15 ਰੋਜ਼ਾ 11ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੀ 13ਵੀਂ ਸ਼ਾਮ ਦਿੱਲੀ ਦੇ ਕਲਾਕਾਰ ਹੋਏ ਪੇਸ਼
ਸੁਖਜਿੰਦਰ ਮਾਨ
ਬਠਿੰਡਾ, 14 ਅਕਤੂਬਰ- ਨਾਟਿਅਮ ਪੰਜਾਬ ਵੱਲੋਂ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਪੰਜਾਬ ਸੰਗੀਤ ਨਾਟਕ ਅਕਾਦਮੀ, ਹਰਿਆਣਾ ਕਲਾ ਪ੍ਰੀਸ਼ਦ ਅਤੇ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਬਠਿੰਡਾ ਦੇ ਐੱਮ.ਆਰ.ਐੱਸ.ਪੀ.ਟੀ.ਯੂ. ਕੈਂਪਸ ਵਿਖੇ ਕਰਵਾਏ ਜਾ ਰਹੇ 15 ਰੋਜ਼ਾ 11ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੀ 13ਵੀਂ ਸ਼ਾਮ ਕਾਲਜੀਏਟ ਡਰਾਮਾ ਸੋਸਾਇਟੀ, ਦਿੱਲੀ ਦੇ ਕਲਾਕਾਰਾਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਸਮਰਪਿਤ ਡਾ. ਚਰਨਦਾਸ ਸਿੱਧੂ ਦੇ ਲਿਖੇ ਨਾਟਕ ‘ਨਾਸਤਿਕ ਸ਼ਹੀਦ’ ਨੂੰ ਰਵੀ ਤਨੇਜਾ ਦੀ ਨਿਰਦੇਸ਼ਨਾ ਹੇਠ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ। ਸੰਗੀਤ ਨਾਟਕ ਅਕਾਦਮੀ, ਦਿੱਲੀ ਦੀ ਟੀਮ ਵੱਲੋਂ ਪੇਸ਼ ਇਸ ਹਿੰਦੀ ਨਾਟਕ ਵਿਚ ਸ਼ਹੀਦ ਏ ਆਜ਼ਮ ਸ ਭਗਤ ਸਿੰਘ ਦੀ ਜ਼ਿੰਦਗੀ ਦੇ ਅਖੀਰਲੇ 6 ਮਹੀਨਿਆਂ ਦੇ ਜੀਵਨ ਨੂੰ ਦਿਖਾਉਂਦੇ ਹੋਏ ਸ਼ਹੀਦ ਦੀ ਸੋਚ, ਜਜ਼ਬੇ ਅਤੇ ਧਰਮ-ਜਾਤ ਆਦਿ ਵਖਰੇਵਿਆਂ ਵਿਚ ਵੰਡੇ ਸਾਡੇ ਸਮਾਜ ਪ੍ਰਤੀ ਉਹਨਾਂ ਦੇ ਨਜ਼ਰੀਏ ਅਤੇ ਨਿਰਾਸ਼ਾ ਨੂੰ ਦਰਸ਼ਕਾਂ ਅੱਗੇ ਰੱਖਿਆ ਗਿਆ, ਜਿਸਨੂੰ ਖੂਬ ਪਸੰਦ ਕੀਤਾ। ਨਾਟਕ ਮੇਲੇ ਦੀ ਇਸ ਸ਼ਾਮ ਦੌਰਾਨ ਪਹੁੰਚੇ ਵਿਸ਼ੇਸ਼ ਮਹਿਮਾਨਾਂ ਸੀਗੁੱਲ ਥੀਏਟਰ ਗੁਵਾਹਾਟੀ, ਆਸਾਮ ਤੋਂ ਡਾਇਰੈਕਟਰ ਭਾਗੀਰਥੀ ਬਾਈ ਅਤੇ ਥਰਡ ਬੈੱਲ ਕਲਚਰਲ ਸੋਸਾਇਟੀ, ਭੋਪਾਲ ਤੋਂ ਸੀਨੀਅਰ ਰੰਗਮੰਚੀ ਕਲਾਕਾਰ ਅਨੂਪ ਜੋਸ਼ੀ ਵੱਲੋਂ ਸ਼ਮਾ ਰੌਸ਼ਨ ਕਰਕੇ ਸ਼ਾਮ ਦੀ ਸ਼ੁਰੂਆਤ ਕੀਤੀ ਗਈ।