ਕਰੋਨਾ ਮਹਾਂਮਾਰੀ ਦੌਰਾਨ ਬਠਿੰਡਾ ’ਚ ਧਰਨਾ ਲਗਾਉਣ ਦੇ ਦੋਸ਼ਾਂ ਹੇਠ ਦਰਜ਼ ਕੀਤਾ ਗਿਆ ਸੀ ਕੇਸ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 7 ਜੁਲਾਈ: ਕਰੀਬ ਦੋ ਸਾਲ ਪਹਿਲਾਂ ਕਰੋਨਾ ਮਹਾਂਮਾਰੀ ਦੇ ਦੌਰਾਨ ਬਠਿੰਡਾ ’ਚ ਜ਼ਿਲ੍ਹਾ ਮੈਜਿਸਟਰੇਟ ਦੀਆਂ ਹਿਦਾਇਤਾਂ ਦੀ ਉਲੰਘਣਾ ਕਰਕੇ ਧਰਨਾ ਲਗਾਉਣ ਦੇ ਦੋਸ਼ਾਂ ਹੇਠ ਨਾਮਜਦ ਕੀਤੇ ਗਏ ਪੰਜਾਬ ਦੇ ਕੈਬਨਿਟ ਮੰਤਰੀ ਮੀਤ ਹੇਅਰ ਸਮੇਤ ਪਾਰਟੀ ਦੇ ਅੱਧੀ ਦਰਜ਼ਨ ਵਿਧਾਇਕਾਂ ਤੇ ਸੀਨੀਅਰ ਆਗੂਆਂ ਨੂੰ ਅੱਜ ਬਠਿੰਡਾ ਦੀ ਇੱਕ ਅਦਾਲਤ ਨੇ ਕੇਸ ਵਿਚੋਂ ਡਿਸਚਾਰਜ਼ ਕਰ ਦਿੱਤਾ ਹੈ। ਸਥਾਨਕ ਚੀਫ਼ ਜੂਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ੀ ਭੁਗਤਣ ਪੁੱਜੇ ਮੀਤ ਹੇਅਰ ਸਹਿਤ ਇੰਨ੍ਹਾਂ ਵਿਧਾਇਕਾਂ ਤੇ ਆਗੂਆਂ ਨੇ ਦਾਅਵਾ ਕੀਤਾ ਕਿ ਉਹ ਲੋਕ ਹਿੱਤਾਂ ਦੀ ਰਾਖ਼ੀ ਲਈ ਧਰਨੇ ’ਤੇ ਬੈਠੇ ਸਨ। ਇਸ ਕੇਸ ਵਿਚ ਤਲਵੰਡੀ ਸਾਬੋ ਦੀ ਵਿਧਾਇਕ ਬਲਜਿੰਦਰ ਕੌਰ, ਬੁਢਲਾਡਾ ਦੇ ਵਿਧਾਇਕ ਬੁੱਧ ਰਾਮ, ਭੁੱਚੋ ਹਲਕੇ ਵਿਧਾਇਕ ਮਾਸਟਰ ਜਗਸੀਰ ਸਿੰਘ, ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ, ਸਾਬਕਾ ਲੋਕ ਸਭਾ ਮੈਂਬਰ ਸਾਧੂ ਸਿੰਘ, ਵਿਧਾਇਕ ਨਰਿੰਦਰ ਕੌਰ ਭਰਾਜ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਤੋਂ ਇਲਾਵਾ ਤਤਕਾਲੀ ਆਪ ਵਿਧਾਇਕਾ ਰੁਪਿੰਦਰ ਕੌਰ ਰੂਬੀ, ਆਪ ਆਗੂ ਨਵਦੀਪ ਸਿੰਘ ਜੀਦਾ, ਰਾਕੇਸ਼ ਪੁਰੀ, ਨੀਲ ਗਰਗ, ਗੁਰਜੰਟ ਸਿੰਘ, ਅੰਮਿ੍ਰਤ ਲਾਲ ਅਗਰਵਾਲ, ਅਮਰਦੀਪ ਰਾਜਨ, ਮਨਜੀਤ ਸਿੰਘ ਮੋੜ ਆਦਿ ਦੋ ਦਰਜ਼ਨ ਆਗਆਂ ਵਿਰੁਧ ਥਾਣਾ ਕੋਤਵਾਲੀ ਦੀ ਪੁਲਿਸ ਨੇ 23 ਮਾਰਚ 2020 ਨੂੰ ਗੋਲਡਿੱਗੀ ਕੋਲ ਧਰਨਾ ਲਗਾਉਣ ਦੇ ਦੋਸ਼ਾਂ ਲਗਾਏ ਸਨ। ਇਸ ਮਾਮਲੇ ਵਿਚ ਪੁਲਿਸ ਨੇ ਬਾਅਦ ਵਿਚ ਅਦਾਲਤ ’ਚ ਚਲਾਨ ਪੇਸ਼ ਕਰ ਦਿੱਤਾ ਸੀ। ਹਾਲਾਂਕਿ ਇਸ ਕੇਸ ਵਿਚ ਕਾਫ਼ੀ ਸਾਰੇ ਆਗੂ ਅਦਾਲਤ ਵਿਚ ਪੇਸ਼ ਹੋ ਗਏ ਸਨ ਪ੍ਰੰਤੂ ਕਈ ਅਜਿਹੇ ਆਗੂ ਸਨ, ਜਿਹੜੇ ਅੱਜ ਪਹਿਲੀ ਵਾਰ ਪੇਸ਼ ਹੋਏ। ਅਦਾਲਤ ਨੇ ਇਸ ਕੇਸ ਦੀ ਸੁਣਵਾਈ ਕਰਦਿਆਂ ਇੰਨ੍ਹਾਂ ਆਗੂਆਂ ਨੂੰ ਕੇਸ ਵਿਚੋਂ ਡਿਸਚਾਰਜ਼ ਕਰ ਦਿੱਤਾ।
ਪੰਜਾਬ ਦੇ ਕੈਬਨਿਟ ਮੰਤਰੀ ਸਹਿਤ ਕਈ ਆਪ ਵਿਧਾਇਕਾਂ ਨੂੰ ਅਦਾਲਤ ਨੇ ਕੀਤਾ ਬਰੀ
11 Views