ਸੁਖਜਿੰਦਰ ਮਾਨ
ਨਵੀਂ ਦਿੱਲੀ 6 ਅਗਸਤ: ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਟਿਕਰੀ ਬਾਰਡਰ ‘ਤੇ ਗਦਰੀ ਬੀਬੀ ਗੁਲਾਬ ਕੌਰ ਨਗਰ ਵਿਖੇ ਚੱਲ ਰਹੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾ) ਦੀ ਸਟੇਜ ਤੋਂ ਸੰਗਰੂਰ ਜਿਲ੍ਹੇ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ 1991- 92 ‘ਚ ਜਦੋਂ ਭਾਰਤ ‘ਚ ਨਰਸਿਮ੍ਹਾ ਰਾਓ ਦੀ ਸਰਕਾਰ ਸੀ ਉਦੋਂ ਇਹ ਲੋਕ ਵਿਰੋਧੀ ਨੀਤੀਆਂ ਦਾ ਖਰੜਾ ਤਿਆਰ ਕੀਤਾ ਗਿਆ। ਉਸ ਤੋਂ ਬਾਅਦ ਲਗਾਤਾਰ 10 ਸਾਲ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਰਹੇ ਜਿਸ ਨੇ ਭਾਰਤ ਦੇ ਸਭ ਤੋਂ ਵੱਧ ਜਮਹੂਰੀਅਤ ਕਹਾਉਣ ਵਾਲੇ ਦੇਸ ‘ਚ ਕਿਸੇ ਵੀ ਹਲਕੇ ਤੋਂ ਪਾਰਲੀਮੈਂਟ ਦੀ ਚੋਣ ਨਹੀਂ ਲੜੀ। ਇਸ ਦੇ ਬਾਵਜੂਦ ਵੀ 10 ਸਾਲ ਭਾਰਤ ਦੀ ਰਾਜ ਸੱਤਾ ‘ਤੇ ਕਾਬਜ਼ ਰਹੇ। ਉਨ੍ਹਾਂ ਵਲੋਂ ਵੀ ਇਹ ਲੋਕ ਵਿਰੋਧੀ ਨੀਤੀਆਂ ਲਾਗੂ ਕਰਨ ਦੀ ਕੋਸ਼ਿਸ਼ ਹੁੰਦੀ ਰਹੀ। 2014 ‘ਚ ਭਾਜਪਾ ਵੱਲੋਂ ਪੰਜਾਬ ਦੀ ਅੰਮ੍ਰਿਤਸਰ ਸੀਟ ਤੋਂ ਅਰੁਣ ਜੇਤਲੀ ਨੇ ਲੋਕ ਸਭਾ ਮੈਂਬਰ ਲਈ ਚੋਣ ਲੜੀ ਸੀ ਪਰ ਲੋਕਾਂ ਦਾ ਫਤਵਾ ਨਾ ਮਿਲਣ ਕਰਕੇ ਉਹ ਚੋਣ ਹਾਰ ਗਏ ਸੀ। ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਭਾਰਤ ਦਾ ਖ਼ਜ਼ਾਨਾ ਮੰਤਰੀ ਬਣਾਇਆ ਗਿਆ। ਇਸ ਦਾ ਤੱਥ ਸਾਰ ਇਹ ਬਣਦਾ ਹੈ ਕਿ ਸਿਰਫ ਵੋਟਾਂ ਨਾਲ ਹੀ ਨਹੀਂ ਪਾਰਲੀਮੈਂਟ ‘ਚ ਜਾਣ ਲਈ ਸੰਵਿਧਾਨ ‘ਚ ਰੱਖੀਆਂ ਹੋਰ ਚੋਰ ਮੋਰੀਆਂ ਨਾਲ ਵੀ ਸਾਮਰਾਜੀ ਤਾਕਤਾਂ ਆਪਣੇ ਮਨਪਸੰਦ ਵਿਅਕਤੀਆਂ ਨੂੰ ਰਾਜਸੱਤਾ ‘ਤੇ ਕਾਬਜ਼ ਕਰਦੀਆਂ ਹਨ ਤਾਂ ਜੋ ਉਨ੍ਹਾਂ ਤੋਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਬਣਵਾਈਆਂ ਜਾ ਸਕਣ। ਇਹ ਭਾਰਤ ਦੀ ਕਿਹੜੀ ਜਮਹੂਰੀਅਤ ਹੈ ? ਕਾਂਗਰਸ ਦੇ ਏਜੰਡੇ ਨੂੰ ਲੈ ਕੇ ਭਾਜਪਾ ਹਕੂਮਤ ਨੇ ਵੀ 2014 ਤੋਂ ਹੁਣ ਤਕ ਕਾਂਗਰਸ ਸਰਕਾਰ ਦੀਆਂ ਡਬਲਿਊਟੀਓ ਦੇ ਇਸ਼ਾਰੇ ‘ਤੇ ਘੜੀਆਂ ਹੋਈਆਂ ਨੀਤੀਆਂ ਨੂੰ ਲਾਗੂ ਕਰਨ ‘ਤੇ ਜ਼ੋਰ ਦਿੱਤਾ ਹੋਇਆ ਹੈ ਜਿਸ ਦਾ ਨਤੀਜਾ ਤੁਸੀਂ ਦੇਖ ਰਹੇ ਹੋ ਕਿ ਪਹਿਲਾਂ ਨੋਟਬੰਦੀ ਕੀਤੀ, ਫਿਰ ਜੀਐਸਟੀ ਕਾਨੂੰਨ ਬਣਾਇਆ, ਫਿਰ ਜੰਮੂ ਕਸ਼ਮੀਰ ਦੀ ਧਾਰਾ 370 ਅਤੇ 35 ਏ ਤੋੜੀ ਗਈ। ਉਸ ਤੋਂ ਬਾਅਦ ਕੋਰੋਨਾ ਦੀ ਆੜ ‘ਚ ਕਿਰਤ ਕਾਨੂੰਨ, ਖੇਤੀ ਵਿਰੋਧੀ ਕਾਲੇ ਕਾਨੂੰਨ ਅਤੇ ਹੋਰ ਵੀ ਬਹੁਤ ਸਾਰੇ ਲੋਕ ਵਿਰੋਧੀ ਫੈਸਲੇ ਲੈ ਕੇ ਆਈ ਜਿਸ ਦਾ ਸਾਰੇ ਦੇਸ ਦੇ ਲੋਕ ਇੱਕ ਸਾਲ ਤੋਂ ਵਿਰੋਧ ਕਰ ਰਹੇ ਹਨ। ਖੇਤੀ ਕਾਨੂੰਨਾਂ ਵਿਰੋਧੀ ਕਿਸਾਨ ਸੰਘਰਸ਼ ਨੇ ਭਾਜਪਾ ਹਕੂਮਤ ‘ਤੇ ਇੰਨਾ ਦਬਾਅ ਬਣਾ ਦਿੱਤਾ ਹੈ ਕਿ ਉਸ ਦਾ ਅਕਸ ਲੋਕਾਂ ਚੋਂ ਖ਼ਤਮ ਹੁੰਦਾ ਜਾ ਰਿਹਾ ਹੈ ਅਤੇ ਇਹ ਭਾਜਪਾ ਸਰਕਾਰ ਦੇ ਹਿੱਕ ‘ਚ ਕਿੱਲ ਗੱਡਣ ਵਾਲੀ ਗੱਲ ਹੈ।
ਬਠਿੰਡਾ ਜ਼ਿਲ੍ਹੇ ਤੋਂ ਜੱਗਾ ਸਿੰਘ ਜੋਗੇਵਾਲਾ ਅਤੇ ਮਾਨਸਾ ਜ਼ਿਲ੍ਹੇ ਤੋਂ ਜਗਸੀਰ ਸਿੰਘ ਜਵਾਹਰਕੇ ਨੇ ਕਿਹਾ ਕਿ ਭਾਜਪਾ ਦੀ ਮੋਦੀ ਹਕੂਮਤ ਜੰਮੂ ਕਸ਼ਮੀਰ ਚੋਂ ਧਾਰਾ 370 ਅਤੇ 35 ਏ ਤੋੜਨ ਤੋਂ ਬਾਅਦ ਹਿੰਦੂ ਰਾਸਟਰਵਾਦ ਦੇ ਨਾਅਰੇ ਹੇਠ ਮੁਸਲਮਾਨ ਭਾਈਚਾਰੇ ਨੂੰ ਦੇਸ਼ ਚੋਂ ਖਦੇੜਨ ਲਈ ਨਾਗਰਿਕਤਾ ਸੋਧ ਬਿੱਲ ਲੈ ਕੇ ਆਈ। ਇਸ ਦੇ ਖ਼ਿਲਾਫ਼ ਦਿੱਲੀ ਦੇ ਸ਼ਾਹੀਨ ਬਾਗ ‘ਚ ਮੁਸਲਮਾਨ ਭਾਈਚਾਰੇ ਨੇ ਵਿਰੋਧ ਪ੍ਰਗਟ ਕਰਨ ਲਈ ਮੋਰਚਾ ਖੋਲ੍ਹ ਦਿੱਤਾ ਸੀ ਜਿਸ ‘ਚ ਜਾਮੀਆ ਮਾਲੀਆ ਇਸਲਾਮੀਆ ਯੂਨੀਵਰਸਿਟੀ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਅਤੇ ਇਹ ਮੋਰਚਾ ਲਗਾਤਾਰ ਕਈ ਮਹੀਨੇ ਚੱਲਿਆ ਜਿਸ ‘ਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਸ਼ਾਹੀਨ ਬਾਗ਼ ‘ਚ ਪਹੁੰਚ ਕੇ ਮੁਸਲਮਾਨ ਭਾਈਚਾਰੇ ਦੀ ਹਮਾਇਤ ਕੀਤੀ ਕਿਉਂਕਿ ਭਾਜਪਾ ਸਰਕਾਰ ਵੱਲੋਂ ਸ਼ਾਹੀਨ ਬਾਗ ‘ਚ ਲੱਗੇ ਹੋਏ ਮੋਰਚੇ ਨੂੰ “ਟੁਕੜੇ ਟੁਕੜੇ ਗੈਂਗ” ਕਹਿ ਕੇ ਲੜ ਰਹੇ ਲੋਕਾਂ ਦੀ ਤੌਹੀਨ ਕੀਤੀ ਜਾ ਰਹੀ ਸੀ। ਇਸ ਕਰਕੇ ਬਹੁਤ ਸਾਰੀਆਂ ਜਮਹੂਰੀਅਤ ਪਸੰਦ ਜਥੇਬੰਦੀਆਂ ਨੇ ਇਸ ਮੋਰਚੇ ‘ਚ ਸ਼ਾਮਲ ਹੋ ਕੇ ਸਰਕਾਰ ਦੇ ਇਸ ਫੈਸਲੇ ਨੂੰ ਰੋਕਿਆ।
ਪੱਛਮੀ ਬੰਗਾਲ ਤੋਂ ਪਹੁੰਚੇ ਤਿੰਨ ਨੌਜਵਾਨ ਮੁੰਡੇ-ਕੁੜੀਆਂ ਨੇ ਸਟੇਜ ਤੋਂ ਕ੍ਰਾਂਤੀਕਾਰੀ ਕਵਿਤਾ ਬੋਲ ਕੇ ਸੰਘਰਸ਼ ਕਰਦੇ ਕਿਸਾਨਾਂ,ਮਜ਼ਦੂਰਾਂ ‘ਚ ਜੋਸ਼ ਭਰਿਆ ਅਤੇ ਮੋਦੀ ਸਰਕਾਰ ਨੂੰ ਫਿੱਟ ਲਾਹਨਤਾਂ ਪਾਈਆਂ। ਸਟੇਜ ਸੰਚਾਲਨ ਦੀ ਭੂਮਿਕਾ ਗੁਰਵਿੰਦਰ ਸਿੰਘ ਪਟਿਆਲਾ ਨੇ ਬਾਖੂਬੀ ਚਲਾਈ ਅਤੇ ਮਲਕੀਤ ਸਿੰਘ ਹੇੜੀਕੇ, ਪ੍ਰਤਾਪ ਸਿੰਘ ਰਿਟਾਇਰਡ ਡੀਐੱਸਪੀ, ਜਗਤਾਰ ਸਿੰਘ ਜਹਾਂਗੀਰ, ਸੁਖਵੰਤ ਸਿੰਘ ਵਲਟੋਹਾ ਅਤੇ ਹਰਬੰਸ ਸਿੰਘ ਕੋਟਲੀ ਨੇ ਵੀ ਸਟੇਜ ਤੋਂ ਸੰਬੋਧਨ ਕੀਤਾ।