11 Views
ਪਰਵਿੰਦਰ ਸਿੱਧੂ, ਸ਼ਾਮ ਲਾਲ ਜੈਨ, ਰਜਿੰਦਰ ਸਿੱਧੂ, ਸੰਦੀਪ ਬੌਬੀ,ਰਾਜੂ ਸਰਾਂ ਤੇ ਅਸੇਸਰ ਪਾਸਵਾਨ ਨੇ ਵੀਡੀਓ ਜਾਰੀ ਕਰਕੇ ਕੀਤਾ ਐਲਾਨ
ਜਲੰਧਰ ਉਪ ਚੋਣ ‘ਚ ਮਨਪ੍ਰੀਤ ਬਾਦਲ ਦੇ ਨਾਲ ਚੋਣ ਪ੍ਰਚਾਰ ਕਰਨ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਚੱਲ ਰਹੀ ਸੀ ਪਾਰਟੀ ਵਿਚੋਂ ਕੱਢਣ ਦੀ ਤਿਆਰੀ
ਦੋ ਹੋਰ ਕਾਂਗਰਸੀ ਕੌਂਸਲਰਾਂ ਵੱਲੋਂ ਵੀ ਏਸੇ ਰਾਹ ‘ਤੇ ਚਲਣ ਦੀ ਤਿਆਰੀ
ਸੁਖਜਿੰਦਰ ਮਾਨ
ਬਠਿੰਡਾ, 27 ਅਪ੍ਰੈਲ: ਪਿਛਲੇ ਦਿਨੀਂ ਮਨਪ੍ਰੀਤ ਬਾਦਲ ਦੇ ਨਾਲ ਜਲੰਧਰ ਉਪ ਚੋਣ ਦੌਰਾਨ ਭਾਜਪਾ ਲਈ ਚੋਣ ਪ੍ਰਚਾਰ ਕਰਨ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਅਨੁਸ਼ਾਸਨੀ ਕਾਰਵਾਈ ਬਾਰੇ ਚੱਲ ਰਹੀਆਂ ਕਿਆਸਰਾਈਆਂ ਦੌਰਾਨ ਵੀਰਵਾਰ ਸ਼ਾਮ ਅੱਧੀ ਦਰਜ਼ਨ ਕੌਂਸਲਰਾਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਅੱਜ ਦੇਰ ਸ਼ਾਮ ਆਪਣੀ ਫੇਸਬੁੱਕ ਉਪਰ ਪਾਈਆਂ ਵੀਡੀਓਜ ਵਿਚ ਕਾਂਗਰਸ ਪਾਰਟੀ ਤੋਂ ਚੁਣੀ ਗਈ ਕੌਂਸਲਰ ਬਲਜੀਤ ਕੌਰ ਅਤੇ ਉਸ ਦੇ ਪਤੀ ਰਾਜਿੰਦਰ ਸਿੰਘ ਸਿੱਧੂ ਸਾਹਿਤ ਕੌਂਸਲਰ ਰਾਜੂ ਸਰਾਂ, ਅਸੇਸਰ ਪਾਸਵਾਨ ਅਤੇ ਮਹਿਲਾ ਕੌਂਸਲਰ ਵੀਰਪਾਲ ਕੌਰ ਤੇ ਉਸਦੇ ਪਤੀ ਪਰਵਿੰਦਰ ਸਿੰਘ ਤੋਂ ਇਲਾਵਾ ਕੌਂਸਲਰ ਸ਼ਾਮ ਲਾਲ ਜੈਨ ਤੇ ਸੰਦੀਪ ਬੌਬੀ ਨੇ ਇਹ ਐਲਾਨ ਕਰਦਿਆਂ ਦਾਅਵਾ ਕੀਤਾ ਕਿ ਉਹਨਾਂ ਇਹ ਫ਼ੈਸਲਾ ਪਾਰਟੀ ਆਗੂਆਂ ਦੀ ਨੀਤੀ ਤੋਂ ਤੰਗ ਆ ਕੇ ਲਿਆ ਹੈ। ਇਸਦੇ ਨਾਲ ਹੀ ਇਨ੍ਹਾਂ ਕੌਂਸਲਰਾਂ ਵੱਲੋਂ ਜਾਰੀ ਵੀਡੀਉ ਵਿਚ ਮਨਪ੍ਰੀਤ ਵੱਲੋਂ ਸ਼ਹਿਰ ਵਿਚ ਵਿਕਾਸ ਕਾਰਜ ਕਰਵਾਉਣ ਦਾ ਦਾਅਵਾ ਕਰਦਿਆਂ ਉਨ੍ਹਾਂ ਦੀ ਤਰੀਫ ਕੀਤੀ ਹੈ। ਹਾਲਾਂਕਿ ਰਜਿੰਦਰ ਸਿੰਘ ਸਿੱਧੂ ਅਤੇ ਉਸਦੀ ਪਤਨੀ ਨੇ ਦਾਅਵਾ ਕੀਤਾ ਹੈ ਕਿ ਉਹ ਕਾਂਗਰਸ ਪਾਰਟੀ ਛੱਡਣ ਦੇ ਬਾਵਜੂਦ ਕਿਸੇ ਹੋਰ ਪਾਰਟੀ ਵਿੱਚ ਸ਼ਮੂਲੀਅਤ ਨਹੀਂ ਕਰਨ ਜਾ ਰਹੇ ਹਨ ਪਰੰਤੂ ਕੌਂਸਲਰ ਵੀਰਪਾਲ ਕੌਰ ਦੇ ਪਤੀ ਪਰਵਿੰਦਰ ਸਿੰਘ ਅਤੇ ਕੌਂਸਲਰ ਸ਼ਾਮ ਲਾਲ ਜੈਨ ਨੇ ਸਪੱਸ਼ਟ ਐਲਾਨ ਕੀਤਾ ਹੈ ਕਿ ਉਹ ਮਨਪ੍ਰੀਤ ਬਾਦਲ ਦੇ ਨਾਲ ਹਨ, ਬੇਸ਼ੱਕ ਉਹ ਕਿਸੇ ਵੀ ਪਾਰਟੀ ਵਿਚ ਜਾਣ। ਜਦੋਂ ਕਿ ਕੌਂਸਲਰ ਰਾਜੂ ਸਰਾਂ ਨੇ ਮਨਪ੍ਰੀਤ ਬਾਦਲ ਦੀ ਰੱਜ ਕੇ ਤਰੀਫ਼ ਜ਼ਰੂਰ ਕੀਤੀ ਹੈ ਪਰ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਕੁੱਝ ਨਹੀਂ ਕਿਹਾ ਹੈ। ਇਸੇ ਤਰ੍ਹਾਂ ਸੰਦੀਪ ਬੌਬੀ ਨੇ ਆਪਣੇ ਸੰਦੇਸ਼ ਵਿੱਚ ਪਿਛਲੇ ਦਿਨੀਂ ਪੰਜ ਕੌਂਸਲਰਾਂ ਨੂੰ ਪਾਰਟੀ ਵਿੱਚੋਂ ਕੱਢਣ ਨੂੰ ਗਲਤ ਫੈਸਲਾ ਦਸਿਆ ਹੈ। ਦਸਣਾ ਬਣਦਾ ਹੈ ਕਿ ਅਕਾਲੀ ਪਛੋਕੜ ਵਾਲੇ ਇਨ੍ਹਾਂ ਕੌਂਸਲਰਾਂ ਉੱਪਰ ਪਿਛਲੇ ਕੁਝ ਮਹੀਨਿਆਂ ਤੋਂ ਅੰਦਰ ਖਾਤੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹਮਾਇਤ ਕਰਨ ਦੇ ਦੋਸ਼ ਲੱਗ ਰਹੇ ਸਨ। ਇੰਨਾਂ ਦੋਸ਼ਾਂ ਦੇ ਹੇਠ ਹੀ ਕੁਝ ਸਮਾਂ ਪਹਿਲਾਂ ਕਾਂਗਰਸ ਪਾਰਟੀ ਨੇ ਸ਼ਹਿਰ ਦੀ ਮਹਿਲਾ ਮੇਅਰ ਰਮਨ ਗੋਇਲ ਸਹਿਤ ਪੰਜ ਕੌਂਸਲਰਾਂ ਰਤਨ ਰਾਹੀਂ, ਆਤਮਾ ਸਿੰਘ, ਸੁਖਰਾਜ ਔਲਖ ਅਤੇ ਇੰਦਰ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੀ। ਜਿਸਤੋਂ ਬਾਅਦ ਮਹਿਲਾ ਮੇਅਰ ਰਮਨ ਗੋਇਲ ਨੂੰ ਗੱਦੀਓ ਉਤਾਰਨ ਦੇ ਲਈ ਕਾਂਗਰਸ ਪਾਰਟੀ ਵੱਲੋਂ ਮੁਹਿੰਮ ਵੀ ਚਲਾਈ ਗਈ ਸੀ ਪ੍ਰੰਤੂ ਕਈ ਕਾਂਗਰਸੀ ਕੌਂਸਲਰਾਂ ਵੱਲੋਂ ਮਨਪ੍ਰੀਤ ਬਾਦਲ ਪ੍ਰਤੀ ਨਰਮ ਗੋਸ਼ਾ ਰੱਖਣ ਦੇ ਚੱਲਦੇ ਇਹ ਮੁਹਿੰਮ ਸਫਲ ਨਹੀਂ ਹੋ ਸਕੀ। ਉਧਰ ਸੰਪਰਕ ਕਰਨ ‘ ਤੇ ਮਹਿਲਾ ਕੌਂਸਲਰ ਬਲਜੀਤ ਕੌਰ ਦੇ ਪਤੀ ਸਾਬਕਾ ਕੌਂਸਲਰ ਰਜਿੰਦਰ ਸਿੰਘ ਸਿੱਧੂ ਨੇ ਕਾਂਗਰਸ ਪਾਰਟੀ ਨੂੰ ਅਸਤੀਫਾ ਭੇਜਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਕਾਂਗਰਸ ਦੀ ਧੜੇਬੰਦੀ ਤੋਂ ਦੁਖੀ ਹੋ ਕੇ ਉਨ੍ਹਾਂ ਇਹ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਅਕਾਲੀ ਦਲ ਵਿਚੋਂ ਆਏ ਸਨ ਪਰ ਕਾਂਗਰਸ ਵਿੱਚ ਉਹਨਾਂ ਨੂੰ ਅਕਾਲੀ ਹੀ ਸਮਝਿਆ ਜਾਂਦਾ ਰਿਹਾ ਤੇ ਕਾਂਗਰਸ ਵੱਲੋਂ ਅਪਣਾਇਆ ਸੀ ਨਹੀਂ ਗਿਆ।
ਬਾਕਸ
ਚੰਗਾ ਹੋਇਆ, ਚੇਹਰਿਆਂ ਤੋਂ ਮੁਖੌਟੇ ਉਤਰ ਗਏ: ਰਾਜਨ ਗਰਗ
ਬਠਿੰਡਾ: ਉਧਰ ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਇਸ ਮੁੱਦੇ ‘ਤੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਇੰਨਾਂ ਕੌਂਸਲਰਾਂ ਨੇ ਆਪਣੇ ਚਿਹਰਿਆਂ ਉੱਤੇ ਮੁਖੌਟੇ ਪਾਏ ਹੋਏ ਸਨ ਤੇ ਅਸਲ ਵਿੱਚ ਪਾਰਟੀ ਵਿਰੋਧੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਸਨ। ਸ੍ਰੀ ਗਰਗ ਨੇ ਅੱਗੇ ਕਿਹਾ ਕਿ ਜਲੰਧਰ ਉਪ ਚੋਣ ਵਿਚ ਭਾਜਪਾ ਲਈ ਪ੍ਰਚਾਰ ਕਰਨ ਦਾ ਭਾਂਡਾ ਫੁੱਟ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਦੀ ਸੰਭਾਵਨਾ ਕਾਰਨ ਇੰਨਾਂ ਇਹ ਡਰਾਮਾ ਕੀਤਾ ਹੈ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਕੁੱਝ ਲੋਕ ਆਉਂਦੇ ਜਾਂਦੇ ਰਹਿੰਦੇ ਹਨ ਪਰ ਕਾਂਗਰਸ ਪਾਰਟੀ ਇਕ ਸਮੁੰਦਰ ਹੈ ਤੇ ਉਸਨੂੰ ਸਿਆਸੀ ਤੌਰ ‘ਤੇ ਕੋਈ ਫਰਕ ਨਹੀਂ ਪੈਣ ਲੱਗਿਆ ਹੈ।
ਬਾਕਸ
ਕੱਢਣ ਦੀ ਬੇਇਜ਼ਤੀ ਤੋ ਡਰਦੇ ਛੱਡ ਕੇ ਗਏ ਹਨ ਕਾਂਗਰਸ: ਬਲਰਾਜ ਪੱਕਾ
ਬਠਿੰਡਾ: ਉਧਰ ਅੱਧੀ ਦਰਜਨ ਕਾਂਗਰਸ ਨਾਲ ਸਬੰਧਤ ਕੌਂਸਲਰਾਂ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਪਾਰਟੀ ਦੇ ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ ਨੇ ਫੇਸਬੁੱਕ ‘ਤੇ ਲਾਈਵ ਹੁੰਦਿਆਂ ਦਾਅਵਾ ਕੀਤਾ ਕਿ ਅੱਜ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣ ਵਾਲੇ ਕੌਂਸਲਰਾਂ ਦੇ ਮਨ ਵਿਚ ਇਹ ਡਰ ਸੀ ਕਿ ਉਨ੍ਹਾਂ ਨੂੰ ਪਾਰਟੀ ਵਿਰੋਧੀ ਗਤਿਵਿਧਿਆਂ ਦੇ ਚਲਦੇ ਜਲਦੀ ਹੀ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ ਜਿਸ ਕਾਰਨ ਉਨ੍ਹਾਂ ਅਸਤੀਫੇ ਦੇਣ ਦਾ ਇਹ ਡਰਾਮਾ ਰਚਿਆ ਹੈ। ਬਲਰਾਜ ਪੱਕਾ ਨੇ ਅੱਗੇ ਕਿਹਾ ਕਿ ਪਾਰਟੀ ਕੋਲ ਇਹ ਰਿਪੋਰਟਾਂ ਪੁੱਜ ਗਈਆਂ ਸਨ ਕਿ ਸ਼ਾਹਕੋਟ ਦੇ ਵਿਚ ਇਹ ਕੌਂਸਲਰ ਸ਼ਰੇਆਮ ਭਾਜਪਾ ਲਈ ਪ੍ਰਚਾਰ ਕਰ ਰਹੇ ਹਨ, ਜੋ ਕਿ ਪਾਰਟੀ ਦੇ ਪਿੱਠ ਵਿਚ ਛੁਰਾ ਮਾਰਨ ਦੇ ਬਰਾਬਰ ਹੈ। ਪੱਕਾ ਨੇ ਕਿਹਾ ਕਿ ਅਸਲ ਵਿੱਚ ਇਹ ਕੌਂਸਲਰ ਪਹਿਲਾਂ ਤੋਂ ਅਕਾਲੀ ਦਲ ਦੇ ਨਾਲ ਰਹੇ ਸਨ ਤੇ ਇਨ੍ਹਾਂ ਨੂੰ ਇਕ ਵਿਅਕਤੀ ਵਿਸ਼ੇਸ਼ ਕਾਂਗਰਸ ਵਿੱਚ ਲੈ ਕੇ ਆਇਆ ਸੀ।
Share the post "ਬਠਿੰਡਾ ਨਗਰ ਨਿਗਮ ਦੇ ਅੱਧੀ ਦਰਜ਼ਨ ਕੌਂਸਲਰਾਂ ਨੇ ਕਾਂਗਰਸ ਪਾਰਟੀ ਨੂੰ ਕਿਹਾ ਅਲਵਿਦਾ"