ਸੁਖਜਿੰਦਰ ਮਾਨ
ਬਠਿੰਡਾ, 16 ਅਕਤੂਬਰ : ਪਿਛਲੇ 11 ਦਿਨਾਂ ਤੋਂ ਨਰਮੇ ਅਤੇ ਹੋਰ ਫਸਲਾਂ ਦੇ ਖਰਾਬੇ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਅੱਗੇ ਪੱਕਾ ਮੋਰਚਾ ਲਗਾਈ ਬੈਠੇ ਸੈਕੜੇਂ ਕਿਸਾਨਾਂ ਵਲੋਂ ਅੱਜ ਪਿੰਡ ਬਾਦਲ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ , ਗ੍ਰਹਿ ਮੰਤਰੀ ਅਮਿਤ ਸਾਹ, ਯੂ ਪੀ ਦੇ ਮੁੱਖ ਮੰਤਰੀ ਅਦਿਤਆ ਨਾਥ ਜੋਗੀ ਅਤੇ ਸਾਮਰਾਜ ਦਾ ਵੱਡਾ ਦਿਓ ਕੱਦ ਪੁਤਲਾ ਫੂਕਿਆ ਗਿਆ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਜਲ੍ਹਿਾ ਫਾਜਲਿਕਾ ਦੇ ਪ੍ਰਧਾਨ ਗੁਰਭੇਜ ਸਿੰਘ, ਜਲ੍ਹਿਾ ਮੁਕਤਸਰ ਸਾਹਿਬ ਦੇ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ,ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਔਰਤ ਆਗੂ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਕਿਸਾਨਾਂ ਵਲੋਂ ਦਿੱਲੀ ਲਾਏ ਮੋਰਚੇ ਨੂੰ ਲਗਪਗ ਗਿਆਰਾਂ ਮਹੀਨੇ ਹੋਣ ਵਾਲੇ ਹਨ ਪਰ ਕੇਂਦਰ ਦੀ ਭਾਜਪਾ ਸਰਕਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਫਾਸੀਵਾਦੀ ਹਮਲੇ ਕਰ ਰਹੀ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਦੋਸ਼ ਲਗਾਇਅ ਕਿ ਪੰਜਾਬ ਦੀ ਸਰਕਾਰ ਵੀ ਹੁਣ ਕੇਂਦਰ ਸਰਕਾਰ ਦੇ ਰਾਹ ’ਤੇ ਚੱਲ ਰਹੀ ਹੈ। ਜਿਵੇਂ ਕੇਂਦਰ ਸਰਕਾਰ ਵੱਲੋਂ ਗਿਆਰਾਂ ਮਹੀਨਿਆਂ ਤੋਂ ਬੈਠੇ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਦੇ ਖ਼ਜ਼ਾਨਾ ਮੰਤਰੀ ਦੀ ਕੋਠੀ ਅੱਗੇ ਆਪਣੀ ਖ਼ਰਾਬ ਹੋਈ ਨਰਮੇ ਦੀ ਫਸਲ ਦੇ ਮੁਆਵਜੇ ਲਈ ਬਾਰਾਂ ਦਿਨਾਂ ਤੋਂ ਖਜ਼ਾਨਾ ਮੰਤਰੀ ਦੀ ਕੋਠੀ ਅੱਗੇ ਬੈਠੇ ਕਿਸਾਨਾਂ ਮਜਦੂਰਾਂ ਦੀ ਪੰਜਾਬ ਸਰਕਾਰ ਵਲੋਂ ਗੱਲ ਨਹੀਂ ਸੁਣੀ ਜਾ ਰਹੀ। ਅੱਜ ਦੇ ਇਕੱਠ ਨੂੰ ਨੌਜਵਾਨ ਭਾਰਤ ਸਭਾ ਦੇ ਆਗੂ ਅਸਵਨੀ ਘੁੱਦਾ ਅਤੇ ਕਹਾਣੀਕਾਰ ਅਤਰਜੀਤ ਸਿੰਘ ਨੇ ਵੀ ਸੰਬੋਧਨ ਕੀਤਾ। ਕੇਂਦਰੀ ਯੂਨੀਵਰਸਿਟੀ ਘੁੱਦਾ ਤੋਂ ਆਏ ਕੇਰਲਾ ਦੇ ਵਿਦਿਆਰਥੀਆਂ ਨੇ ਆਪਣੀ ਭਾਸ਼ਾ ਵਿੱਚ ਕਿਸਾਨ ਪੱਖੀ ਗੀਤ ਸਾਂਝਾ ਕੀਤਾ । ਲੋਕ ਪੱਖੀ ਗਾਇਕ ਅਜਮੇਰ ਸਿੰਘ ਅਕਲੀਆ ਨਿਰਮਲ ਸਿੰਘ ਸਿਵੀਆਂ ਅਤੇ ਹੋਰ ਗੀਤਕਾਰਾ ਨੇ ਵੀ ਕਿਸਾਨ ਅਤੇ ਲੋਕ ਪੱਖੀ ਗੀਤ ਪੇਸ਼ ਕੀਤੇ ।