ਵੰਡੇ ਲੱਡੂ ਤੇ ਢੋਲ ਦੀ ਥਾਪ ’ਤੇ ਪਾਏ ਭੰਗੜੇ
ਸੁਖਜਿੰਦਰ ਮਾਨ
ਬਠਿੰਡਾ, 13 ਮਈ : ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸੀਲ ਰਿੰਕੂ ਨੂੰ ਜਲੰਧਰ ਉਪ ਚੋਣ ’ਚ ਮਿਲੀ ਇਤਿਹਾਸਕ ਜਿੱਤ ’ਤੇ ਆਪ ਆਗੂਆਂ ਤੇ ਵਲੰਟੀਅਰਾਂ ਵਿਚ ਭਾਰੀ ਖ਼ੁਸੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਬੇਸ਼ੱਕ ਆਪ ਉਮੀਦਵਾਰ ਵਲੋਂ ਸ਼ੁਰੂਆਤ ਤੋਂ ਹੀ ਲੀਡ ਲੈਣ ਦੇ ਚੱਲਦੇ ਆਪ ਵਲੰਟੀਅਰਾਂ ਉਤਸ਼ਾਹਤ ਹੋਣੇ ਸ਼ੁਰੂ ਹੋ ਗਏ ਸਨ ਪ੍ਰੰਤੂ ਜਿੱਤ ਦਾ ਐਲਾਨ ਹੁੰਦੇ ਹੀ ਉਨ੍ਹਾਂ ਜਸਨ ਮਨਾਉਣੇ ਸ਼ੁਰੂ ਕਰ ਦਿੱਤੇ। ਇਸ ਮੌਕੇ ਜਿੱਥੇ ਆਪ ਦੇ ਵੱਡੇ ਵੱਡੇ ਆਗੂ ਤੇ ਵਲੰਟੀਅਰ ਢੋਲ ਦੀ ਥਾਪ ‘ਤੇ ਭੰਗੜੇ ਪਾਉਂਦੇ ਨਜ਼ਰ ਆਏ, ਉਥੇ ਥਾਂ-ਥਾਂ ਲੱਡੂ ਵੰਡ ਕੇ ਵੀ ਖੁਸੀ ਦਾ ਇਜ਼ਹਾਰ ਕੀਤਾ ਗਿਆ। ਉਂਜ ਬਠਿੰਡਾ ਸ਼ਹਿਰ ਵਿਚ ਸਥਾਨਕ ਆਪ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਰਿਹਾਇਸ਼ ਅੱਗੇ ਹਲਕੇ ਦੇ ਆਗੂ ਤੇ ਵਲੰਟੀਅਰ ਵੱਡੀ ਗਿਣਤੀ ਵਿਚ ਇਕੱਤਰ ਹੋਏ ਤੇ ਉਥੇ ਉਨ੍ਹਾਂ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹ ਪਲੈਨਿੰਗ ਬੋਰਡ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ ਨੇ ਇਸ ਜਿੱਤ ਦਾ ਸਿਹਰਾ ਆਪ ਆਦਮੀ ਪਾਰਟੀ ਸਰਕਾਰ ਦੀਆਂ ਇੱਕ ਸਾਲ ਦੀਆਂ ਨੀਤੀਆਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਲੋਕਾਂ ਤੋਂ ਵੋਟਾਂ ਲੈ ਕੇ ਸਾਢੇ ਚਾਰ ਸਾਲ ਐਸ਼ ਕਰਦੀਆਂ ਸਨ ਤੇ ਅਖੀਰਲੇ 6 ਮਹੀਨਿਆਂ ਵਿਚ ਮੁੜ ਲੋਕਾਂ ਵਿਚ ਆਉਂਦੀਆਂ ਸਨ। ਪ੍ਰੰਤੂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਪ ਸਰਕਾਰ ਨੇ ਪਹਿਲੇ ਹੀ 6 ਮਹੀਨਿਆਂ ਵਿਚ ਇਤਿਹਾਸਕ ਫੈਸਲੇ ਲਏ ਹਨ, ਜਿਸਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ। ਆਪ ਦੇ ਲੀਗਲ ਵਿੰਗ ਦੇ ਸੂਬਾਈ ਪ੍ਰਧਾਨ ਤੇ ਸੂਗਰਫੈੱਡ ਪੰਜਾਬ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ ਨੇ ਇਸ ਜਿੱਤ ਲਈ ਜਲੰਧਰ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ‘‘ ਇਸਦੇ ਨਾਲ ਸਾਲ 2024 ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿਚ ਆਪ ਦੀ ਜਿੱਤ ਦਾ ਮੁੱਢ ਬੱਝ ਗਿਆ ਹੈ। ’’ ਉਨ੍ਹਾਂ ਕਿਹਾ ਕਿ ਮੁਫ਼ਤ ਬਿਜਲੀ, ਸਰਕਾਰੀ ਨੌਕਰੀਆਂ ਤੇ ਭ੍ਰਿਸਟਾਚਾਰ ਦਾ ਖ਼ਾਤਮਾ ਭਗਵੰਤ ਮਾਨ ਸਰਕਾਰ ਵਲੋ ਇੱਕ ਸਾਲ ’ਚ ਕੀਤੇ ਵੱਡੇ ਕੰਮ ਹਨ, ਜਿਸਦੇ ਕਾਰਨ ਲੋਕਾਂ ਨੇ ਆਪ ਨੂੰ ਪਸੰਦ ਕੀਤਾ ਹੈ। ਪਾਰਟੀ ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਦੀਪ ਸਿੰਘ ਰਾਜਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਗਠਨ ’ਚ ਦੇਸ ਦੇ ਨੌਜਵਾਨਾਂ ਦਾ ਵੱਡਾ ਯੋਗਦਾਨ ਸੀ ਤੇ ਹੁਣ ਵੀ ਜਲੰਧਰ ਉਪ ਚੋਣ ਵਿਚ ਨੌਜਵਾਨਾਂ ਨੇ ਪਾਰਟੀ ਉਮੀਦਵਾਰ ਸੁਸੀਲ ਰਿੰਕੂ ਦਾ ਡਟਵਾ ਸਾਥ ਦਿੱਤਾ ਹੈ। ਬੀਸੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਮਨਦੀਪ ਕੌਰ ਰਾਮਗੜ੍ਹੀਆਂ ਨੇ ਇਸ ਜਿੱਤ ’ਤੇ ਖ਼ੁਸੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ‘‘ ਆਪ ਦੀ ਜਿੱਤ ਵਿਰੋਧੀਆਂ ਦੇ ਮੂੰਹ ’ਤੇ ਕਰਾਰੀ ਚਪੇੜ ਹੈ, ਜਿਹੜੇ ਝੂਠੀ ਰਾਜਨੀਤੀ ਦੇ ਸਹਾਰੇ ਬਦਨਾਮ ਕਰਨ ਦੀਆਂ ਚਾਲਾਂ ਚੱਲ ਕੇ ਚੋਣ ਜਿੱਤਣ ਦੀ ਉਮੀਦ ਲਗਾਈ ਬੈਠੇ ਸਨ। ਇਸ ਮੌਕੇ ਆਪ ਦੇ ਨਗਰ ਨਿਗਮ ਵਿਚ ਇਕਲੌਤੇ ਕੋਂਸਲਰ ਸੁਖਦੀਪ ਸਿੰਘ ਢਿੱਲੋਂ ਨੇ ਵੀ ਖੁਸੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਲੰਧਰ ਤੋਂ ਸੁਰੂ ਹੋਈ ਇਸ ਜਿੱਤ ਦੀ ਮੁਹਿੰਮ ਆਉਣ ਵਾਲੇ ਸਮੇਂ ਵਿਚ ਦੇਸ ਭਰ ਵਿਚ ਫੈਲੇਗੀ। ਇਸ ਦੌਰਾਨ ਚੇਅਰਮੈਨ ਅਨਿਲ ਠਾਕੁਰ, ਚੇਅਰਮੈਨ ਨੀਲ ਗਰਗ, ਚੇਅਰਮਨ ਜਤਿੰਦਰ ਭੱਲਾ, ਆਪ ਦੀ ਮਹਿਲਾ ਵਿੰਗ ਦੀ ਪ੍ਰਧਾਨ ਬਲਜਿੰਦਰ ਕੌਰ, ਜ਼ਿਲ੍ਹਾ ਪ੍ਰਧਾਨ ਸਤਵੀਰ ਕੌਰ, ਕਾਨੂੰਨੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ, ਜਗਦੀਪ ਸਿੰਘ ਵੜੈਚ, ਗੁਰਜੰਟ ਸਿੰਘ ਧੀਮਾਨ, ਬਲਜੀਤ ਸਿੰਘ ਬੱਲੀ, ਹੈਪੀ ਢਿੱਲੋਂ, ਬਲਕਾਰ ਸਿੰਘ ਭੋਖੜਾ ਆਦਿ ਹਾਜ਼ਰ ਰਹੇ।
ਬਠਿੰਡਾ ’ਚ ਆਪ ਆਗੂਆਂ ਨੇ ਜਲੰਧਰ ਉਪ ਚੋਣ ’ਚ ਜਿੱਤ ਦੇ ਮਨਾਏ ਜਸ਼ਨ
19 Views