ਸੁਖਜਿੰਦਰ ਮਾਨ
ਬਠਿੰਡਾ, 3 ਅਪ੍ਰੈਲ : ਦੋ ਦਿਨ ਪਹਿਲਾਂ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚੋਂ ਰਿਹਾਅ ਹੋ ਕੇ ਬਾਹਰ ਆਏ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਵਾਗਤ ਲਈ ਬਠਿੰਡਾ ਸ਼ਹਿਰ ਵਿਚ ਉਨ੍ਹਾਂ ਦੇ ਸਮਰਥਕਾਂ ਵਲੋਂ ਪੋਸਟਰ ਅਤੇ ਬੈਨਰ ਲਗਾਏ ਸਨ। ਪ੍ਰੰਤੁੂ ਅੱਜ ਨਗਰ ਨਿਗਮ ਅਧਿਕਾਰੀਆਂ ਦੀ ਅਗਵਾਈ ਹੇਠ ਤੈਅ ਬਜ਼ਾਰੀ ਦੀ ਇੱਕ ਟੀਮ ਵਲੋਂ ਸ਼ਹਿਰ ’ਚ ਸਿੱਧੂ ਦੇ ਲੱਗੇ ਸਵਾਗਤੀ ਬੋਰਡਾਂ ਨੂੰ ਉਤਾਰ ਦਿੱਤਾ ਗਿਆ, ਜਿਸਦੇ ਚੱਲਦੇ ਸਿੱਧੂ ਸਮਰਥਕ ਮੰਨੇ ਜਾਂਦੇ ਕਾਂਗਰਸੀ ਆਗੂ ਹਰਵਿੰਦਰ ਸਿੰਘ ਲਾਡੀ ਨੇ ਇਸ ਮਸਲੇ ’ਤੇ ਆਪ ਸਰਕਾਰ ਅਤੇ ਨਿਗਮ ਦੇ ਮੇਅਰ ’ਤੇ ਉਪਰ ਹਲਕੀ ਪੱੱਧਰ ਦੀ ਸਿਆਸਤ ਕਰਨ ਦੇ ਦੋਸ਼ ਲਗਾਏ ਹਨ। ਜਿਕਰਯੋਗ ਹੈ ਕਿ ਬਠਿੰਡਾ ਜ਼ਿਲ੍ਹੇ ਵਿਚ ਸ਼੍ਰੀ ਲਾਡੀ ਨੂੰ ਨਵਜੋਤ ਸਿੱਧੂ ਦਾ ਸਭ ਤੋਂ ਵੱਡਾ ਸਮਰਥਕ ਮੰਨਿਆ ਜਾਂਦਾ ਹੈ, ਜਿਹੜੇ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਨਾਲ ਡਟੇ ਹੋਏ ਹਨ। ਨਿਗਮ ਦੀ ਮੁਹਿੰਮ ਤੋਂ ਖ਼ਫ਼ਾ ਹੋਏ ਕਾਂਗਰਸੀ ਆਗੂ ਹਰਵਿੰਦਰ ਸਿੰਘ ਲਾਡੀ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਆਪ ਸਰਕਾਰ ਨੂੰ ਘੇਰਿਆ ਹੈ। ਪੋਸਟਰ ਲਾਹੇ ਜਾਣ ਤੇ ਇੱਕ ਵੀਡੀਓ ਜਾਰੀ ਕਰਕੇ ਜਿੱਥੇ ਲਾਡੀ ਨੇ ਪੰਜਾਬ ਦੀ ਆਪ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ, ਉੱਥੇ ਨਗਰ ਨਿਗਮ ਨੂੰ ਵੀ ਨਿਸ਼ਾਨੇ ’ਤੇ ਲਿਆ ਹੈ। ਦੱਸਣਯੋਗ ਹੈ ਕਿ ਬਠਿੰਡਾ ਨਗਰ ਨਿਗਮ ਉਪਰ ਕਾਂਗਰਸ ਪਾਰਟੀ ਦਾ ਬਹੁਮਤ ਹੈ। ਹਾਲਾਂਕਿ ਪਿਛਲੇ ਦਿਨਾਂ ਦੌਰਾਨ ਮੇਅਰ ਰਮਨ ਗੋਇਲ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਕੁੱਝ ਕੋਂਸਲਰਾਂ ਸਹਿਤ ਕਾਂਗਰਸ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਮੇਅਰ ਰਮਨ ਗੋਇਲ ਮਨਪ੍ਰੀਤ ਸਿੰਘ ਬਾਦਲ ਦੇ ਖ਼ੈਮੇ ਦੇ ਮੰਨੇ ਜਾਂਦੇ ਹਨ, ਜਿਹੜੇ ਪਿਛਲੇ ਦਿਨਾਂ ‘ਚ ਕਾਂਗਰਸ ਛੱਡ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਜਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਅੱਜ ਮਾਨਸਾ ’ਚ ਮਹਰੂੁਮ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਵਾਰ ਨਾਂਲ ਦੁੱਖ ਪ੍ਰਗਟ ਕਰਨ ਪੁੱਜੇ ਹੋਏ ਸਨ, ਜਿੱਥੇ ਹਰਵਿੰਦਰ ਸਿੰਘ ਲਾਡੀ ਅਤੇ ਹੋਰ ਸਮਰਥਕ ਵੀ ਪੁੱਜੇ ਹੋਏ ਸਨ।
Share the post "ਬਠਿੰਡਾ ’ਚ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੇ ਲੱਗੇ ਸਵਾਗਤੀ ਪੋਸਟਰ ਨਿਗਮ ਅਧਿਕਾਰੀਆਂ ਨੇ ਉਤਾਰੇ"