ਡੀ ਅਡਿਕਸ਼ਨ ਸੈਂਟਰ ਦਾ ਦੌਰਾ ਕਰਕੇ ਪੀੜ੍ਹਤਾਂ ਦਾ ਜਾਣਿਆ ਹਾਲ
ਸੈਂਟਰ ਵਿਖੇ ਬਣਾਈ ਲਾਇਬ੍ਰੇਰੀ ਦਾ ਕੀਤਾ ਉਦਘਾਟਨ
ਡੀ ਅਡਿਕਸ਼ਨ ਸਟਾਫ਼ ਨਾਲ ਬੈਠਕ ਕਰਕੇ ਕੀਤੀ ਸਮੀਖਿਆ
ਸੁਖਜਿੰਦਰ ਮਾਨ
ਬਠਿੰਡਾ, 1 ਜੂਨ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਸੂਬਾ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ਗਈ ਨਸ਼ਾ ਮੁਕਤ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਡੀ ਅਡਿਕਸ਼ਨ ਸੈਂਟਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਵਲੋਂ ਇੱਥੇ ਦਾਖ਼ਲ ਪੀੜ੍ਹਤ ਵਿਅਕਤੀਆਂ ਦੇ ਮੰਨੋਰੰਜ਼ਨ ਲਈ ਐਲਈਡੀ ਤੋਂ ਇਲਾਵਾ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਲਾਇਬ੍ਰੇਰੀ ਦਾ ਵੀ ਉਦਘਾਟਨ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਇੱਥੇ ਇਲਾਜ਼ ਲਈ ਆਏ ਪੀੜ੍ਹਤ ਵਿਅਕਤੀਆਂ ਨਾਲ ਵਿਸ਼ੇਸ਼ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨਾਲ ਦਿਲੋਂ ਹਮਦਰਦੀ ਜਾਹਰ ਕਰਦਿਆਂ ਨਸ਼ਿਆਂ ਦੀ ਗ੍ਰਸਤ ਵਿੱਚ ਆਉਣ ਬਾਰੇ ਜਾਣਕਾਰੀ ਹਾਸਲ ਕੀਤੀ। ਇੱਥੇ ਇਲਾਜ਼ ਲਈ ਦਾਖ਼ਲ 43 ਵਿਅਕਤੀਆਂ ਚ ਜ਼ਿਆਦਾਤਰ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਯਾਰਾਂ-ਦੋਸਤਾਂ ਕਰਕੇ ਨਸ਼ਿਆਂ ਦੀ ਆਦਤ ਪਈ ਤੇ ਕਈਆਂ ਨੇ ਨਸ਼ੇ ਨੂੰ ਸ਼ੌਕ ਵਜੋਂ ਲੈਣਾ ਤੇ ਹੋਰਨਾਂ ਨੇ ਉਨ੍ਹਾਂ ਨੂੰ ਗੁੰਮਰਾਹ ਕਰਕੇ ਇਸ ਦੀ ਦਲਦਲ ਵਿੱਚ ਆਉਣਾ ਦੱਸਿਆ। ਜ਼ਿਆਦਾਤਰ ਪੀੜ੍ਹਤਾਂ ਦਾ ਇਹ ਵੀ ਕਹਿਣਾ ਸੀ ਕਿ ਹੁਣ ਉਹ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਿਕਲਣ ਲਈ ਖ਼ੁਦ ਦ੍ਰਿੜ ਇਰਾਦਾ ਕਰਕੇ ਦਾਖ਼ਲ ਹੋਏ ਹਨ। ਉਹ ਹਰ ਹਾਲਤ ਵਿੱਚ ਨਸ਼ੇ ਦੀ ਲਪੇਟ ਚੋਂ ਬਾਹਰ ਨਿਕਲਣ ਲਈ ਵੀ ਯਤਨ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਹੌਂਸਲਾਂ ਦਿੰਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਹਰ ਤਰ੍ਹਾਂ ਦੀ ਸੰਭਵ ਮਦਦ ਕਰਨ ਦਾ ਭਰੋਸਾ ਦਿਵਾਇਆ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸੈਂਟਰ ਵਿੱਚ ਦਾਖਲ ਵਿਅਕਤੀਆਂ ਨੂੰ ਨਸ਼ਿਆਂ ਦੀ ਗ੍ਰਸਤ ਵਿੱਚੋਂ ਬਾਹਰ ਨਿਕਲਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਆਪਣੇ ਮਾਂ-ਪਿਓ, ਭੈਣ-ਭਰਾਵਾਂ ਅਤੇ ਆਪਣੇ ਖੁਦ ਦੀ ਜ਼ਿੰਦਗੀ ਦੀ ਅਹਿਮੀਅਤ ਨੂੰ ਸਮਝਦੇ ਹੋਏ ਇਸ ਦਲਦਲ ਵਿੱਚੋਂ ਨਿਕਲਣ ਲਈ ਖੁਦ ਨੂੰ ਮਜ਼ਬੂਤ ਕਰਨ। ਉਨ੍ਹਾਂ ਸੁਝਾਅ ਦਿੰਦਿਆਂ ਕਿਹਾ ਕਿ ਇਸ ਤੋਂ ਛੁਟਕਾਰੇ ਲਈ ਥੋੜੀ ਤਕਲੀਫ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਉਹ ਮਜ਼ਬੂਤ ਤੇ ਦ੍ਰਿੜ ਇਰਾਦੇ ਨਾਲ ਇਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਨਿਕਲਣ ਲਈ ਖੁਦ ਪਹਿਲ ਕਦਮੀ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਦ੍ਰਿੜ ਨਿਸ਼ਚੇ ਅਤੇ ਮਨ ਤੇ ਕਾਬੂ ਪਾ ਕੇ ਹਰ ਹਾਲਤ ਵਿੱਚ ਇਸ ਤੋਂ ਛੁਟਕਾਰਾ ਪਾਉਣ ਲਈ ਜ਼ਰੂਰ ਕਾਮਯਾਬ ਹੋਣਗੇ। ਇਸ ਮੌਕੇ ਉਨ੍ਹਾਂ ਪੀੜ੍ਹਤ ਵਿਅਕਤੀਆਂ ਦੀਆਂ ਸਮੱਸਿਆਵਾਂ ਸੁਣੀਆਂ। ਕਈ ਜਾਇਜ਼ ਸਮੱਸਿਆਵਾਂ ਦਾ ਉਨ੍ਹਾਂ ਮੌਕੇ ਤੇ ਹੀ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਵੀ ਦਿੱਤੇ।
ਇਸ ਉਪਰੰਤ ਡਿਪਟੀ ਕਮਿਸ਼ਨਰ ਵਲੋਂ ਡੀ ਅਡਿਕਸ਼ਨ ਸੈਂਟਰ ਦੇ ਸਟਾਫ਼ ਨਾਲ ਬੈਠਕ ਕਰਕੇ ਅਤੇ ਉਨ੍ਹਾਂ ਵਲੋਂ ਦਾਖਲ ਹੋਏ ਪੀੜ੍ਹਤਾਂ ਦੀ ਬੇਹਤਰੀ ਲਈ ਹੋਰ ਕੀਤੇ ਜਾ ਸਕਣ ਵਾਲੇ ਕੰਮਾਂ ਲਈ ਸੁਝਾਅ ਲਏ। ਉਨ੍ਹਾਂ ਪੀੜ੍ਹਤਾਂ ਲਈ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਵੀ ਕੀਤੀ। ਇਸ ਮੌਕੇ ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਖ਼ਾਸ ਹਦਾਇਤ ਕੀਤੀ ਕਿ ਜ਼ਿਲ੍ਹੇ ਅੰਦਰ ਘੱਟੋਂ-ਘੱਟ 6 ਅਜਿਹੇ ਪ੍ਰਭਾਵਿਤ ਪਿੰਡਾਂ ਅਤੇ 1-2 ਸ਼ਹਿਰੀ ਬਸਤੀਆਂ ਦੀ ਸ਼ਨਾਖ਼ਤ ਕਰਕੇ ਇੱਕ ਪਰਪੋਜ਼ਲ ਤਿਆਰ ਕਰਨ ਜਿੱਥੇ ਤਜ਼ਰਬੇ ਦੇ ਤੌਰ ਤੇ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਇੱਕ ਸਾਂਝੀ ਟੀਮ ਬਣਾ ਕੇ ਕਾਰਜ ਕੀਤੇ ਜਾ ਸਕਣ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮਿਨਾਕਸ਼ੀ ਸਿੰਗਲਾ, ਸਹਾਇਕ ਸਿਵਲ ਸਰਜਨ ਅਨੁਪਮਾ ਸ਼ਰਮਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਮਨ ਸਿੰਗਲਾ, ਨੋਡਲ ਅਫ਼ਸਰ ਡਾ. ਅਰੁਣ ਬਾਂਸਲ, ਡੀ ਅਡਿਕਸ਼ਨ ਦੇ ਮੈਨੇਜ਼ਰ ਰੂਪ ਸਿੰਘ ਮਾਨ, ਸੈਕਟਰੀ ਰੈੱਡ ਕਰਾਸ ਸ਼੍ਰੀ ਦਰਸ਼ਨ ਕੁਮਾਰ ਤੋਂ ਇਲਾਵਾ ਸਿਹਤ ਵਿਭਾਗ ਦਾ ਹੋਰ ਡਾਕਟਰੀ ਸਟਾਫ਼ ਹਾਜ਼ਰ ਰਿਹਾ।
Share the post "ਨਸ਼ਿਆਂ ਦੀ ਦਲਦਲ ਵਿਚੋਂ ਨਿਕਲਣ ਲਈ ਖੁਦ ਦੀ ਪਹਿਲ ਕਦਮੀ ਜ਼ਰੂਰੀ : ਡਿਪਟੀ ਕਮਿਸ਼ਨਰ"