਵਫ਼ਦ ਦਿੱਲੀ ਸਥਿਤ ਮੋਰਚੇ ’ਚ ਪੁੱਜਿਆ ਹੋਇਆ ਹੈ, ਜਿੱਥੈ ਉਨ੍ਹਾਂ ਐਲਾਨ ਕੀਤਾ ਹੈ ਕਿ ਇਨਸਾਫ਼ ਮਿਲਣ ਤੱਕ ਉਹ ਡਟਵੀਂ ਹਿਮਾਇਤ ਦੇਣਗੇ। ਜਾਣਕਾਰੀ ਦਿੰਦਿਆਂ ਮਹਾਂਸਭਾ ਦੇ ਉਪ ਪ੍ਰਧਾਨ ਹਰਪਾਲ ਸਿੰਘ ਹਰਪੁਰਾ ਤੇ ਜਨਰਲ ਸਕੱਤਰ ਇੰਚਾਰਜ ਪੰਜਾਬ ਅਜਾਇਬ ਸਿੰਘ ਬੋਪਾਰਾਏ ਨੇ ਕਿਹਾ ਕਿ ਕਿੰਨੀਂ ਦੁੱਖ ਦੀ ਗੱਲ ਹੈ ਕਿ ਦੇਸ ਲਈ ਨਾਮਣਾ ਖੱਟਣ ਵਾਲੀਆਂ ਸਾਡੀਆਂ ਲੜਕੀਆਂ ਨੂੰ ਅੱਜ ਭਾਜਪਾ ਦੇ ਰਾਜ ’ਚ ਇਨਸਾਫ਼ ਮੰਗਣ ਲਈ ਸੜਕਾਂ ’ਤੇ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਦੋਂਕਿ ਮੋਦੀ ਸਰਕਾਰ ਅੱਖਾਂ ਤੇ ਕੰਨ ਬੰਦ ਕਰਕੇ ਆਪਣੇ ਐਮ ਪੀ ਬ੍ਰਿਜ ਭੂਸ਼ਨ ਸਿੰਘ ਨੂੰ ਬਚਾਉਣ ਵਿਚ ਲੱਗੀ ਹੋਈ ਹੈ, ਜਿਸ ਉਪਰ ਦਰਜ਼ਨਾਂ ਤੋਂ ਜ਼ਿਆਦਾ ਐਫ਼ ਆਈ ਆਰ ਦਰਜ ਹਨ। ਸਭਾ ਦੇ ਆਗੂਆਂ ਕਿਹਾ ਕਿ ਜਦੋਂ ਇਹ ਲੜਕੀਆਂ ਦੇਸ ਲਈ ਗੋਲਡ ਮੈਡਲ ਜਿੱਤ ਕੇ ਵਾਪਸ ਆਉਂਦੀਆਂ ਹਨ ਤਾਂ ਇਹਨਾਂ ਨਾਲ ਪ੍ਰਧਾਨ ਮੰਤਰੀ ਤੇ ਮੰਤਰੀ ਫੋਟੋ ਖਿਚਵਾਉਂਦੇ ਹਨ। ਪ੍ਰੰਤੂ ਅੱਜ ਪੂਰੀ ਸਰਕਾਰ ਬੇਸ਼ਰਮੀ ’ਤੇ ਉੱਤਰ ਆਈ ਹੈ ਲੜਕੀਆਂ ਦੇ ਨਾਲ ਗ਼ਲਤ ਵਰਤਾਓ ਕਰਨ ਵਾਲੇ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਦਾ ਸਾਥ ਦੇਣਾ ਸਰਕਾਰ ਦੇ ਲਈ ਸ਼ਰਮ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਗੋਲਡ ਮੈਡਲਿਸਟ ਲੜਕੀਆਂ ਦੀ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਤਾਂ ਆਮ ਪਰਿਵਾਰ ਦੀਆਂ ਲੜਕੀਆਂ ਦੀ ਕੌਣ ਸੁਣੇਗਾ। ਸਭਾ ਦੇ ਆਗੂਆਂ ਨੇ ਦੇਸ਼ ਦੇ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਪਹਿਲਵਾਨ ਲੜਕੀਆਂ ਨੂੰ ਇਨਸਾਫ਼ ਦੇਣ ’ਚ ਅਸਫਲ ਰਹਿਣ ’ਤੇ ਨੈਤਿਕਤਾ ਦੇ ਆਧਾਰ ਉਪਰ ਅਸਤੀਫ਼ੇ ਦੀ ਮੰਗ ਕੀਤੀ ਹੈ। ਇਸ ਮੌਕੇ ਰਾਜਿੰਦਰ ਸਿੰਘ ਬਡਹੇਰੀ ਪ੍ਰਧਾਨ ਚੰਡੀਗੜ੍ਹ ਯੂਨਿਟ, ਅਮਰਪਾਲ ਸਿੰਘ ਸਰਾਂ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਸੁਰਜੀਤ ਸਿੰਘ ਭੂਨ ਜਨਰਲ਼ ਸਕੱਤਰ ਤੇ ਸੁਖਬੀਰ ਸਿੰਘ ਮਿਨਹਾਸ ਸਲਾਹਕਾਰ ਪੰਜਾਬ ਆਦਿ ਵੀ ਹਾਜ਼ਰ ਰਹੇ।
Share the post "ਦਿੱਲੀ ’ਚ ਇਨਸਾਫ਼ ਲਈ ਪ੍ਰਦਰਸ਼ਨ ਕਰ ਰਹੀਆਂ ਮਹਿਲਾਂ ਪਹਿਲਵਾਨਾਂ ਦੇ ਹੱਕ ਵਿਚ ਜਾਟ ਮਹਾਂ ਸਭਾ ਵੀ ਡਟੀ"