ਦਸਵੀਂ ਅਤੇ ਬਾਰਵੀਂ ਦੀਆਂ ਪ੍ਰੀਖਿਆਵਾਂ ਵਿੱਚੋਂ ਵਧੀਆਂ ਪੁਜੀਸ਼ਨਾਂ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਕੀਤਾ ਸਨਮਾਨਿਤ
ਸੁਖਜਿੰਦਰ ਮਾਨ
ਰਾਮਪੁਰਾ (ਬਠਿੰਡਾ),22 ਜੁਲਾਈ : ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣਾ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਦਾ ਮੁਢਲਾ ਫ਼ਰਜ ਤੇ ਸੁਪਨਾ ਹੈ, ਜਿਸ ਨੂੰ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀਆਂ ਇਮਾਰਤਾਂ ਨੂੰ ਸਮਾਰਟ ਬਣਾਕੇ ਪੂਰਾ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਾਮਪੁਰਾ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਰਾਮਪੁਰਾ ਮੰਡੀ ਵਿਖੇ ਇਸ ਸਕੂਲ ਦੀਆਂ ਦਸਵੀਂ ਅਤੇ ਬਾਰਵੀਂ ਜਮਾਤ ਦੀਆਂ ਮੈਰਿਟ ਵਿੱਚ ਆਉਣ ਵਾਲੀਆਂ ਹੋਣਹਾਰ ਵਿਦਿਆਰਥਣਾਂ ਨੂੰ ਸਨਮਾਨਿਤ ਕਰਨ ਮੌਕੇ ਕੀਤਾ।
ਇਸ ਮੌਕੇ ਹਲਕਾ ਵਿਧਾਇਕ ਸ. ਬਲਕਾਰ ਸਿੰਘ ਸਿੱਧੂ ਨੇ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ। ਉਨ੍ਹਾਂ ਸਕੂਲ ਦੀਆਂ ਹੋਰ ਵਿਦਿਆਰਥਣਾਂ ਨੂੰ ਵੀ ਭਵਿੱਖ ਵਿੱਚ ਚੰਗੀਆਂ ਪੁਜ਼ੀਸਨਾਂ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਗਈਆਂ ਸਲਾਨਾਂ ਪ੍ਰੀਖਿਆਵਾਂ ਚ ਇਸ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਲਵਲੀਨ ਸ਼ਰਮਾ ਨੂੰ ਮੈਰਿਟ ਵਿੱਚ ਆਉਣ ਅਤੇ ਬਾਰਵੀਂ ਜਮਾਤ ਦੀ ਕਮਰਸ ਦੀ ਵਿਦਿਆਰਥਣ ਕਸ਼ਿਸ ਨੂੰ ਬਠਿੰਡਾ ਜ਼ਿਲ੍ਹੇ ਚੋਂ ਚੌਥੀ ਤੇ ਪੰਜਾਬ ਵਿਚੋਂ ਤੇਰਵੀਂ ਪਜੀਸ਼ਨ ਹਾਸਲ ਕਰਨ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਸ.ਬਲਕਾਰ ਸਿੰਘ ਸਿੱਧੂ ਵੱਲੋਂ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦੀ ਤਾਰੀਫ ਕੀਤੀ ਜਿਨ੍ਹਾਂ ਨੇ ਜ਼ਿਲ੍ਹੇ ਦਾ, ਸਕੂਲ ਦਾ ਅਤੇ ਹਲਕਾ ਰਾਮਪੁਰਾ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਨੇ ਜਿੱਥੇ ਸਕੂਲ ਪਿ੍ਰੰਸੀਪਲ, ਸਮੁੱਚੇ ਸਟਾਫ ਤੇ ਵਿਦਿਆਰਥਣਾਂ ਨੂੰ ਵੀ ਵਧਾਈ ਦਿੱਤੀ ਉਥੇ ਹੀ ਸਕੂਲ ਵਿੱਚ ਖਾਲੀ ਪਈਆਂ ਅਸਾਮੀਆਂ ਸਮੇਤ ਹੋਰ ਸਮੱਸਿਆਵਾਂ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿਵਾਇਆ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਇਕਬਾਲ ਸਿੰਘ ਬੁੱਟਰ ਤੇ ਸ੍ਰੀਮਤੀ ਭੁਪਿੰਦਰ ਕੌਰ ਵੱਲੋਂ ਆਪਣੇ ਸੰਬੋਧਨ ਚ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਸਟਾਫ ਨੂੰ ਵੀ ਵਧਾਈ ਦਿੱਤੀ ਗਈ, ਜਿਨ੍ਹਾਂ ਦੀ ਮੇਹਨਤ ਸਦਕਾ ਹੋਣਹਾਰ ਵਿਦਿਆਰਥਣਾਂ ਨੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਸਟੈਲਕੋ ਦੇ ਐਮ.ਡੀ. ਸ੍ਰੀ ਰਜਿੰਦਰ ਕੁਮਾਰ ਵੱਲੋਂ ਨੇ ਵਿਦਿਆਰਥਣਾਂ ਦੀ ਹੌਂਸਲਾ ਅਫ਼ਜਾਈ ਲਈ 21-21 ਹਜ਼ਾਰ ਰੁਪਏ ਅਤੇ ਇਸ ਸਕੂਲ ਦੀ ਇੱਕ ਵਿਦਿਆਰਥਣ ਜੋ ਕਿ ਮੈਰਿਟ ਵਿੱਚ ਆਉਣ ਤੋਂ 1 ਅੰਕ ਘੱਟ ਰਹਿ ਗਈ ਸੀ ਨੂੰ ਵੀ 11000/-ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਇਸ ਦੌਰਾਨ ਸਕੂਲ ਪਿ੍ਰੰਸੀਪਲ ਸ. ਦਲਜੀਤ ਪਿਆਰਾ ਨੇ ਸਭਨਾਂ ਦਾ ਧੰਨਵਾਦ ਕੀਤਾ। ਲੈਕਚਰਾਰ ਸ੍ਰੀਮਤੀ ਮੀਨੂੰ ਨੇ ਸਕੂਲ ਵਿਦਿਆਰਥਣਾਂ ਦੀ ਪ੍ਰਗਤੀ ਅਤੇ ਮੰਗਾਂ ਸਬੰਧੀ ਰਿਪੋਰਟ ਪੜ੍ਹੀ। ਇਸ ਮੌਕੇ ਲੈਕਚਰਾਰ ਸ੍ਰੀਮਤੀ ਕਿਰਨਜੀਤ ਕੌਰ, ਕਲਾਸ ਇੰਚਾਰਜ ਸ੍ਰੀਮਤੀ ਮਹਿੰਦਰਜੀਤ ਕੌਰ ਤੇ ਸ੍ਰੀਮਤੀ ਨੀਕਾ ਗਰਗ ਤੋਂ ਇਲਾਵਾ ਸਕੂਲ ਦੀਆਂ ਵਿਦਿਆਰਥਣਾਂ ਤੇ ਸਮੁੱਚਾ ਸਟਾਫ ਹਾਜ਼ਰ ਸੀ।
Share the post "ਪੰਜਾਬ ਨੂੰ ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਦਾ ਹੈ ਸੁਪਨਾ : ਬਲਕਾਰ ਸਿੱਧੂ"