ਕਿਸੇ ਨੇ ਵੀ ਪਰਲਜ਼ ਕੰਪਨੀ ਦੀਆਂ ਜਾਇਦਾਦਾਂ ਤੇ ਨਜਾਇਜ਼ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹੋਵੇਗੀ ਕਾਨੂੰਨੀ ਕਾਰਵਾਈ : ਡਿਪਟੀ ਕਮਿਸ਼ਨਰ
ਸੁਖਜਿੰਦਰ ਮਾਨ
ਬਠਿੰਡਾ, 27 ਜੁਲਾਈ: ਸਥਾਨਕ ਸ਼ਹਿਰ ਦੇ 100 ਫੁੱਟੀ ਰੋਡ ’ਤੇ ਸਥਿਤ ਬਹੁਕੀਮਤੀ 200 ਗਜ਼ ਜਮੀਨ ‘ਤੇ ਨਜਾਇਜ਼ ਕਬਜਾ ਕਰਨ ਵਾਲੇ ਤਿੰਨ ਜਣਿਆਂ ਨੂੰ ਮੌਕੇ ’ਤੋਂ ਕਾਬੂ ਕਰਕੇ ਉਨ੍ਹਾਂ ਵਿਰੁਧ ਸਿਵਲ ਲਾਈਨ ਪੁਲਿਸ ਨੇ ਕੇਸ ਦਰਜ਼ ਕੀਤਾ ਹੈ। ਕਥਿਤ ਦੋਸੀ ਪ੍ਰਾਪਟੀ ਕਾਰੋਬਾਰ ਨਾਲ ਜੁੜੇ ਦੱਸੇ ਜਾ ਰਹੇ ਹਨ। ਚਰਚਾ ਮੁਤਾਬਕ ਇੰਨ੍ਹਾਂ ਦੇ ਪਿੱਛੇ ਕੁੱਝ ‘ਰਸੂਖਵਾਨ’ ਲੋਕਾਂ ਦਾ ਹੱਥ ਹੈ, ਜਿੰਨਾਂ ਦੀ ਸਿਨਾਖ਼ਤ ਕਰਨ ਲਈ ਪੁਲਿਸ ਟੀਮਾਂ ਪੁਛਗਿਛ ਕਰ ਰਹੀਆਂ ਹਨ। ਕਬਜਾ ਕਰਨ ਵਾਲੇ ਤਿੰਨ ਵਿਅਕਤੀਆਂ ਦੀ ਸਿਨਾਖ਼ਤ ਜਸਵੀਰ ਸਿੰਘ ਤੇ ਸੁਖਜਿੰਦਰ ਸਿੰਘ ਵਾਸੀ ਘੁੰਮਣ ਕਲਾਂ ਅਤੇ ਕਮਲਪ੍ਰੀਤ ਸਿੰਘ ਵਾਸੀ ਕੋਟਫੱਤਾ ਦੇ ਤੌਰ ’ਤੇ ਹੋਈ ਹੈ। ਥਾਣਾ ਸਿਵਲ ਲਾਈਨ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦਸਿਆ ਕਿ ਕਥਿਤ ਦੋਸ਼ੀਆਂ ਵਿਰੁਧ ਧਾਰਾ 420, 465, 467, 447, 511, 120ਬੀ ਆਈਪੀਸੀ ਤਹਿਤ ਕੇਸ ਦਰਜ਼ ਕਰਕੇ ਇੰਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਹੋਰ ਪੁਛਗਿਛ ਲਈ ਅਦਾਲਤ ਨੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਹੈ। ਉਧਰ ਇਸ ਮਾਮਲੇ ਵਿਚ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਜਮਾਂ ਪਾਸੋਂ ਪੁੱਛ ਪੜਤਾਲ ਕਰਕੇ ਇਸ ਵਿੱਚ ਸ਼ਾਮਲ ਹੋਰ ਵਿਅਕਤੀਆਂ ਦਾ ਪਤਾ ਲਾਇਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਇਹ ਵੀ ਧਿਆਨ ਵਿੱਚ ਆਇਆ ਹੈ ਕਿ ਪਰਲਜ਼ ਕੰਪਨੀ ਦੀ ਹੋਰ 200 ਗਜ਼ ਜਗਾ ’ਤੇ ਵੀ ਕਿਸੇ ਦੁਆਰਾ ਪਹਿਲਾਂ ਕਬਜ਼ਾ ਕੀਤਾ ਹੋਇਆ ਹੈ, ਜਿਸਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਹਦਾਇਤ ਕਰਦਿਆਂ ਕਿਹਾ ਕਿ ਜੇਕਰ ਭਵਿੱਖ ਚ ਕਿਸੇ ਨੇ ਵੀ ਪਰਲਜ਼ ਕੰਪਨੀ ਦੀਆਂ ਜਾਇਦਾਦਾਂ ਤੇ ਨਜਾਇਜ਼ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਖਿਲਾਫ਼ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਪਰਲਜ਼ ਕੰਪਨੀ ਦੀਆਂ ਜਾਇਦਾਦਾਂ ਨੂੰ ਲੈ ਕੇ ਸੁਪਰੀਮ ਕੋਰਟ ਆਫ਼ ਇੰਡੀਆ ਵੱਲੋਂ ਕੀਤੇ ਹੁਕਮਾਂ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਤਹਿਤ ਪਰਲਜ਼ ਕੰਪਨੀ ਦੀਆਂ ਬਠਿੰਡਾ ਵਿਖੇ ਸਥਿਤ ਜਾਇਦਾਦਾਂ ਦੀ ਸ਼ਨਾਖਤ ਉਪਰੰਤ ਫਿਜੀਕਲ ਵੈਰੀਫਿਕੇਸ਼ਨ ਲਈ ਉਪ ਮੰਡਲ ਮੈਜਿਸਟਰੇਟ/ ਤਹਿਸੀਲਦਾਰ ਅਤੇ ਸਬੰਧਤ ਉਪ ਕਪਤਾਨ ਪੁਲਿਸ ਦੀ ਇੱਕ ਕਮੇਟੀ ਵੀ ਬਣਾਈ ਗਈ ਹੈ। ਗੌਰਤਲਬ ਹੈ ਕਿ ਅਰਬਾਂ ਦੀ ਠੱਗੀ ਮਾਰਨ ਵਾਲੀ ਪਰਲਜ਼ ਕੰਪਨੀ ਦਾ ਐਮ.ਡੀ ਸੁਖਦੇਵ ਸਿੰਘ ਭੰਗੂ ਅਤੇ ਹੋਰ ਡਾਇਰੈਕਟਰ ਦੇਸ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਬੰਦ ਹਨ ਅਤੇ ਪਰਲਜ਼ ਵਿਚ ਪੈਸਾ ਲਗਾਉਣ ਵਾਲੇ ਨਿਵੇਸ਼ਕਾਂ ਦਾ ਪੈਸਾ ਵਾਪਸ ਕਰਨ ਲਈ ਸੇਬੀ ਅਤੇ ਹੋਰ ਸੰਸਥਾਵਾਂ ਵਲੋਂ ਕੰਮ ਕੀਤਾ ਜਾ ਰਿਹਾ ਹੈ। ਇਸਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੀ ਪਰਲਜ਼ ਕੰਪਨੀ ਦੀਆਂ ਜਾਇਦਾਦਾਂ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
Share the post "ਪਰਲਜ਼ ਕੰਪਨੀ ਦੀ 200 ਗਜ਼ ਜਗ੍ਹਾਂ ’ਤੇ ਨਜ਼ਾਇਜ਼ ਕਬਜ਼ੇ ਕਰਨ ਵਾਲੇ 3 ਜਣੇ ਕਾਬੂ, ਕੇਸ ਦਰਜ਼"