ਭਾਜਪਾ ਨੂੰ ਵੱਡਾ ਗੱਫ਼ਾ, ਅਕਾਲੀ ਦਲ ਨੂੰ ਦੂਜੇ ਨੰਬਰ ਅਤੇ ਆਪ ਤੇ ਕਾਂਗਰਸ ਦੇ ਇੱਕਾ-ਦੁੱਕਾ ਉਮੀਦਵਾਰਾਂ ਦੀ ਹਿਮਾਇਤ ਦੀ ਚਰਚਾ
ਸੁਖਜਿੰਦਰ ਮਾਨ
ਬਠਿੰਡਾ, 19 ਫਰਵਰੀ: ਪਿਛਲੇ ਦੋ ਦਹਾਕਿਆਂ ਤੋਂ ਸਿਆਸੀ ਆਗੂਆਂ ਨੂੰ ਅਪਣੀਆਂ ਉਗਲਾਂ ’ਤੇ ਨਚਾਉਣ ਵਾਲੇ ਡੇਰਾ ਸਿਰਸਾ ਵਲੋਂ ਇਸ ਵਾਰ ਵੱਖ ਵੱਖ ਸਿਆਸੀ ਪਾਰਟੀਆਂ ਨੂੰ ‘ਵੋਟਾਂ’ ਦਾ ਵੰਡਵਾਂ ਪ੍ਰਸ਼ਾਦ ਦੇਣ ਦਾ ਫੈਸਲਾ ਲਿਆ ਗਿਆ ਹੈ। ਡੇਰੇ ਨਾਲ ਜੁੜੇ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਸਿਆਸੀ ਹਾਲਾਤਾਂ ਨੂੰ ਦੇਖਦੇ ਹੋਏ ਹਿਮਾਇਤ ਵਾਲਾ ਵੱਡਾ ਗੱਫ਼ਾ ਭਾਜਪਾ ਨੂੰ ਦਿੱਤਾ ਜਾ ਰਿਹਾ। ਜਦੋਂਕਿ ਕੁੱਝ ਥਾਵਾਂ ’ਤੇ ਸ਼੍ਰੋਮਣੀ ਅਕਾਲੀ ਦਲ ਅਤੇ ਇੱਕਾ-ਦੁੱਕਾ ਥਾਵਾਂ ’ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਸਮਰਥਨ ਦਿੱਤਾ ਜਾ ਰਿਹਾ। ਉਜ ਡੇਰੇ ਵਲੋਂ ਪਹਿਲਾਂ ਹੀ ਤਲਵੰਡੀ ਸਾਬੋ ਤੋਂ ਅਜਾਦ ਤੌਰ ’ਤੇ ਚੋਣ ਲੜ ਰਹੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੂੰ ਖੁੱਲ ਕੇ ਹਿਮਾਇਤ ਦਿੱਤੀ ਹੋਈ ਹੈ। ਸੂਤਰਾਂ ਮੁਤਾਬਕ ਮੌਜੂਦਾ ਸਮੇਂ ਡੇਰਾ ਮੁੁਖੀ ਤੇ ਪ੍ਰਬੰਧਕ ਭਾਜਪਾ ਸਰਕਾਰ ਦੇ ਦਬਾਅ ਹੇਠ ਹਨ ਤੇ ਡੇਰਾ ਮੁਖੀ ਨੂੰ ਫ਼ਰਲੋ ਵੀ ਹਰਿਆਣਾ ਸਰਕਾਰ ਦੀ ਰਹਿਮੋ-ਕਰਮ ’ਤੇ ਮਿਲੀ ਹੈ। ਜਿਸਦੇ ਚੱਲਦੇ ਭਾਜਪਾ ਨੂੰ ਅੱਖੋਂ ਉਹਲੇ ਕਰਨਾ ਸੰਭਵ ਨਹੀਂ ਸੀ। ਜਿਸਦੇ ਚੱਲਦੇ ਬਹੁਤੇ ਥਾਵਾਂ ’ਤੇ ਭਾਜਪਾ ਉਮੀਦਾਵਰਾਂ ਦੀ ਹਿਮਾਇਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਡੇਰੇ ਦੇ ਸੂਤਰਾਂ ਮੁਤਾਬਕ ਇਕ ਹਲਕੇ ਨੂੰ ਇਕਾਈ ਮੰਨ ਕੇ ਉਥੇ ਚੋਣ ਮੈਦਾਨ ਵਿਚ ਨਿੱਤਰੇ ਉਮੀਦਵਾਰਾਂ ਦੀ ਸਥਿਤੀ ਤੇ ਉਨ੍ਹਾਂ ਦੀ ਡੇਰਾ ਪ੍ਰੇਮੀਆਂ ਨਾਲ ਮਿਲਕੇ ਚੱਲਣ ਦੀ ਸੰਭਾਵਨਾ ਦੇ ਆਧਾਰ ’ਤੇ ਇਹ ਫੈਸਲਾ ਲਿਆ ਜਾ ਰਿਹਾ। ਇਹ ਵੀ ਸੂਚਨਾ ਮਿਲੀ ਹੈ ਕਿ ਸਿਆਸੀ ਕਮੇਟੀ ਦਾ ਫੈਸਲਾ ਹੇਠਾਂ ਜ਼ਿਲ੍ਹਾ ਪੱਧਰ ਦੀਆਂ ਕਮੇਟੀਆਂ ਤੱਕ ਪਹੁੰਚਾਇਆ ਗਿਆ ਹੈ, ਜਿਹੜੀਆਂ ਅੱਗੇ ਬਲਾਕ ਕਮੇਟੀਆਂ ਤੇ ਬਲਾਕ ਕਮੇਟੀਆਂ ਅੱਗੇ ਹੇਠਲੇ ਪੱਧਰ ’ਤੇ ਪਮੁੱਖ ਪ੍ਰੇਮੀਆਂ ਤੇ ਉਕਤ ਪ੍ਰਮੁੱਖ ਪ੍ਰੇਮੀ ਦੂਜੇ ਪ੍ਰੇਮੀਆਂ ਨੂੰ ਮੋਖਿਕ ਰੂਪ ਵਿਚ ਇਹ ਸੁਨੇਹਾ ਦੇਣਗੇ। ਇਸਦੇ ਨਾਲ ਹੇਠਲੇ ਪੱਧਰ ਤੱਕ ਪ੍ਰੇਮੀਆਂ ਨੂੰ ਕਮੇਟੀ ਦਾ ਫੈਸਲਾ ਕਿਸੇ ਹੋਰ ਨੂੰ ਨਾ ਦੱਸਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ ਜਦੋਂਕਿ ਜਿਸ ਉਮੀਦਵਾਰ ਨੂੰ ਹਿਮਾਇਤ ਦਿੱਤੀ ਜਾ ਰਹੀ ਹੈ, ਉਸ ਤੱਕ ਇਹ ਗੱਲ ਜਰੂਰ ਪਹੁੰਚਾਈ ਜਾ ਰਹੀ ਹੈ। ਇੱਥੇ ਦਸਣਾ ਬਣਦਾ ਹੈ ਕਿ ਡੇਰਾ ਸਿਰਸਾ ਦਾ ਮਾਲਵਾ ਪੱਟੀ ਅਧੀਨ ਆਉਂਦੀਆਂ 69 ਸੀਟਾਂ ਵਿਚੋਂ ਅੱਧੀਆਂ ਉਪਰ ਵੋਟ ਪ੍ਰਭਾਵ ਹੈ, ਜਿੰਨ੍ਹਾਂ ਵਿਚੋਂ ਕਈ ਸੀਟਾਂ ਉਪਰ ਉਹ ਜਿੱਤ ਹਾਰ ਵਿਚ ਉਲਟਫ਼ੇਰ ਕਰ ਸਕਦੇ ਹਨ। ਗੌਰਤਲਬ ਹੈ ਕਿ 2007 ਤੋਂ ਪਹਿਲਾਂ ਡੇਰਾ ਪ੍ਰੇਮੀ ਗੁਪਤ ਤੌਰ ’ਤੇ ਹੀ ਸਿਆਸੀ ਪਾਰਟੀਆਂ ਦੀ ਹਿਮਾਇਤ ਕਰਦਾ ਸੀ ਪ੍ਰੰਤੂ 2007 ਵਿਚ ਪਹਿਲੀ ਵਾਰ ਇੱਕਪਾਸੜ ਤੌਰ ’ਤੇ ਕਾਂਗਰਸ ਪਾਰਟੀ ਦੀ ਹਿਮਾਇਤ ਕੀਤੀ ਗਈ। ਹਾਲਾਂਕਿ ਮਾਲਵਾ ਪੱਟੀ ’ਚ ਕਾਂਗਰਸ ਨੂੰ ਇਸਦਾ ਫ਼ਾਈਦਾ ਜਰੂਰ ਹੋਇਆ ਪ੍ਰੰਤੂ ਮਾਝਾ ਤੇ ਦੁਆਬਾ ਵਿਚ ਵੱਡੀ ਹਿਮਾਇਤ ਮਿਲਣ ਕਾਰਨ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣ ਗਈ ਸੀ, ਜਿਸਤੋਂ ਬਾਅਦ ਡੇਰਾ ਪ੍ਰੇਮੀਆਂ ਤੇ ਸਿੱਖਾਂ ਵਿਚਕਾਰ ਸ਼ੁਰੂ ਹੋਇਆ ਟਕਰਾਅ ਹੁਣ ਬੇਅਦਬੀਆਂ ਤੱਕ ਪਹੁੰਚ ਗਿਆ ਹੈ। ਜਿਸਦੇ ਚੱਲਦੇ ਕਿਸੇ ਵਿਵਾਦ ਤੋਂ ਬਚਣ ਲਈ ਡੇਰੇ ਦੀ ਸਿਆਸੀ ਕਮੇਟੀ ਵਲੋਂ ਸਿਆਸੀ ਹਿਮਾਇਤ ਕਰਨ ਦਾ ਫੈਸਲਾ ਚੁੱਪ ਚਪੀਤੇ ਲਾਗੂ ਕੀਤਾ ਜਾ ਰਿਹਾ।
Share the post "ਪੰਜਾਬ ਚੋਣਾਂ: ਡੇਰਾ ਸਿਰਸਾ ਵਲੋਂ ਵੰਡ ਕੇ ਵੋਟਾਂ ਦਾ ‘ਪ੍ਰਸ਼ਾਦ’ ਦੇਣ ਦਾ ਫੈਸਲਾ"