ਡਿਪਟੀ ਸਪੀਕਰ ਅਜਾਇਬ ਭੱਟੀ ਦੀ ਟਿਕਟ ਕੱਟੀ
ਸੁਖਜਿੰਦਰ ਮਾਨ
ਚੰਡੀਗੜ੍ਹ, 15 ਜਨਵਰੀ : ਪੰਜਾਬ ਦੇ ਰਾਹੀਂ ਦੇਸ ’ਚ ਮੁੜ ਅਪਣੀ ਵਾਪਸੀ ਦੇ ਸੁਪਨੇ ਦੇਖ ਰਹੀ ਕਾਂਗਰਸ ਪਾਰਟੀ ਨੇ ਹੁਣ ਬਗਾਵਤ ਦੇ ਡਰੋਂ ਕੈਪਟਨ ਅਮਰਿੰਦਰ ਸਿੰਘ ਦੇ ਹਿਮਾਇਤੀਆਂ ਨੂੰ ਵੀ ਟਿਕਟਾਂ ਨਾਲ ਨਿਵਾਜ਼ਿਆਂ ਹੈ। ਚੱਲ ਰਹੀ ਚਰਚਾ ਮੁਤਾਬਕ ਪਾਰਟੀ ਹਾਈਕਮਾਂਡ ਨੂੰ ਇਸ ਗੱਲ ਦੀ ਚਿੰਤਾ ਸਤਾ ਰਹੀ ਸੀ ਕਿ ਕਾਂਗਰਸ ਦੀ ਬੇੜੀ ਨੂੰ ‘ਡੋਬਣ’ ਲਈ ਪੰਜਾਬ ਨਾਲ ਮਿਲਕੇ ਚੱਲ ਰਹੇ ਸਾਬਕਾ ਮੁੱਖ ਮੰਤਰੀ ਨੇ ਕਾਂਗਰਸ ਦੇ ਬਾਗੀ ਉਮੀਦਵਾਰਾਂ ਉੱਤੇ ਟੇਕ ਰੱਖੀ ਹੋਈ ਹੈ। ਜਿਸਦੇ ਚੱਲਦੇ ਅੱਜ ਪਾਰਟੀ ਵਲੋਂ ਜਾਰੀ 86 ਉਮੀਦਵਾਰਾਂ ਦੀ ਸੂਚੀ ਦਾ ਵਿਸਲੇਸ਼ਣ ਕਰਨ ’ਤੇ ਇਹ ਗਲ ਸਾਹਮਣੇ ਆਉਂਦੀ ਹੈ ਕਿ ਪਾਰਟੀ ਹਾਈਕਮਾਂਡ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦਾ ਖੁੱਲਮਖੁੱਲਾ ਵਿਰੋਧ ਕਰਨ ਵਾਲਿਆਂ ਨੂੰ ਟਿਕਟਾਂ ਦੇ ਕੇ ਖ਼ੁਸ ਕੀਤਾ ਹੈ। ਉਜ ਕੈਪਟਨ ਦੇ ਇੱਕ ਹੋਰ ਨਜਦੀਕੀ ਮੰਨੇ ਜਾਂਦੇ ਮੌਜੂਦਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਮਲੋਟ ਹਲਕੇ ਤੋਂ ਟਿਕਟ ਕੱਟ ਦਿੱਤੀ ਗਈ ਹੈ। ਗੌਰਤਲਬ ਹੈ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਉਤਾਰਨ ਦੇ ਬਾਅਦ ਪੰਜਾਬ ਸਰਕਾਰ ’ਚ ਕੈਪਟਨ ਹਿਮਾਇਤੀਆਂ ਨੂੰ ਕਲੀਨ ਕਰਨ ਦੀ ਮੁਹਿੰਮ ਚਲਾਈ ਗਈ ਸੀ। ਇਸ ਮੁਹਿੰਮ ਦੀ ਸ਼ੁਰੂਆਤ ਕੈਪਟਨ ਪੱਖੀ ਮੰਨੇ ਜਾਂਦੇ ਪੰਜ ਮੰਤਰੀਆਂ ਨੂੰ ਮੰਤਰੀ ਮੰਡਲ ਵਿਚੋਂ ਬਾਹਰ ਕਰਕੇ ਕੀਤੀ ਸੀ, ਜਿਸਤੋਂ ਬਾਅਦ ਕਈ ਆਗੂਆਂ ਨੂੰ ਵੱਖ ਵੱਖ ਚੇਅਰਮੈਨੀਆਂ ਤੋਂ ਵੀ ਵੱਖ ਕੀਤਾ ਗਿਆ। ਪ੍ਰੰਤੂ ਹੁਣ ਬਦਲੇ ਹੋਏ ਸਿਆਸੀ ਹਾਲਾਤਾਂ ਮੁਤਾਬਕ ਸਮੂਹ ਕੈਪਟਨ ਹਿਮਾਇਤੀ ਰਹੇ ਕਾਂਗਰਸੀ ਆਗੂਆਂ ਨੂੰ ਖ਼ੁਸ ਕਰਨ ਦਾ ਯਤਨ ਕੀਤਾ ਗਿਆ ਹੈ। ਟਿਕਟ ਦੀ ਜਾਰੀ ਸੂਚੀ ਵਿਚ ਸਾਬਕਾ ਮੁੱਖ ਮੰਤਰੀ ਦੇ ਸਭ ਤੋਂ ਨਜਦੀਕੀ ਮੰਨੇ ਜਾਂਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੂੰ ਪਾਰਟੀ ਨੇ ਹਲਕਾ ਦਾਖ਼ਾ ਤੋਂ ਟਿਕਟ ਦਿੱਤੀ ਹੈ। ਇਸੇ ਤਰਾਂ ਸਾਧੂ ਸਿੰਘ ਧਰਮਸੋਤ ਨੂੰ ਨਾਭਾ, ਬਲਵੀਰ ਸਿੰਘ ਸਿੱਧੂ ਨੂੰ ਮੋਹਾਲੀ, ਗੁਰਪ੍ਰੀਤ ਸਿੰਘ ਕਾਂਗੜ੍ਹ ਨੂੰ ਫ਼ੂਲ ਤੇ ਹੁਸਿਆਰਪੁਰਤੋਂ ਸੁੰਦਰ ਸ਼ਾਮ ਅਰੋੜਾ ਦੇ ਨਾਮ ਮੁੱਖ ਤੌਰ ’ਤੇ ਸ਼ਾਮਲ ਹਨ। ਇਸੇ ਤਰ੍ਹਾਂ ਕੈਪਟਨ ਦੇ ਖ਼ਾਸਮਖ਼ਾਸ ਰਹੇ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਕਪੂਰਥਲਾ ਤੋਂ ਟਿਕਟ ਮਿਲੀ ਹੈ। ਸੂਬਾਈ ਕਾਂਗਰਸ ਨਾਲ ਸਬੰਧਤ ਇੱਕ ਸੀਨੀਅਰ ਆਗੂ ਨੇ ਇਸ ਘਟਨਾਕ੍ਰਮ ’ਤੇ ਟਿੱਪਣੀ ਕਰਦਿਆਂ ਕਿਹਾ ਕਿ‘‘ ਬਦਲਦੇ ਸਿਆਸੀ ਹਾਲਾਤਾਂ ਮੁਤਾਬਕ ਪਾਰਟੀ ਨੂੰ ਇਕਜੁਟ ਰੱਖਣਾ ਬਹੁਤ ਜਰੂਰੀ ਹੈ ਤੇ ਇਸਦੇ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹ ਸਮਝਦਾਰੀ ਸੀ। ’’
ਬਗਾਵਤ ਦਾ ਡਰ: ਕਾਂਗਰਸ ਨੇ ਕੈਪਟਨ ਹਿਮਾਇਤੀਆਂ ਨੂੰ ਟਿਕਟਾਂ ਨਾਲ ਨਿਵਾਜ਼ਿਆਂ
11 Views