ਮੁੱਖ ਸਪਲਾਈਰ ਫ਼ਰਾਰ
ਸੁਖਜਿੰਦਰ ਮਾਨ
ਬਠਿੰਡਾ, 02 ਮਾਰਚ: ਬਠਿੰਡਾ ਪੱਟੀ ’ਚ ਚਿੱਟੇ ਦੇ ਦਿਨੋਂ-ਦਿਨ ਵਧ ਰਹੇ ਪ੍ਰਕੋਪ ਤੋਂ ਦੁਖੀ ਹੋ ਕੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਖੋਲੇ ਮੋਰਚੇ ਤੋਂ ਬਾਅਦ ਤਸਕਰਾਂ ਦੁਆਰਾ ਅਪਣੇ ਠਿਕਾਣੇ ਬਦਲਣ ਦੀ ਸੂਚਨਾ ਹੈ। ਅਜਿਹੇ ਹੀ ਇੱਕ ਮਾਮਲੇ ਵਿਚ ਸਥਾਨਕ ਸੀਆਈਏ ਸਟਾਫ -1 ਦੀ ਟੀਮ ਵਲੋਂ ਦੋ ਅਜਿਹੇ ਨੌਜਵਾਨਾਂ ਨੂੰ ਚਿੱਟੇ ਸਹਿਤ ਕਾਬੂ ਕੀਤਾ ਹੈ, ਜਿੰਨ੍ਹਾਂ ਨੇ ਕੁੱਝ ਸਮਾਂ ਪਹਿਲਾਂ ਪਿੰਡ ਦੇ ਲੋਕਾਂ ਵਲੋਂ ਵਿਰੋਧ ਕਰਨ ‘ਤੇ ਸ਼ਹਿਰ ਵਿਚ ਟਿਕਾਣਾ ਕਰ ਲਿਆ ਸੀ। ਮਾਮਲੇ ਦੀ ਜਾਣਕਾਰੀ ਦਿੰਦਿਆਂ ਵਿੰਗ ਦੇ ਸਬ ਇੰਸਪੈਕਟਰ ਹਰਜੀਵਨ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨਾਂ ਦੀ ਪਹਿਚਾਣ ਜਸਵੰਤ ਸਿੰਘ ਵਾਸੀ ਸਮਾਲਸਰ ਜ਼ਿਲ੍ਹਾ ਮੋਗਾ ਅਤੇ ਸੁਖਪਾਲ ਸਿੰਘ ਵਾਸੀ ਹਰਰਾਏਪੁਰ ਵਜੋਂ ਹੋਈ ਹੈ। ਇੰਨ੍ਹਾਂ ਤੋਂ 22 ਗ੍ਰਾਮ ਹੈਰੋਇਨ ਅਤੇ 81 ਹਜ਼ਾਰ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਅਸਲ ਵਿਚ ਇਲਾਕੇ ਵਿਚ ਹੈਰੋਇਨ ਤੇ ਚਿੱਟੇ ਦੀ ਸਪਲਾਈ ਕਰਨ ਵਾਲਾ ਮੁੱਖ ਕਿੰਗਪਿੰਨ ਰਮਨਦੀਪ ਉਰਫ਼ ਹੈਰੀ ਵਾਸੀ ਹਰਰਾਏਪੁਰ ਹੈ, ਜਿਸਦੇ ਵਿਰੁਧ ਪਹਿਲਾਂ ਵੀ ਪਰਚੇ ਦਰਜ਼ ਹਨ। ਜਸਵੰਤ ਸਿੰਘ ਉਕਤ ਹੈਰੀ ਦਾ ਰਿਸ਼ਤੇਦਾਰ ਹੈ ਤੇ ਸੁਖਪਾਲ ਹੈਰੀ ਦਾ ਦੋਸਤ ਹੈ। ਮੁਢਲੀ ਪੜਤਾਲ ਮੁਤਾਬਕ ਹੈਰੀ ਹੀ ਬਾਹਰੋਂ ਹੈਰੋਇਨ ਤੇ ਚਿੱਟਾ ਲੈ ਕੇ ਆਉਂਦਾ ਸੀ ਤੇ ਸੁਖਪਾਲ ਤੇ ਜਸਵੰਤ ਅੱਗੇ ਉਸਦੀ ਸਪਲਾਈ ਕਰਦੇ ਸਨ। ਪਿੰਡ ’ਚ ਵਿਰੋਧ ਹੋਣ ਤੋਂ ਬਾਅਦ ਹੁਣ ਇੰਨ੍ਹਾਂ ਨੇ ਅਪਣਾ ਟਿਕਾਣਾ ਜੁਝਾਰ ਸਿੰਘ ਨਗਰ ਬਠਿੰਡਾ ਵਿਖੇ ਬਣਾਇਆ ਹੋਇਆ ਸੀ। ਗੌਰਤਲਬ ਹੈ ਕਿ ਹਰਰਾਏਪੁਰ ਦੀ ਪੰਚਾਇਤ ਵਲੋਂ ਕੁੱਝ ਦਿਨ ਪਹਿਲਾਂ ਨਸ਼ਾ ਤਸਕਰਾਂ ਵਿਰੁਧ ਮਤਾ ਪਾਸ ਕੀਤਾ ਗਿਆ ਸੀ ਤੇ ਨਾਲ ਹੀ ਪਿੰਡ ਦੇ ਕਲੱਬ ਦੀ ਸਹਾਇਤਾ ਨਾਲ ਮਾਰਚ ਵੀ ਕੱਢਿਆ ਗਿਆ ਹੈ।
ਪਿੰਡ ‘ਚ ਵਿਰੋਧ ਹੋਣ ’ਤੇ ਸ਼ਹਿਰ ਵਿਚ ਆਕੇ ਚਿੱਟਾ ਵੇਚਣ ਵਾਲੇ ਦੋ ਕਾਬੂ
12 Views