13 Views
ਕੋਠੇ ਗੁਰੂ ਦੀਆਂ ਰਹਿਣ ਵਾਲੀਆਂ ਸਨ ਬੱਚਾਂ ਚੋਰੀ ਕਰਨ ਵਾਲੀਆਂ ਮਾਂਵਾ-ਧੀਆਂ
ਬੱਚਾ ਚੁੱਕਣ ਵਾਲੀ ਲੜਕੀ ਦੇ ਬੱਚੇ ਦੀ ਹੋਈ ਸੀ ਕੁੱਝ ਦਿਨ ਪਹਿਲਾਂ ਮੌਤ
ਸੁਖਜਿੰਦਰ ਮਾਨ
ਬਠਿੰਡਾ, 6 ਦਸੰਬਰ: ਲੰਘੀ 4 ਦਸੰਬਰ ਨੂੰ ਬਠਿੰਡਾ ਦੇ ਜਿਲ੍ਹਾ ਸਿਵਲ ਹਸਪਤਾਲ ਵਿੱਚ ਸਥਿਤ ਵੂਮੈਂਨ ਤੇ ਚਿਲਡਰਨ ਹਸਪਤਾਲ ਵਿਚੋਂ ਚੋਰੀ ਕੀਤੇ ਨਵਜੰਮੇ ਬੱਚੇ ਨੂੰ ਪੁਲਿਸ ਨੇ ਦੇਰ ਰਾਤ ਜਿਲੇ ਦੇ ਪਿੰਡ ਮਲੂਕਾ ਵਿਚੋਂ ਬਰਾਮਦ ਕਰਕੇ ਬੱਚੇ ਨੂੰ ਚੁੱਕਣ ਵਾਲੀਆਂ ਦੋਨਾਂ ਔਰਤਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ। ਪਿੰਡ ਕੋਠਾ ਗੁਰੂ ਦੀਆਂ ਰਹਿਣ ਵਾਲੀਆਂ ਇਹ ਔਰਤਾਂ ਮਾਂ-ਧੀ ਹਨ ਤੇ ਕੁੱਝ ਦਿਨ ਪਹਿਲਾਂ ਧੀ ਦੇ ਬੱਚੇ ਦੀ ਮੌਤ ਹੋ ਗਈ ਸੀ, ਜਿਸਦੇ ਚੱਲਦੇ ਇੰਨਾਂ ਵਲੋਂ ਬੱਚਾ ਚੋਰੀ ਕਰਨ ਦੀ ਯੋਜਨਾ ਬਣਾਈ ਗਈ ਸੀ। ਇਹ ਔਰਤਾਂ ਭਗਤਾ ਦੀ ਅਨਾਜ ਮੰਡੀ ਨਜਦੀਕ ਚਾਹ ਦਾ ਖੋਖਾ ਚਲਾਉਂਦੀਆਂ ਸਨ। ਇਸ ਯੋਜਨਾ ਵਿੱਚ ਇੱਕ ਹੋਰ ਵੀ ਨੌਜਵਾਨ ਸਾਮਲ ਸੀ,ਜਿਸਨੂੰ ਵੀ ਪੁਲਿਸ ਵਲੋਂ ਗਿ੍ਫ਼ਤਾਰ ਕੀਤਾ ਗਿਆ ਦਸਿਆ ਜਾ ਰਿਹਾ ਹੈ । ਉਧਰ ਇਹ ਵੀ ਪਤਾ ਚੱਲਿਆ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੀਆਂ ਔਰਤਾਂ ਦੀ ਇਲਾਕੇ ਵਿੱਚ ਚੰਗੀ ਸੋਹਬਤ ਨਹੀਂ ਹੈ ਤੇ ਉਨ੍ਹਾਂ ਦੀਆਂ ਆਉਣੀ -ਜਾਣੀ ਨਸ਼ੇ ਵਾਲਿਆਂ ਨਾਲ ਵੀ ਦੱਸੀ ਜਾ ਰਹੀ ਹੈ ਹਾਲਾਂਕਿ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਉਨ੍ਹਾਂ ਵਿਰੁੱਧ ਪਹਿਲਾਂ ਵੀ ਕੋਈ ਕੇਸ ਦਰਜ ਹੈ ਜਾਂ ਨਹੀਂ। ਦੂਜੇ ਪਾਸੇ ਔਰਤਾਂ ਦੇ ਚੁੰਗਲ ਵਿਚੋਂ ਲਿਆਂਦੇ ਗਏ ਬੱਚੇ ਨੂੰ ਇਲਾਜ ਲਈ ਮੁੜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਹਸਪਤਾਲ ਦੇ ਐਸਐਮਓ ਡਾ ਸਤੀਸ਼ ਜਿੰਦਲ ਨੇ ਦਸਿਆ ਕਿ ਹਾਲਾਤ ਠੀਕ ਹੈ ਪਰੰਤੂ ਫਿਰ ਵੀ ਇਸਦੇ ਟੈਸਟ ਕੀਤੇ ਜਾ ਰਹੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਇੱਕ ਪ੍ਰਵਾਸੀ ਔਰਤ ਬਬਲੀ ਪਤਨੀ ਪ੍ਰਮੋਦ ਨੇ ਲੰਘੀ 1 ਦਸੰਬਰ ਨੂੰ ਸਿਵਲ ਹਸਪਤਾਲ ਦੇ ਜੱਚਾ ਬੱਚਾ ਵਾਰਡ ਵਿੱਚ ਇੱਕ ਲੜਕੇ ਨੂੰ ਜਨਮ ਦਿੱਤਾ ਸੀ। ਪਤ 4 ਦਸੰਬਰ ਨੂੰ ਉਕਤ ਔਰਤਾਂ ਬੱਚੇ ਨੂੰ ਵਾਰਡ ਵਿਚੋਂ ਚਲਾਕੀ ਨਾਲ ਚੁੱਕ ਕੇ ਲੈ ਗਈਆਂ ਸਨ। ਬੱਚਾ ਚੁੱਕਣ ਸਮੇਂ ਲੜਕੀ ਨੇ ਨਰਸ ਵਾਲਾ ਚਿੱਟਾ ਕੋਟ ਪਹਿਨਿਆਂ ਹੋਇਆ ਸੀ। ਇਸ ਦੌਰਾਨ ਉਸਨੇ ਕਿਹਾ ਕਿ ਬੱਚੇ ਦੇ ਟੀਕੇ ਲਗਵਾਉਣਾ ਹੈ ਤੇ ਇਸਨੂੰ ਥੱਲੇ ਲੈ ਕੇ ਆਉ, ਜਿਸਤੇ ਬਬਲੀ ਨੇ ਆਪਣੀ ਭਾਣਜੀ ਨੂੰ ਬੱਚਾ ਲੈ ਕੇ ਨਾਲ ਭੇਜ ਦਿੱਤਾ ਪਰ ਜਦ ਉਹ ਥੱਲੇ ਗਈ ਤਾਂ ਉਕਤ ਨਰਸ ਬਣੀ ਲੜਕੀ ਨੇ ਕਹਿ ਕੇ ਬੱਚਾ ਉਸਤੋਂ ਲੈ ਲਿਆ ਕਿ ਉਹ ਉਪਰੋਂ ਬਬਲੀ ਦਾ ਆਧਾਰ ਕਾਰਡ ਲੈ ਕੇ ਆਵੇ। ਇਸ ਦੌਰਾਨ ਜਦ ਬਬਲੀ ਦੀ ਭਾਣਜੀ ਆਧਾਰ ਕਾਰਡ ਲੈ ਕੇ ਵਾਪਸ ਆਈ ਤਾਂ ਉਕਤ ਲੜਕੀ ਬੱਚੇ ਸਹਿਤ ਗਾਇਬ ਹੋ ਗਈ ਸੀ। ਇਸ ਦੌਰਾਨ ਇਹ ਸਾਰਾ ਘਟਨਾਕ੍ਰਮ ਸਿਵਲ ਹਸਪਤਾਲ ਅਤੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਤੇ ਬੱਚੇ ਨੂੰ ਚੁੱਕਣ ਵਾਲੀਆਂ ਔਰਤਾਂ ਦੀ ਫੋਟੋ ਸਾਹਮਣੇ ਆ ਗਈ। ਸੂਤਰਾਂ ਮੁਤਾਬਕ ਇੰਨਾਂ ਫੋਟੋਆਂ ਨੂੰ ਹੀ ਦੇਖ ਕਿ ਪਿੰਡ ਕੋਠਾ ਗੁਰੂ ਦੇ ਕੁੱਝ ਨੌਜਵਾਨਾਂ ਨੇ ਸਹਿਰ ਦੇ ਇਕ ਸਮਾਜ ਸੇਵੀ ਗੁਰਵਿੰਦਰ ਸਰਮਾ ਨਾਲ ਤਾਲਮੇਲ ਬਣਾਇਆ,ਜਿੰਨ੍ਹਾਂ ਅੱਗੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਦੇ ਸਪੈਸ਼ਲ ਸਟਾਫ ਦੇ ਇੰਚਾਰਜ ਇੰਸਪੈਕਟਰ ਦਲਜੀਤ ਬਰਾੜ, ਸੀਆਈ ਸਟਾਫ ਦੇ ਇੰਚਾਰਜ ਤਰਜਿੰਦਰ ਸਿੰਘ ਅਤੇ ਕੋਤਵਾਲੀ ਥਾਣੇ ਦੇ ਮੁਖੀ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਮਲੂਕਾ ਤੋਂ ਉਕਤ ਔਰਤਾਂ ਨੂੰ ਬੱਚੇ ਸਹਿਤ ਕਾਬੂ ਕਰ ਲਿਆ ਗਿਆ।
Share the post "ਦੋ ਦਿਨ ਪਹਿਲਾਂ ਸਿਵਲ ਹਸਪਤਾਲ ਵਿਚੋਂ ਚੋਰੀ ਹੋਇਆ ਨਵਜੰਮਿਆਂ ਬੱਚਾ ਪਿੰਡ ਮਲੂਕਾ ਤੋਂ ਬਰਾਮਦ"