ਡਾ. ਬਲਜੀਤ ਕੌਰ ਨੇ ਵਿਭਾਗੀ ਅਧਿਕਾਰੀਆਂ ਨੂੰ ਦਿੱਤੇ ਸਖਤ ਕਾਰਵਾਈ ਕਰਨ ਦੇ ਨਿਰਦੇਸ਼
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 1 ਅਗਸਤ : ਸੂਬੇ ’ਚ ਪਿਛਲੇ ਕਈ ਸਾਲਾਂ ਤੋਂ ਆਲ ਇੰਡੀਆ ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ ਦੀ ਪ੍ਰਧਾਨ ਦੇ ਤੌਰ ‘ਤੇ ਕੰਮ ਕਰ ਰਹੀ ਹਰਗੋਬਿੰਦ ਕੌਰ ਦੇ ਵਿਰੁਧ ਪੰਜਾਬ ਸਰਕਾਰ ਵਲੋਂ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਰਗੋਬਿੰਦ ਕੌਰ ਨੇ ਪਿਛਲੇ ਦਿਨੀਂ ਅਕਾਲੀ ਦਲ ਵਿਚ ਸਮੂਲੀਅਤ ਕਰ ਲਈ ਸੀ, ਜਿਸਤੋਂ ਬਾਅਦ ਦਲ ਨੇ ਉਸਨੂੰ ਇਸਤਰੀ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਸੀ। ਹਾਲਾਂਕਿ ਇਸ ਨਿਯੁਕਤੀ ਨੂੰ ਲੈ ਕੇ ਅਕਾਲੀ ਦਲ ਦੇ ਇਸਤਰੀ ਵਿੰਗ ਵਿਚ ਵੀ ਵਿਰੋਧ ਉਠਿਆ ਸੀ। ਇਸ ਦੌਰਾਨ ਹੁਣ ਬੀਬੀ ਹਰਗੋਬਿੰਦ ਕੌਰ ਦੀ ਨਵੀਂ ਸਿਆਸੀ ਪਾਰੀ ’ਤੇ ਸਖ਼ਤ ਇਤਰਾਜ ਕਰਦਿਆਂ ਸੂਬੇ ਦੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਵਿਭਾਗੀ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਇਸ ਸਬੰਧ ਵਿਚ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਤਾਇਨਾਤ ਆਂਗਣਵਾੜੀ ਵਰਕਰ ਹਰਗੋਬਿੰਦ ਕੌਰ ਦੇ ਰਾਜਨੀਤਿਕ ਪਾਰਟੀ ਵਿੱਚ ਸ਼ਾਮਲ ਹੋਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨਿਯਮਾਂ ਅਨੁਸਾਰ ਸਰਕਾਰੀ ਖਜ਼ਾਨੇ ਵਿੱਚੋਂ ਤਨਖਾਹ/ਮਾਣਭੱਤਾ ਲੈਣ ਵਾਲੇ ਵਿਅਕਤੀ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਵਿੱਚ ਸ਼ਾਮਿਲ ਹੋਣਾ ਸਰਕਾਰੀ ਨਿਯਮਾਂ ਦੀ ਉਲੰਘਣਾ ਹੈ। ਮੰਤਰੀ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਆਗਣਵਾੜੀ ਵਰਕਰ ਹਰਗੋਬਿੰਦ ਕੌਰ ਵੱਲੋਂ ਰਾਜਨੀਤਿਕ ਪਾਰਟੀ ਵਿੱਚ ਸ਼ਾਮਲ ਹੋਣ ਤੇ ਬਣਦੀ ਕਾਰਵਾਈ ਕਰਨ ਲਈ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀ ਮੁਕਤਸਰ ਸਾਹਿਬ ਨੂੰ ਹਦਾਇਤ ਕੀਤੀ ਗਈ ਹੈ।ਡਾ. ਬਲਜੀਤ ਕੌਰ ਨੇ ਦੱਸਿਆ ਕਿ ਆਂਗਣਵਾੜੀ ਵਰਕਰ ਦੀ ਡਿਊਟੀ ਅਤੇ ਜਿੰਮੇਵਾਰੀ ਆਂਗਣਵਾੜੀ ਸਰਵਿਸਿਜ਼ ਸਕੀਮ ਅਧੀਨ ਵਿਭਾਗ ਵੱਲੋਂ ਔਰਤਾਂ ਅਤੇ ਬੱਚਿਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣਾ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾ ਨੂੰ ਆਂਗਣਵਾੜੀ ਸੈਂਟਰਾਂ ਦੇ ਨਿਰਧਾਰਤ ਸਮੇਂ ਦੌਰਾਨ ਜ਼ਰੂਰੀ ਕੰਮਾਂ ਦਾ ਭੁਗਤਾਨ ਕਰਨ ਲਈ ਆਪਣੀ ਡਿਊਟੀ ਨਿਭਾਉਣੀ ਲਾਜ਼ਮੀ ਹੁੰਦੀ ਹੈ । ਇਸ ਤਰ੍ਹਾਂ ਆਂਗਣਵਾੜੀ ਵਰਕਰ ਵੱਲੋਂ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਜੁੜਨ ਕਾਰਨ ਵਿਭਾਗ ਵੱਲੋਂ ਸੌਂਪੀਆਂ ਗਈਆਂ ਸੇਵਾਵਾਂ ਦਾ ਲਾਭ ਆਮ ਲੋਕਾਂ ਤੱਕ ਸਹੀ ਢੰਗ ਨਾਲ ਨਹੀਂ ਪਹੁੰਚਿਆ ਜਾ ਸਕੇਗਾ।
ਬਾਕਸ
ਸਰਕਾਰ ਆਂਗਣਵਾੜੀ ਵਰਕਰਾਂ ਨੂੰ ਰੈਗੂਲਰ ਕਰ ਦੇਵੇ ਮੈਂ ਇਸਤਰੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਦੇਵਾਂਗੀ: ਹਰਗੋਬਿੰਦ ਕੌਰ
ਬਠਿੰਡਾ: ਉਧਰ ਆਲ ਇੰਡੀਆ ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਮੰਤਰੀ ਦੇ ਇਸ ਬਿਆਨ ’ਤੇ ਸਖ਼ਤ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਰੈਗੂਲਰ ਕਰ ਦੇਵੇ ਉਹ ਇਸਤਰੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਦੇਵਾਂਗੀ। ਉਨ੍ਹਾਂ ਇਹ ਦਾਅਵਾ ਕੀਤਾ ਕਿ ਜੇਕਰ ਆਂਗਣਵਾੜੀ ਵਰਕਰ ਜਾਂ ਹੈਲਪਰ ਚੋਣ ਲੜ ਸਕਦੀ ਹੈ ਤਾਂ ਕਿਸੇ ਪਾਰਟੀ ਦੀ ਅਹੁੱਦੇਦਾਰ ਕਿਉਂ ਨਹੀਂ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵੀ ਸੈਕੜੇ ਆਂਗਣਵਾੜੀ ਪੰਚ-ਸਰਪੰਚ ਤੇ ਕਈ ਸਿਆਸੀ ਪਾਰਟੀਆਂ ਵਿਚ ਵੀ ਕੰਮ ਕਰ ਰਹੀਆਂ ਹਨ। ਜਿਸਦੇ ਚੱਲਦੇ ਉਨ੍ਹਾਂ ਦੀ ਨਿਯੁਕਤੀ ਉਪਰ ਸਰਕਾਰ ਨੂੰ ਕਿਉਂ ਇਤਰਾਜ ਹੋ ਰਿਹਾ ਹੈ। ਹਰਗੋਬਿੰਦ ਕੌਰ ਨੇ ਅੱਗੇ ਕਿਹਾ ਕਿ ਉਸਨੂੰ ਹਾਲੇ ਤੱਕ ਸਰਕਾਰ ਦਾ ਕੋਈ ਨੋਟਿਸ ਨਹੀਂ ਮਿਲਿਆ ਤੇ ਨੋਟਿਸ ਮਿਲਣ ਤੋਂ ਬਾਅਦ ਬਕਾਇਦਾ ਉਸਦਾ ਜਵਾਬ ਦਿੱਤਾ ਜਾਵੇਗਾ।
Share the post "ਪੰਜਾਬ ਸਰਕਾਰ ਵਲੋਂ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬਣੀ ਹਰਗੋਬਿੰਦ ਕੌਰ ਵਿਰੁਧ ਕਾਰਵਾਈ ਦੀ ਤਿਆਰੀ"