ਸੁਖਜਿੰਦਰ ਮਾਨ
ਬਠਿੰਡਾ, 28 ਮਾਰਚ: ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅਤੇ ਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਰਾਜ ਪੱਧਰੀ ਨਾਟ-ਉਤਸਵ ਦੇ ਸਮਾਪਨ ਸਮਾਰੋਹ ‘ਤੇ ਨਾਟਕ ‘ਮੈਂ ਭਗਤ ਸਿੰਘ’ ਸਰਕਾਰੀ ਰਜਿੰਦਰਾ ਕਾਲਜ, ਬਠਿੰਡਾ ਵਿਖੇ ਖੇਡਿਆ ਗਿਆ। ਡਾ. ਪਾਲੀ ਭੁਪਿੰਦਰ ਸਿੰਘ ਰਚਿਤ ਇਸ ਨਾਟਕ ਦਾ ਨਿਰਦੇਸ਼ਨ ਕੀਰਤੀ ਕਿਰਪਾਲ ਨੇ ਕੀਤਾ। ਇਸ ਮੌਕੇ ਨਾਟ-ਉਤਸਵ ਦੇ ਸਮਾਪਨ ਸਮਾਰੋਹ ‘ਤੇ ਮੁੱਖ ਮਹਿਮਾਨ ਦੇ ਵਜੋਂ ਵਿਧਾਇਕ ਹਲਕਾ ਬਠਿੰਡਾ ਸ਼ਹਿਰੀ ਸ਼੍ਰੀ ਜਗਰੂਪ ਸਿੰਘ ਗਿੱਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਨਾਟਕ ਨੇ ਸਰਮਾਏਦਾਰੀ, ਰਾਜਨੀਤੀ, ਪ੍ਰਸ਼ਾਸਨ ਅਤੇ ਕਿਸਾਨੀ ਦੀ ਦਿਨੋ-ਦਿਨ ਮੰਦੀ ਹੋ ਰਹੀ ਹਾਲਤ ‘ਤੇ ਕਰਾਰੀ ਚੋਟ ਕੀਤੀ, ਜਿਸਨੇ ਦਰਸ਼ਕਾਂ ਨੂੰ ਸੋਚਣ ‘ਤੇ ਮਜ਼ਬੂਰ ਕੀਤਾ। ਪਾਤਰਾਂ ਦੇ ਸ਼ਾਨਦਾਰ ਅਭਿਨੈ ‘ਤੇ ਆਡੀਟੋਰੀਅਮ ਵਾਰ-ਵਾਰ ਤਾੜੀਆਂ ਨਾਲ ਗੂੰਜਿਆ। ਇਸ ਮੌਕੇ ਮੰਚ ਦਾ ਸੰਚਾਲਨ ਖੋਜ ਅਫ਼ਸਰ ਨਵਪ੍ਰੀਤ ਸਿੰਘ ਨੇ ਕੀਤਾ।
ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਡਾ. ਵਿਤੁਲ ਗੁਪਤਾ ਹੈਲਥ ਐਂਡ ਹਿਊਮਨ ਰਾਈਟ ਐਕਟੀਵਿਸਟ ਅਤੇ ਡਾ਼ ਕੁਲਦੀਪ ਸਿੰਘ ਗਿੱਲ ਪਹੁੰਚੇ । ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ। ਭਾਸ਼ਾ ਵਿਭਾਗ ਪੰਜਾਬ ਵੱਲੋਂ ਸਹਾਇਕ ਡਾਇਰੈਕਟਰ ਸ਼੍ਰੀ ਸਤਨਾਮ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਬਠਿੰਡਾ ਸ਼ਹਿਰ ‘ਚ ਹੋਇਆ ਇਹ ਨਾਟ-ਉਤਸਵ ਯਾਦਗਾਰੀ ਹੋ ਨਿਬੜਿਆ ਜਿਸ ਲਈ ਉਹਨਾਂ ਨੇ ਭਾਸ਼ਾ ਵਿਭਾਗ ਦੀ ਸਾਰੀ ਟੀਮ ਵੱਲੋਂ ਬਠਿੰਡਾ ਵਾਸੀਆਂ ਦਾ ਧੰਨਵਾਦ ਕੀਤਾ । ਉਹਨਾਂ ਇਹ ਵੀ ਕਿਹਾ ਇਸ ਨਾਟ-ਉਤਸਵ ਦੀ ਸਫ਼ਲਤਾ ਨੂੰ ਵੇਖਦੇ ਹੋਏ ਭਾਸ਼ਾ ਵਿਭਾਗ ਆਉਣ ਵਾਲੇ ਸਮੇਂ ‘ਚ ਬਠਿੰਡਾ ਵਿਖੇ ਹੋਰ ਪ੍ਰੋਗ੍ਰਾਮ ਉਲੀਕੇਗਾ ।
ਇਸ ਨਾਟ-ਉਤਸਵ ਵਿੱਚ ਮੁੱਖ ਦਫ਼ਤਰ ਭਾਸ਼ਾ ਵਿਭਾਗ ਪਟਿਆਲਾ ਵੱਲੋਂ ਸਹਾਇਕ ਡਾਇਰੈਕਟਰ ਸ਼੍ਰੀ ਪ੍ਰਵੀਨ ਕੁਮਾਰ ਵਰਮਾ, ਸਹਾਇਕ ਡਾਇਰੈਕਟਰ ਸ਼੍ਰੀ ਸੰਤੋਖ ਸੁੱਖੀ ਤੋਂ ਇਲਾਵਾ ਹੋਰ ਉੱਘੀਆਂ ਸਾਹਿਤਕ ਸ਼ਖ਼ਸੀਅਤਾਂ ਵਿੱਚੋਂ ਡਾ਼ ਅਤਰਜੀਤ, ਨਿਰੰਜਣ ਸਿੰਘ ਪ੍ਰੇਮੀ, ਜਸਪਾਲ ਮਾਨਖੇੜਾ ਅਤੇ ਮਲਕੀਤ ਸਿੰਘ ਮਛਾਣਾ ਆਦਿ ਮੌਜੂਦ ਸਨ।
ਨਾਟਕ ‘ਮੈਂ ਭਗਤ ਸਿੰਘ’ ਨੇ ਦਰਸ਼ਕਾਂ ਦੇ ਮਨਾਂ ‘ਤੇ ਛੱਡੀ ਡੂੰਘੀ ਛਾਪ
23 Views