ਸ਼ਹਿਰ ਦੇ ਹਰ ਚੌਕ ’ਚ ਬੱਸਾਂ ਲਗਾ ਕੇ ਕੀਤਾ ਬੰਦ
ਥਾਂ-ਥਾਂ ਜਾਮ ਕਾਰਨ ਰਾਹੀਗੀਰ ਤੇ ਆਮ ਲੋਕ ਹੋਏ ਪ੍ਰੇਸ਼ਾਨ
ਸੁਖਜਿੰਦਰ ਮਾਨ
ਬਠਿੰਡਾ, 21 ਜਨਵਰੀ: ਚੋਣ ਜਾਬਤਾ ਲਾਗੂ ਹੋਣ ਤੋਂ ਕੁੱਝ ਦਿਨ ਪਹਿਲਾਂ ਲਾਗੂ ਕੀਤੇ ਟਾਈਮ ਟੇਬਲ ਨੂੰ ਵਾਪਸ ਲੈਣ ਦੇ ਵਿਰੋਧ ’ਚ ਅੱਜ ਪੀਆਰਟੀਸੀ ਕਾਮਿਆਂ ਵਲੋਂ ਬੱਸ ਅੱਡੇ ਨੂੰ ਘੇਰਣ ਤੋਂ ਇਲਾਵਾ ਸ਼ਹਿਰ ਨੂੰ ਸਾਰੇ ਪ੍ਰਮੁੱਖਾਂ ਲਾਘਿਆਂ ’ਚ ਜਾਮ ਕਰ ਦਿੱਤਾ। ਮਾਨਸਾ, ਤਲਵੰਡੀ ਸਾਬੋ, ਡੱਬਵਾਲੀ, ਬਾਦਲ ਸ਼੍ਰੀ ਮੁਕਤਸਰ ਸਾਹਿਬ, ਗਿੱਦੜਵਹਾ ਅਤੇ ਫ਼ਰੀਦਕੋਟ ਆਦਿ ਖੇਤਰਾਂ ਵਲੋਂ ਆਉਣ ਵਾਲੇ ਟਰੈਫ਼ਿਕ ਫ਼ਸਿਆ ਰਿਹਾ ਤੇ ਥਾਂ ਥਾਂ ਜਾਮ ਕਾਰਨ ਰਾਹਗੀਰਾਂ ਤੇ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪ੍ਰਸ਼ਾਸਨ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਧਰਨਾਕਾਰੀਆਂ ਨੂੰ ਡਿਪਟੀ ਕਮਿਸ਼ਨਰ ਤੇ ਆਰ.ਟੀ.ਏ ਨਾਲ ਮੀਟਿੰਗ ਲਈ ਬੁਲਾਇਆ ਗਿਆ। ਜਿੱਥੇ ਦੋਨਾਂ ਧਿਰਾਂ ’ਚ ਚੱਲੀ ਲੰਮੀ ਗੱਲਬਾਤ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਲਦੀ ਹੀ ਮਸਲੇ ਦੇ ਹੱਲ ਦਾ ਭਰੋਸਾ ਦਿਵਾਇਆ। ਇਸ ਮੌਕੇ ਬੋਲਦਿਆਂ ਪ੍ਰਧਾਨ ਸੰਦੀਪ ਸਿੰਘ ਗਰੇਵਾਲ , ਹਰਜੀਤ ਸਿੰਘ ਬਾਦਲ,ਗੰਡਾ ਸਿੰਘ ਧਾਲੀਵਾਲ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਮਨਮਰਜੀ ਨਾਲ ਟਾਈਮ ਟੇਬਲ ਬਣਾ ਕੇ ਵੱਡੀਆਂ ਕੰਪਨੀਆਂ ਵਲੋਂ ਪੀਆਰਟੀਸੀ ਤੇ ਪਨਬਸ ਤੋਂ ਇਲਾਵਾ ਛੋਟੇ ਟ੍ਰਾਂਸਪੋਟਰਾਂ ਨੂੰ ਵੀ ਰਗੜ੍ਹਾ ਲਗਾਇਆ ਜਾ ਰਿਹਾ ਸੀ। ਤਕਰੀਬਨ 10/12 ਸਾਲ ਬਾਅਦ ਲੰਘੀ 24 /12/2021 ਨੂੰ ਟਾਈਮ ਟੇਬਲ ਵਿਚ ਸੋਧ ਕਰਕੇ ਹਰ ਇੱਕ ਟਰਾਂਸਪੋਰਟ ਨੂੰ ਬਰਾਬਰ ਟਾਈਮ ਦਿੱਤਾ ਗਿਆ ਸੀ ਪਰ ਹੁਣ ਚੋਣ ਜਾਬਤੇ ਦੌਰਾਨ ਹੀ ਆਰ ਟੀ ਏ ਦਫ਼ਤਰ ਵਲੋਂ 17/1/2022 ਨੂੰ ਇਹ ਟਾਈਮ ਟੇਬਲ ਰੱਦ ਕਰ ਦਿੱਤਾ ਹੈ, ਜਿਸਦੇ ਨਾਲ ਮੁੜ ਵੱਡੇ ਘਰਾਣੇ ਦੀਆਂ ਬੱਸਾਂ ਦੀ ਮਨੋਪਲੀ ਹੋ ਗਈ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਜਲਦੀ ਹੀ ਨਵਾਂ ਟਾਈਮ ਟੇਬਲ ਬਹਾਲ ਨਾ ਕੀਤਾ ਗਿਆ ਤਾਂ ਸਮੂਹ ਜਥੇਬੰਦੀਆਂ ਅੱਗੇ ਤੋ ਸੰਘਰਸ ਨੂੰ ਹੋਰ ਤਿੱਖਾ ਕਰਨਗੀਆਂ। ਇਸ ਮੌਕੇ ਐਕਸ਼ਨ ਕਮੇਟੀ ਪੀ, ਆਰ, ਟੀ, ਸੀ, ਤੇ ਪੰਨ ਬੱਸ ਕੰਟਰੈਕਟ ਵਰਕਜ ਯੂਨੀਅਨ,ਇੰਟਕ,ਏਟਕ, ਐਸ ਸੀ/ਬੀ ਸੀ, ਸੀ ਟੂ,ਕਰਮਚਾਰੀ ਦਲ,ਅਜਾਦ ਇੰਪਲਾਈਜ ਆਦਿ ਦੇ ਆਗੂਆਂ ਹਾਜ਼ਰ ਸਨ। ਆਰਟੀਏ ਬਲਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਕੁੱਝ ਟ੍ਰਾਂਸਪੋਟਰਾਂ ਦੇ ਨਵੇਂ ਟਾਈਮ ਟੇਬਲ ਦੇ ਵਿਰੁਧ ਹਾਈਕੋਰਟ ’ਚ ਜਾਣ ਕਾਰਨ ਇਕੱਲੇ ਬਠਿੰਡਾ ਦਫ਼ਤਰ ਨੇ ਨਹੀਂ, ਬਲਕਿ ਦੂਜੇ ਆਰਟੀਏ ਦਫ਼ਤਰਾਂ ਨੇ ਵੀ ਇੱਕ ਵਾਰ ਨਵੇਂ ਟਾਈਮ ਟੇਬਲ ਵਾਪਸ ਲੈ ਲਏ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਨਵੇਂ ਟਾਈਮ ਟੇਬਲਾਂ ਵਿਚ ਰਹਿ ਗਈਆਂ ਖ਼ਾਮੀਆਂ ਨੂੰ ਦੂਰ ਕਰਕੇ ਇਸਨੂੰ ਲਾਗੂ ਕਰ ਦਿੱਤਾ ਜਾਵੇਗਾ।
Share the post "ਨਵੇਂ ਟਾਈਮ ਟੇਬਲ ਰੱਦ ਕਰਨ ਦੇ ਵਿਰੋਧ ’ਚ ਪੀਆਰਟੀਸੀ ਕਾਮਿਆਂ ਨੇ ਘੇਰਿਆਂ ਬੱਸ ਅੱਡਾ"