ਪੁਛਗਿਛ ਲਈ ਇੱਕ ਨੌਜਵਾਨ ਨੂੰ ਚੰਡੀਗੜ੍ਹ ਨਾਲ ਲਿਜਾਇਆ ਗਿਆ
ਸੁਖਜਿੰਦਰ ਮਾਨ
ਬਠਿੰਡਾ, 17 ਮਈ : ਕਥਿਤ ਅੱਤਵਾਦੀ ਤੇ ਗੈਂਗਸਟਰਾਂ ਨਾਲ ਸਬੰਧਾਂ ਨੂੰ ਲੈ ਕੇ ਅੱਜ ਸਵੇਰੇ ਕਰੀਬ 5 ਵਜੇਂ ਐੱਨਆਈਏ ਦੀਆਂ ਟੀਮਾਂ ਵਲੋਂ ਬਠਿੰਡਾ ਸ਼ਹਿਰ ਅਤੇ ਰਾਮਾ ਮੰਡੀ ਦੇ ਨਜਦੀਕ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਵਿਖੇ ਛਾਪੇਮਾਰੀ ਕੀਤੀ ਗਈ। ਕਈ ਘੰਟਿਆਂ ਦੀ ਤਲਾਸ਼ੀ ਮੁਹਿੰਮ ਤੇ ਪੁਛਗਿਛ ਤੋਂ ਬਾਅਦ ਟੀਮ ਬਠਿੰਡਾ ਦੀ ਚੰਦਸਰ ਬਸਤੀ ਦੇ ਨੌਜਵਾਨ ਜੇਮਜ ਖੋਖਰ ਨੂੰ ਹੋਰ ਪੁਛਗਿਛ ਲਈ ਅਪਣੇ ਨਾਲ ਚੰਡੀਗੜ੍ਹ ਲੈ ਗਈ। ਇਸ ਦੌਰਾਨ ਸਥਾਨਕ ਪੁਲਿਸ ਨੂੰ ਵੀ ਸੁਰੱਖਿਆ ਦੇ ਲਈ ਨਾਲ ਲਿਆ ਗਿਆ। ਪਤਾ ਲੱਗਿਆ ਹੈ ਕਿ ਤਲਾਸੀ ਦੌਰਾਨ ਟੀਮਾਂ ਵਲੋਂ ਘਰ ਵਿਚ ਨਿੱਕੀ-ਨਿੱਕੀ ਵਸਤੂ ਦੀ ਜਾਂਚ ਕੀਤੀ ਗਈ। ਸੂਚਨਾ ਮੁਤਾਬਕ ਸ਼ਹਿਰ ਦੇ ਵਾਸੀ ਨੌਜਵਾਨ ਨੌਜਵਾਨ ਉਪਰ ਇੱਕ ਚਰਚਿਤ ਗੈਗਸਟਰ ਨੂੰ ਪੈਸੇ ਭੇਜਣ ਦੇ ਦੋਸ਼ ਲਗਾਏ ਗਏ ਹਨ, ਜਿਹੜਾ ਉਸਦਾ ਕੋਈ ਨਜਦੀਕੀ ਰਿਸ਼ਤੇਦਾਰ ਵੀ ਦਸਿਆ ਜਾ ਰਿਹਾ। ਟੀਮ ਉਕਤ ਨੌਜਵਾਨ ਨੂੰ ਨਾਲ ਲਿਜਾਣ ਦੇ ਇਲਾਵਾ ਉਸਦੇ ਘਰੋਂ ਬਰਾਮਦ ਹੋਏ ਢਾਈ ਲੱਖ ਰੁਪਏ ਵੀ ਨਾਲ ਲੈ ਗਈ। ਜੇਮਜ ਬੈਟਰੀਆਂ ਤੇ ਇਨਵਾਈਟਰਾਂ ਦਾ ਕੰਮ ਕਰਦਾ ਦਸਿਆ ਜਾ ਰਿਹਾ ਹੈ। ਇਸੇ ਤਰ੍ਹਾਂ ਪਿੰਡ ਬੰਗੀ ਨਿਹਾਲ ਸਿੰਘ ਵਿਚ ਸੰਦੀਪ ਸਿੰਘ ਨਾਂ ਦੇ ਨੌਜਵਾਨ ਜੋਕਿ ਆਨ ਲਾਈਨ ਦਾ ਕੰਮ ਕਰਦਾ ਹੈ, ਦੇ ਘਰ ਵੀ ਛਾਪੇਮਾਰੀ ਕੀਤੀ ਗਈ। ਸੂਤਰਾਂ ਅਨੁਸਾਰ ਉਕਤ ਨੌਜਵਾਨ ਵਿਰੁਧ ਵਿਦੇਸ਼ੀ ਹਥਿਆਰਾਂ ਦੀ ਬਰਾਮਦਗੀ ਦੇ ਮਾਮਲੇ ਵਿਚ ਸਾਲ 2018 ਵਿਚ ਕੋਈ ਪਰਚਾ ਦਰਜ਼ ਹੋਇਆ ਸੀ। ਉਹ ਹੁਣ ਜ਼ਮਾਨਤ ’ਤੇ ਬਾਹਰ ਹੈ ਪਰ ਅਜੇ ਤਕ ਉਸ ਦਾ ਚਲਾਨ ਪੇਸ਼ ਨਹੀਂ ਕੀਤਾ ਗਿਆ। ਇਸ ਦੌਰਾਨ ਪੱਤਰਕਾਰਾਂ ਨੂੰ ਸੰਦੀਪ ਸਿੰਘ ਨੇ ਦਸਿਆ ਕਿ ਉਹ ਹੁਣ ਕੋਈ ਗਲਤ ਕੰਮ ਨਹੀਂ ਕਰ ਰਿਹਾ ਤੇ ਆਨ ਲਾਈਨ ਸੇਵਾਵਾਂ ਤੋਂ ਇਲਾਵਾ ਫੋਟੋ ਸਟੈਟ ਦੀ ਦੁਕਾਨ ਚਲਾ ਕੇ ਆਪਣਾ ਗੁਜ਼ਾਰਾ ਕਰ ਰਿਹਾ ਹੈ, ਜਿਸਦੇ ਚੱਲਦੇ ਉਸਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ।
ਬਠਿੰਡਾ ’ਚ ਐਨਆਈਏ ਦੀ ਟੀਮਾਂ ਵਲੋਂ ਦੋ ਥਾਵਾਂ ‘ਤੇ ਛਾਪੇਮਾਰੀ
17 Views