ਸਿਕਾਇਤ ਮਿਲਣ ’ਤੇ ਕਿਸਾਨ ਜਥੇਬੰਦੀਆਂ ਸਹਿਤ ਪਿੰਡਾਂ ਦੇ ਲੋਕਾਂ ਨੇ ਲਗਾਇਆ ਪੰਪ ’ਤੇ ਧਰਨਾ
ਸੁਖਜਿੰਦਰ ਮਾਨ
ਬਠਿੰਡਾ, 25 ਮਾਰਚ: ਸ਼ਹਿਰ ਨਜਦੀਕ ਲੱਗਦੇ ਕਸਬੇ ਬੱਲੂਆਣਾ ਦੇ ਬੱਸ ਸਟੈਂਡ ’ਤੇ ਸਥਿਤ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਪੰਪ ਨੂੰ ਅੱਜ ਤੇਲ ’ਚ ਪਾਣੀ ਪਾ ਕੇ ਵੇਚਣ ਦੇ ਦੋਸ਼ਾਂ ਹੇਠ ਪ੍ਰਸ਼ਾਸਨ ਵਲੋਂ ਸੀਲ ਕਰ ਦਿੱਤਾ ਗਿਆ। ਇਸ ਪੰਪ ਵਿਚੋਂ ਤੇਲ ਪਵਾਉਣ ਤੋਂ ਬਾਅਦ ਮੋਟਰਸਾਈਕਲ ਦੀ ਟੈਂਕੀ ਵਿਚੋਂ ਪਾਣੀ ਨਿਕਲਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਭੜਕੇ ਪਿੰਡ ਵਾਸੀਆਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਸਿੱਧੂਪਰ ਅਤੇ ਬੀਕੇਯ ਡਕੋਦਾਂ ਦੇ ਵਰਕਰਾਂ ਨੇ ਪੰਪ ਦਾ ਘਿਰਾਓ ਕਰਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਘਟਨਾ ਦਾ ਪਤਾ ਚੱਲਦੇ ਹੀ ਥਾਣਾ ਸਦਰ ਦੀ ਪੁਲਿਸ ਮੌਕੇ ’ਤੇ ਪੁੱਜੀ। ਇਸਤੋਂ ਬਾਅਦ ਐਸ.ਐਚ.ਓ ਗੁਰਮੀਤ ਸਿੰਘ ਅਤੇ ਡੀਐਸਪੀ ਨਰਿੰਦਰ ਸਿੰਘ ਵੀ ਮੌਕੇ ’ਤੇ ਪੁੱਜੇ। ਇਸਦੇ ਨਾਲ ਹੀ ਖ਼ੁਰਾਕ ਤੇ ਸਪਲਾਈ ਵਿਭਾਗ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ, ਜਿੰਨ੍ਹਾਂ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ। ਇਸ ਮੌਕੇ ਲੋਕਾਂ ਨੇ ਦਸਿਆ ਕਿ ਜਾਂਚ ਦੌਰਾਨ ਤੇਲ ਵਾਲੇ ਡੱਗ ਦੇ ਨਜਦੀਕ ਇੱਕ ਹੈਡਪੰਪ ਵੀ ਬਰਾਮਦ ਕੀਤਾ ਗਿਆ, ਜਿਸਦੇ ਨਾਲ ਤੇਲ ਵਿਚ ਪਾਣੀ ਮਿਲਾਇਆ ਜਾਂਦਾ ਸੀ। ਕਾਰਪੋਰੇਸ਼ਨ ਦੇ ਸਹਾਇਕ ਮੈਨੇਜ਼ਰ ਮਹੇਸ਼ਵਰ ਨੇ ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸ਼ਾਂਤ ਕਰਦਿਆਂ ਭਰੋਸਾ ਦਿਵਾਇਆ ਕਿ ਜਾਂਚ ਪੂਰੀ ਹੋਣ ਤੱਕ ਇਹ ਪੰਪ ਪੂਰੀ ਤਰ੍ਹਾਂ ਸੀਲ ਰਹੇਗਾ। ਦਸਣਾ ਬਣਦਾ ਹੈ ਕਿ ਉਕਤ ਪੰਪ ਬਾਰੇ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਸਨ ਪ੍ਰੰਤੂ ਅੱਜ ਇਹ ਮਾਮਲਾ ਉਸ ਵੇਲੇ ਭੜਕ ਗਿਆ ਜਦੋਂ ਨਜ਼ਦੀਕੀ ਪਿੰਡ ਦਾ ਨੌਜਵਾਨ ਸੁਖਰਾਜ ਸਿੰਘ ਇਸ ਪੰਪ ਤੋਂ ਬੋਤਲ ਵਿਚ ਤੇਲ ਪਵਾਉਣ ਆਇਆ। ਇਸ ਦੌਰਾਨ ਨੌਜਵਾਨ ਨੂੰ ਸ਼ੱਕ ਹੋਇਆ ਕਿ ਬੋਤਲ ਵਿਚ ਤੇਲ ਦੇ ਨਾਲ-ਨਾਲ ਪਾਣੀ ਵੀ ਹੈ, ਜਿਸਦੇ ਚੱਲਦੇ ਜਦ ਉਸਨੇ ਪੰਪ ਦੇ ਕਰਿੰਦੇ ਨੂੰ ਪੁਛਿਆ ਤਾਂ ਦੋਨਾਂ ਵਿਚਕਾਰ ਤਕਰਾਰ ਹੋ ਗਿਆ। ਜਿਸਤੋਂ ਬਾਅਦ ਇਸ ਦੀ ਸੂਚਨਾ ਮਿਲਦੇ ਹੀ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਪੁੱਜਣੇ ਸ਼ੁਰੂ ਹੋ ਗਏ। ਕਿਸਾਨ ਆਗੂ ਗੁਰਪਾਲ ਸਿੰਘ ਅਤੇ ਬਲਦੇਵ ਸਿੰਘ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੇ ਪੈਟਰੋਲ ਪੰਪ ਦੇ ਮਾਲਕਾਂ ਖ਼ਿਲਾਫ਼ ਧਰਨਾ ਲਗਾ ਕਿ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਿਸਤੋਂ ਬਾਅਦ ਹੀ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਪੰਪ ਨੂੰ ਸੀਲ ਕਰ ਦਿੱਤਾ।
ਪੈਟਰੋਲ ’ਚ ਪਾਣੀ ਪਾ ਕੇ ਵੇਚਣ ਦੇ ਦੋਸ਼ਾਂ ਹੇਠ ਪ੍ਰਸ਼ਾਸਨ ਵਲੋਂ ਪੰਪ ਸੀਲ
12 Views