ਸੁਖਜਿੰਦਰ ਮਾਨ
ਬਠਿੰਡਾ, 10 ਫਰਵਰੀ – ਪੰਜਾਬ ਦੇ ਸਮੂਹ ਨੌਜਵਾਨ ਵਰਗ ਨਾਲ ਸੰਬੰਧਿਤ ਮੁੱਖ ਮੁੱਦਿਆਂ ਸਿੱਖਿਆ ਤੇ ਬੇਰੁਜ਼ਗਾਰੀ ਦੇ ਠੋਸ ਹੱਲ ਲਈ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਾ ਸਮੇਂ ਦੀ ਲੋੜ ਹੈ । ਇਹ ਪ੍ਰਗਟਾਵਾ ਹਲਕਾ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਇੰਜ. ਅਮਿਤ ਰਤਨ ਕੋਟਫੱਤਾ ਨੇ ਵੱਖ ਵੱਖ ਪਿੰਡਾਂ ‘ਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਸਾਰ ਹੀ ਸਿੱਖਿਆ ਪ੍ਰਬੰਧ ਨੂੰ ਠੀਕ ਕਰਨਾ ਅਤੇ ਨੌਜਵਾਨ ਵਰਗ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਵੱਖ ਵੱਖ ਵਿਭਾਗਾਂ ‘ਚ ਭਰਤੀਆਂ ਖੋਲੀਆਂ ਜਾਣਗੀਆਂ । ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਕਾਲਜਾਂ ਤੇ ਯੂਨੀਵਰਸਿਟੀਆਂ ਲਈ ਵਿਸ਼ੇਸ਼ ਪੈਕੇਜ ਐਲਾਨਕੇ ਉੱਚ ਸਿੱਖਿਆ ਪ੍ਰਬੰਧ ਨੂੰ ਦਰੁਸਤ ਕੀਤਾ ਜਾਵੇਗਾ । ਜੇਕਰ ਨੌਜਵਾਨ ਸਹੀ ਸਿੱਖਿਆ ਪ੍ਰਾਪਤ ਕਰਨਗੇ ਤੇ ਨੌਕਰੀਆਂ ਪ੍ਰਾਪਤ ਕਰਨਗੇ ਤਾਂ ਨਸ਼ੇ ਵੱਲ ਉਨ੍ਹਾਂ ਦਾ ਧਿਆਨ ਹੀ ਨਹੀਂ ਜਾਵੇਗਾ । ਉਨ੍ਹਾਂ ਕਿਹਾ ਕਿ 70 ਸਾਲਾਂ ਤੋਂ ਪੰਜਾਬ ‘ਚ ਰਵਾਇਤੀ ਪਾਰਟੀਆਂ ਨੇ ਬਦਲ ਬਦਲ ਕੇ ਨੌਜਵਾਨੀ ਦਾ ਘਾਣ ਕੀਤਾ ਹੈ । ਪਰ ਮੈਂ ਇੱਕ ਨੌਜਵਾਨ ਹੋਣ ਦੇ ਨਾਤੇ ਇਹ ਗੱਲ ਭਲੀ ਭਾਂਤ ਜਾਣਦਾ ਹਾਂ ਕਿ ਨੌਜਵਾਨੀ ਨੂੰ ਬਚਾ ਕੇ ਅਤੇ ਸਹੀ ਲੀਹ ਤੇ ਪਾ ਕੇ ਸਮਾਜ ਦਾ ਭਲਾ ਹੋ ਸਕਦਾ ਹੈ । ਉਨ੍ਹਾਂ ਕਿਹਾ ਕਿ ਜੇਕਰ ਮੇਰੇ ਹਲਕੇ ਦੇ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਮੇਰੇ ਤੇ ਯਕੀਨ ਕਰਕੇ ਮੈਨੂੰ ਵਿਧਾਨ ਸਭਾ ‘ਚ ਜਿਤਾ ਕੇ ਭੇਜਿਆ ਤਾਂ ਮੈਂ ਆਪਣੇ ਹਲਕੇ ਦੇ ਨੌਜਵਾਨੀ ਨੂੰ ਸਾਂਭਣ ਅਤੇ ਪੂਰੇ ਹਲਕੇ ਦੇ ਲੋਕਾਂ ਦੀ ਸੇਵਾ ਲਈ ਦਿਨ ਰਾਤ ਇੱਕ ਕਰ ਦਵਾਂਗਾ ।
Share the post "ਨੌਜਵਾਨਾਂ ਦੇ ਮੁੱਦਿਆਂ ਦੇ ਹੱਲ ਲਈ ‘ਆਪ’ ਦੀ ਸਰਕਾਰ ਬਣਾਉਣਾ ਸਮੇਂ ਦੀ ਲੋੜ – ਅਮਿਤ ਰਤਨ"