ਸੁਖਜਿੰਦਰ ਮਾਨ
ਬਠਿੰਡਾ, 23 ਜੂਨ: ਲੰਘੀ 10 ਜੂਨ ਨੂੰ ਸੰਗਤ ਪੁਲਿਸ ਵਲੋਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਮਿਲਕੇ ਆਪਣੀ ਜ਼ਮੀਨ ਪੱਧਰੀ ਕਰ ਰਹੇ ਕਿਸਾਨ ਤੇ ਜੇਸੀਬੀ ਮਾਲਕ ਵਿਰੁੱਧ ਪਰਚਾ ਦਰਜ਼ ਕਰਨ ਤੇ ਉਨ੍ਹਾਂ ਦੀ ਮਸ਼ੀਨਰੀ ਜਬਤ ਕਰਨ ਦੇ ਵਿਰੋਧ ’ਚ ਰੋਸ਼ ਪ੍ਰਗਟ ਕਰ ਰਹੇ ਕਿਸਾਨਾਂ ਤੇ ਜੇਸੀਬੀ ਯੂਨੀਅਨ ਨੇ ਸਥਾਨਕ ਮਿੰਨੀ ਸਕੱਤਰੇਤ ਦੇ ਮੂਹਰੇ ਧਰਨਾ ਲਗਾਇਆ। ਰਜਿੰਦਰਾ ਕਾਲਜ਼ ਵਾਲੀ ਸਾਈਡ ’ਤੇ ਦਰਜ਼ਨਾਂ ਜੇਸੀਬੀ ਮਸੀਨਾਂ ਖੜੀਆਂ ਕਰਕੇ ਧਰਨੇ ’ਤੇ ਪੁੱਜੇ ਇੰਨ੍ਹਾਂ ਧਰਨਾਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵਿਰੁਧ ਰੋਹ ਭਰਪੂਰ ਨਾਅਰੇਬਾਜ਼ੀ ਕਰਦਿਆਂ ਨਾ ਸਿਰਫ਼ ਕਿਸਾਨ ਤੇ ਜੇਸੀਬੀ ਮਾਲਕ ਵਿਰੁਧ ਦਰਜ਼ ਕੇਸ ਨੂੰ ਵਾਪਸ ਲੈਣ ਦੀ ਮੰਗ ਰੱਖੀ, ਬਲਕਿ ਪੰਜਾਬ ਸਰਕਾਰ ਮਾਈਨਿੰਗ ਐਕਟ ਵਿਚ ਸੋਧ ਕਰਕੇ ਕਿਸਾਨਾਂ ਨੂੰ ਅਪਣੀ ਜਮੀਨ ਖੇਤੀ ਯੋਗ ਬਣਾਉਣ ਲਈ ਮਿੱਟੀ ਚੁੱਕਣ ਦੀ ਇਜਾਜ਼ਤ ਦੇਣ ਦੀ ਵੀ ਮੰਗ ਰੱਖੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਹਰਜਿੰਦਰ ਸਿੰਘ ਬੱਗੀ, ਕੁਲਵੰਤ ਰਾਏ ਸ਼ਰਮਾ ਤੇ ਅਜੈਪਾਲ ਸਿੰਘ ਤੋਂ ਇਲਾਵਾ ਜੇਸੀਬੀ ਯੂਨੀਅਨ ਦੇ ਆਗੂ ਭਜਨ ਲਾਲ ਤੇ ਹੋਰਨਾਂ ਨੇ ਕਿਹਾ ਕਿ ਦੱਖਣੀ ਮਾਲਵਾ ’ਚ ਕਿਸਾਨਾਂ ਨੇ ਪਿਛਲੇ ਕਈ ਦਹਾਕਿਆਂ ਤੋਂ ਹਜ਼ਾਰਾਂ ਏਕੜ ਜਮੀਨ ਨੂੰ ਪੱਧਰੀ ਕਰਕੇ ਖੇਤੀਯੋਗ ਬਣਾਇਆ ਹੈ ਤੇ ਹਾਲੇ ਵੀ ਸੈਕੜੇ ਏਕੜ ਪੱਧਰੀ ਕਰਨੀ ਬਾਕੀ ਹੈ। ਉਨਾਂ੍ਹ ਕਿਹਾ ਕਿ ਪਹਿਲਾਂ ਹੀ ਕਿਸਾਨ ਤੇ ਮਜਦੂਰ ਆਰਥਕ ਮੰਦਹਾਲੀ ਵਿੱਚੋਂ ਗੁਜ਼ਰ ਰਹੇ ਹਨ ਤੇ ਸਰਕਾਰ ਤੇ ਪ੍ਰਸ਼ਾਸਨ ਉਨ੍ਹਾਂ ਵਿਰੁਧ ਧੱਕੇਸ਼ਾਹੀ ਕਰ ਰਿਹਾ ਹੈ। ਜਦੋਂਕਿ ਮਾਈਨਿੰਗ ਕਰਕੇ ਹਜ਼ਾਰਾਂ ਕਰੋੜਾਂ ਰੁਪਏ ਕਮਾਉਣ ਵਾਲਿਆਂ ਨੂੰ ਨੱਥ ਨਹੀਂ ਪਾਈ ਜਾ ਰਹੀ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉੁਨ੍ਹਾਂ ਦੀ ਮੰਗ ਨਹੀਂ ਮੰਨੀ ਗਈ ਤਾਂ ਉਹ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਮੰਗ ਪੱਤਰ ਲੈਣ ਪੁੱਜੇ ਤਹਿਸੀਲਦਾਰ ਬੇਅੰਤ ਸਿੰਘ ਨੇ ਭਰੋਸਾ ਦਿਵਾਇਆ ਕਿ ਉਹ ਕਿਸਾਨ ਆਗੂਆਂ ਦੀ ਡਿਪਟੀ ਕਮਿਸ਼ਨ ਨਾਲ ਮੀਟਿੰਗ ਕਰਵਾਉਣਗੇ।
Share the post "ਨਜਾਇਜ਼ ਮਾਈਨਿੰਗ ਦੇ ਦੋਸ਼ਾਂ ਹੇਠ ਕਿਸਾਨ ਤੇ ਜੇਸੀਬੀ ਮਾਲਕ ਵਿਰੁਧ ਪਰਚਾ ਦਰਜ਼ ਕਰਨ ਦੇ ਵਿਰੋਧ ’ਚ ਘੇਰਿਆਂ ਸਕੱਤਰੇਤ"