ਹੁਣ ਵਿਤ ਵਿਭਾਗ ਦੀ ਕਾਰਗੁਜ਼ਾਰੀ ਨੂੰ ਲੈ ਕੇ ਚੁੱਕੇ ਸਵਾਲ
ਸੁਖਜਿੰਦਰ ਮਾਨ
ਚੰਡੀਗੜ੍ਹ, 15 ਨਵੰਬਰ: ਅਪਣੀਆਂ ਬੇਬਾਕ ਟਿੱਪਣੀਆਂ ਤੇ ਗਰਮ ਮਿਜ਼ਾਜ ਲਈ ਜਾਣੇ ਜਾਂਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਮੁੜ ਅਸਿੱਧੇ ਢੰਗ ਨਾਲ ਚੰਨੀ ਸਰਕਾਰ ‘ਤੇ ਨਿਸਾਨਾ ਸਾਧਿਆ ਹੈ। ਏਜੀ ਤੇ ਡੀਜੀਪੀ ਨੂੰ ਬਦਲਣ ਦੀ ਮੰਗ ਤੋਂ ਬਾਅਦ ਪੰਜਾਬ ਦੇ ਵਿਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਸ: ਸਿੱਧੂ ਨੇ ਕਰਜ਼ਾ ਚੁੱਕ ਕੇ ਕਰਜ਼ਾ ਉਤਾਰਨ ਵਾਲੀ ਨੀਤੀ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੱਜ ਦੇਸ਼ ਵਿੱਚ ਸਭ ਤੋਂ ਵੱਧ ਕਰਜਦਾਰ ਰਾਜ ਹੈ ਅਤੇ ਇਹ ਕਰਜ ਜੀਡੀਪੀ ਦੇ 50 ਫੀਸਦੀ ਤੱਕ ਪਹੁੰਚ ਗਿਆ ਹੈ। ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਜਨਤਾ ਤੋਂ ਟੈਕਸਾਂ ਦੇ ਰੂਪ ਵਿਚ ਇਕੱਤਰ ਕੀਤਾ ਪੈਸਾ ਉਨ੍ਹਾਂ ਕੋਲ ਵਿਕਾਸ ਕੰਮਾਂ ਲਈ ਵਾਪਸ ਜਾਣਾ ਚਾਹੀਦਾ ਹੈ। ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਪੰਡ ਉਤਾਰਨ ਲਈ ਇੱਕ ਰੋਡਮੈਪ ਦੀ ਮੰਗ ਕਰਦਿਆਂ ਉਨ੍ਹਾਂ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਆਰਥਿਕ ਸਾਧਨਾਂ ਦੀ ਲੁੱਟ-ਖਸੁੱਟ ਦੇ ਸਾਰੇ ਰਾਸਤੇ ਬੰਦ ਹੋਣੇ ਚਾਹੀਦੇ ਹਨ। ਉਨਾਂ ਵਿਤ ਵਿਭਾਗ ਦੀ ਜਵਾਬਦੇਹੀ ਅਤੇ ਪਾਰਦਰਸਤਾ ਦੀ ਮੰਗ ਕਰਦਿਆਂ ਕਿਹਾ ਕਿ ‘‘ਸਰਕਾਰ ਵਲੋਂ ਐਲਾਨੀਆਂ ਜਾ ਰਹੀਆਂ ਯੋਜਨਾਵਾਂ ਲਈ ਪੈਸਾ ਕਿੱਥੋਂ ਆਵੇਗਾ, ਦੇ ਸਰੋਤ ਦਾ ਖੁਲਾਸਾ ਕਰਨਾ ਲਾਜਮੀ ਹੋਣਾ ਚਾਹੀਦਾ ਹੈ। ’’ ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਪੰਜਾਬ ਨੂੰ ਕਰਜ਼ੇ ਵਿਚੋਂ ਡੁੱਬਣ ਤੋਂ ਬਚਾਇਆ ਜਾ ਸਕਦਾ ਹੈ। ਸਿੱਧੂ ਨੇ ਚੰਨੀ ਸਰਕਾਰ ਨੂੰ ਇਹ ਵੀ ਸਲਾਹ ਦਿੱਤੀ ਕਿ ਚੋਣਾਂ ਦੇ ਮੌਸਮ ’ਚ ਵੀ ਉਨ੍ਹਾਂ ਨੂੰ ਅਸਲ ਮੁੱਦਿਆਂ ਤੋਂ ਭਟਕਣਾ ਨਹੀਂ ਚਾਹੀਦਾ। ਜਿਕਰਯੋਗ ਹੈ ਕਿ ਹਾਲੇ ਕੁੱਝ ਦਿਨ ਪਹਿਲਾਂ ਹੀ ਬਿਜਲੀ ਬਿੱਲ ਤੇ ਰੇਤਾ ਬਜ਼ਰੀ ਦੀਆਂ ਕੀਮਤਾਂ ਘਟਾਉਣ ਦੇ ਮਾਮਲੇ ਵਿਚ ਉਨ੍ਹਾਂ ਚੰਨੀ ਸਰਕਾਰ ਦੀ ਸਲਾਘਾ ਕੀਤੀ ਸੀ।