ਸੂਬਾ ਸਰਕਾਰ ਰੋਜ਼ਗਾਰ, ਸਿਹਤ, ਸਿੱਖਿਆ ਤੇ ਵਪਾਰ ਨੂੰ ਦੇਵੇਗੀ ਪਹਿਲ
ਸੂਬੇ ਦੇ 500 ਪਿੰਡਾਂ ਨੂੰ ਜਲਦ ਬਣਾਇਆ ਜਾਵੇਗਾ ਸਮਾਰਟ ਪਿੰਡ
ਸ਼ਹਿਰਾਂ ਵਰਗੀਆਂ ਮਿਲਣਗੀਆਂ ਪਿੰਡਾਂ ਚ ਸਾਰੀਆਂ ਸੁੱਖ-ਸਹੂਲਤਾਂ
ਐਨਆਰਆਈਜ਼ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਸਮੱਸਿਆ
ਸੁਖਜਿੰਦਰ ਮਾਨ
ਬਠਿੰਡਾ, 7 ਜਨਵਰੀ : ਸੂਬੇ ਦੇ ਪੰਚਾਇਤ ਅਤੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਹੈ ਕਿ ਸੂਬਾ ਸਰਕਾਰ ਵਲੋਂ ਪਹਿਲੇ ਪੜ੍ਹਾਅ ਤਹਿਤ ਪੰਜਾਬ ਦੇ 500 ਪਿੰਡਾਂ ਨੂੰ ਜਲਦ ਸਮਾਰਟ ਪਿੰਡ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ, ਸਿੱਖਿਆ ਤੇ ਖੇਡਾਂ ਤੋਂ ਇਲਾਵਾ ਹੋਰ ਵੀ ਜਿੰਨ੍ਹੀਆਂ ਸੁੱਖ-ਸਹੂਲਤਾਂ ਸ਼ਹਿਰਾਂ ਚ ਮਿਲਦੀਆਂ ਹਨ, ਉਹ ਜਲਦ ਹੀ ਪਿੰਡਾਂ ਵਿੱਚ ਮਿਲਣਗੀਆਂ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਐਨਆਰਆਈਜ਼ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਬਠਿੰਡਾ ’ਚ ਪੁੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪਿਛਲੇ 3-4 ਹਫ਼ਤਿਆਂ ਤੋਂ ਐਨਆਰਆਈਜ਼ ਦੀਆਂ ਸਮੱਸਿਆਵਾਂ ਨੂੰ ਸੁਣ ਰਹੀ ਹੈ। ਉਨ੍ਹਾਂ ਕਿਹਾ ਕਿ ਐਨਆਰਆਈਜ਼ ਦੇ ਕਰੀਬ 650 ਕੇਸ ਵੱਖ-ਵੱਖ ਜ਼ਿਲ੍ਹਿਆਂ ਦੇ ਉੱਚ ਅਧਿਕਾਰੀਆਂ ਨੂੰ ਸੌਂਪੇ ਹੋਏ ਹਨ, ਜਿਨ੍ਹਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਬਠਿੰਡਾ ਵਿਖੇ ਅਪ੍ਰੈਲ ਚ ਦੁਬਾਰਾ ਫ਼ੇਰ ਐਨਆਰਆਈਜ਼ ਦੀਆਂ ਸਮੱਸਿਆਵਾਂ ਨੂੰ ਸੁਨਣ ਲਈ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ।
ਇਸ ਮੌਕੇ ਸ. ਧਾਲੀਵਾਲ ਨੇ ਕਿਹਾ ਕਿ ਬਾਹਰਲੇ ਦੇਸ਼ਾਂ ਵਿੱਚ ਪੰਜਾਬੀਆਂ ਨੇ ਆਪਣੀ ਹੱਡ ਤੋੜ ਮਿਹਨਤ ਸਦਕਾ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ ਅਤੇ ਪੜ੍ਹ-ਲਿਖ ਕੇ ਉੱਚ ਅਹੁੱਦਿਆਂ ਤੇ ਪਹੁੰਚੇ ਹਨ ਤੇ ਆਪਣੇ ਦੇਸ਼, ਪੰਜਾਬ ਅਤੇ ਪਰਿਵਾਰ ਨੂੰ ਬੁਲੰਦੀਆਂ ਤੇ ਲੈ ਕੇ ਗਏ ਹਨ। ਉਨ੍ਹਾਂ ਕਿਹਾ ਕਿ ਜੋ-ਜੋ ਪੰਜਾਬ ਬਾਹਰ ਵਸਦੇ ਹਨ ਉਹ ਆਪਣੇ ਪਿੰਡ ਦੇ ਵਿਕਾਸ ਲਈ ਕੁਝ ਨਾ ਕੁਝ ਸਹਿਯੋਗ ਜ਼ਰੂਰ ਦੇਣ। ਇਸ ਮੌਕੇ ਉਨ੍ਹਾਂ ਸਮੂਹ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਸਬੰਧਤ ਅਧਿਕਾਰੀਆਂ ਨੂੰ ਜਲਦ ਹੱਲ ਕਰਨ ਦੇ ਆਦੇਸ਼ ਵੀ ਦਿੱਤੇ। ਉਨ੍ਹਾਂ ਦਾਅਵਾ ਕੀਤਾ ਕਿ ਸੂਬਾ ਸਰਕਾਰ ਪੰਜਾਬ ਦੇ ਹਿੱਤਾਂ ਲਈ ਹਮੇਸ਼ਾ ਆਮ ਲੋਕਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਭ ਮਸਲੇ ਹੱਲ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਰੋਜ਼ਗਾਰ, ਸਿਹਤ, ਸਿੱਖਿਆ ਅਤੇ ਵਪਾਰ ਨੂੰ ਪਹਿਲ ਦੇਵੇਗੀ।ਇਸ ਮੌਕੇ ਵਿਧਾਇਕ ਮੌੜ ਸ. ਸੁਖਵੀਰ ਸਿੰਘ ਮਾਈਸਰਖ਼ਾਨਾ, ਚੇਅਰਮੈਨ ਸੂਗਰਫੈਡ ਪੰਜਾਬ ਸ੍ਰੀ ਨਵਦੀਪ ਜੀਦਾ, ਜਿਲ੍ਹਾ ਪੁਲਿਸ ਮੁਖੀ ਸ਼੍ਰੀ ਜੇ. ਇਲਨਚੇਲੀਅਨ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਆਰਪੀ ਸਿੰਘ, ਉਪ ਮੰਡਲ ਮੈਜਿਸਟਰੇਟ ਰਾਮਪੁਰਾ ਸ਼੍ਰੀ ਓਮ ਪ੍ਰਕਾਸ਼, ਜ਼ਿਲ੍ਹਾ ਮਾਲ ਅਫ਼ਸਰ ਸ. ਬਲਕਰਨ ਸਿੰਘ ਮਾਹਲ ਤੋਂ ਇਲਾਵਾ ਹੋਰ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।
Share the post "ਪੰਜਾਬ ਦੇ ਹਿੱਤਾਂ ਲਈ ਸੂਬਾ ਸਰਕਾਰ ਹਮੇਸ਼ਾਂ ਆਮ ਲੋਕਾਂ ਨਾਲ ਖੜ੍ਹੀ ਹੈ : ਕੁਲਦੀਪ ਧਾਲੀਵਾਲ"