ਬਠਿੰਡਾ ਦੇ ਡੀਸੀ ਤੇ ਐਸ.ਐਸ.ਪੀ ਵੀ ਤਲਬ
ਸੁਖਜਿੰਦਰ ਮਾਨ
ਬਠਿੰਡਾ, 7 ਜਨਵਰੀ: ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਕਥਿਤ ਸੁਰੱਖਿਆ ਲਾਪ੍ਰਵਾਹੀ ਮਾਮਲੇ ’ਚ ਅੱਜ ਦਿੱਲੀ ਤੋਂ ਪੁੱਜੀ ਕੇਂਦਰੀ ਟੀਮ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਨੂੰ ਵੀ ਤਲਬ ਕਰ ਲਿਆ। ਡਿਪਟੀ ਸੈਕਟਰੀ ਅਰਚਨਾ ਵਰਮਾ ਵਲੋਂ ਐਸ.ਐਸ.ਪੀ ਅਜੈ ਮਲੂਜਾ ਨੂੰ ਸਖ਼ਤ ਤਾੜਣਾ ਵਾਲਾ ਪੱਤਰ ਜਾਰੀ ਕਰਦਿਆਂ 24 ਘੰਟਿਆਂ ’ਚ ਅਪਣਾ ਪੱਖ ਰੱਖਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਸਨ। ਪੱਤਰ ਵਿਚ ਕਿਹਾ ਗਿਆ ਹੈ ਕਿ ਕਿਉਂ ਨਾ ਉਨ੍ਹਾਂ ਵਿਰੁਧ ਆਲ ਇੰਡੀਆ ਸਰਵਿਸਜ਼ (ਡਿਸਪਲਨਿਜ਼ ਐਂਡ ਅਪੀਲ) ਰੂਲਜ਼ 1969 ਤਹਿਤ ਕਾਰਵਾਈ ਕੀਤੀ ਜਾਵੇ। ਪ੍ਰਧਾਨ ਮੰਤਰੀ ਫ਼ਿਰੋਜਪੁਰ ਰੈਲੀ ਵਿਚ ਜਾਣ ਤੋਂ ਪਹਿਲਾਂ ਬਠਿੰਡਾ ਦੇ ਭੀਸੀਆਣਾ ਹਵਾਈ ਅੱਡੇ ’ਤੇ ਹੀ ਉਤਰੇ ਸਨ, ਜਿੱਥੋਂ ਅੱਗੇ ਉਹ ਮੌਸਮ ਸਾਫ਼ ਨਾ ਹੋਣ ਕਾਰਨ ਸੜਕੀ ਰਾਸਤੇ ਰਾਹੀਂ ਹੁੈਸਨੀਵਾਲਾ ਲਈ ਰਵਾਨਾ ਹੋਏ ਸਨ। ਪ੍ਰੰਤੂ ਰਾਸਤੇ ਵਿਚ ਪ੍ਰਦਸ਼ਨਕਾਰੀਆਂ ਵਲੋਂ ਓਵਰਬਿ੍ਰਜ ਜਾਮ ਕਰਨ ਦੇ ਚੱਲਦੇ ਪ੍ਰਧਾਨ ਮੰਤਰੀ ਮੋਦੀ ਨੂੰ ਮੁੜ ਵਾਪਸ ਆਉਣਾ ਪਿਆ ਸੀ। ਸੂਤਰਾਂ ਅਨੁਸਾਰ ਜਿੱਥੇ ਪ੍ਰਧਾਨ ਮੰਤਰੀ ਦੀ ਆਮਦ ਦੌਰਾਨ ਬਠਿੰਡਾ ’ਚ ਇੱਥੋਂ ਦੀ ਪੁਲਿਸ ਦੇ ਪ੍ਰਬੰਧ ਸਨ, ਉਥੇ ਸੜਕੀ ਮਾਰਗ ਰਾਹੀਂ ਰਵਾਨਾ ਹੋਣ ਸਮੇਂ ਵੀ ਬਠਿੰਡਾ ਪੁਲਿਸ ਦੀ ਪਾਇਲਟ ਵੀ ਲੱਗੀ ਹੋਈ ਸੀ। ਸੂਚਨਾ ਮੁਤਾਬਕ ਟੀਮ ਨੇ ਐਸ.ਐਸ.ਪੀ ਕੋਲੋ ਬਰੀਕੀ ਨਾਲ ਉਕਤ ਦਿਨ ਬਾਰੇ ਪੁਛਗਿਛ ਕੀਤੀੇ। ਦਸਣਾ ਬਣਦਾ ਹੈ ਕਿ ਕੇਂਦਰ ਦੀ ਤਿੰਨ ਮੈਂਬਰੀ ਟੀਮ ਕੇਂਦਰੀ ਸੁਰੱਖਿਆ ਸਕੱਤਰ ਸੁਧੀਰ ਕੁਮਾਰ ਸਕਸੈਨਾ ਦੀ ਅਗਵਾਈ ਹੇਠ ਅੱਜ ਘਟਨਾ ਸਥਾਨ ਦਾ ਦੌਰਾ ਕਰਨ ਲਈ ਪੰਜਾਬ ਪੁੱਜੀ ਹੋਈ ਸੀ ਤੇ ਇਸ ਟੀਮ ਨੇ ਡੀਜੀਪੀ ਸਹਿਤ 14 ਪੁਲਿਸ ਅਧਿਕਾਰੀਆਂ ਨੂੰ ਰਿਕਾਰਡ ਸਮੇਤ ਤਲਬ ਕੀਤਾ ਹੋਇਆ ਸੀ। ਇਸਤੋਂ ਇਲਾਵਾ ਟੀਮ ਨੇ ਪ੍ਰਧਾਨ ਮੰਤਰੀ ਦੀ ਆਮਦ ਤੋਂ ਲੈ ਕੇ ਵਾਪਸੀ ਤੱਕ ਉਨ੍ਹਾਂ ਦੇ ਸਾਰੇ ਰੂਟ ਦਾ ਵੀ ਦੌਰਾ ਕੀਤਾ।
ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਕੁਤਾਹੀ ਦਾ ਮਾਮਲਾ
21 Views