ਪਿਛਲੇ ਸਾਲ ਮੰਡੀਆਂ ‘ਚ ਵਿਕੀ 7 ਲੱਖ ਮੀਟਰਕ ਟਨ ਤੇ ਇਸ ਵਾਰ ਹੁਣ ਤੱਕ ਹੋਈ 8,60,000 ਮੀਟਰਕ ਟਨ ਕਣਕ ਦੀ ਖਰੀਦ
ਖਰੀਦੀ ਕਣਕ ਦੀ 99.49 ਫ਼ੀਸਦੀ ਕੀਤੀ ਜਾ ਚੁੱਕੀ ਹੈ ਅਦਾਇਗੀ
ਸੁਖਜਿੰਦਰ ਮਾਨ
ਬਠਿੰਡਾ, 11 ਮਈ : ਪਿਛਲੇ ਮਹੀਨੇ ਹੋਈ ਬੇਮੌਸਮੀ ਬਾਰਸ ਅਤੇ ਗੜੇਮਾਰੀ ਕਾਰਨ ਪੱਕਣ ’ਤੇ ਆਈਆਂ ਕਣਕਾਂ ਦੇ ਹੋਏ ਭਾਰੀ ਨੁਕਸਾਨ ਦੇ ਬਾਵਜੂਦ ਪਿਛਲੇ ਸਾਲ ਦੇ ਮੁਕਾਬਲੇ ਚਾਲੂ ਸੀਜਨ ਕਣਕ ਦੀ ਬੰਪਰ ਫ਼ਸਲ ਹੋਈ ਹੈ। ਜੇਕਰ ਇਕੱਲੇ ਬਠਿੰਡਾ ਜ਼ਿਲ੍ਹੇ ਵਿਚ ਕਣਕ ਦੀ ਵਿਕਰੀ ਦੀ ਹੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਜ਼ਿਲ੍ਹੇ ਵਿਚ ਕੁੱਲ 7 ਲੱਖ ਮੀਟਰਕ ਟਨ ਕਣਕ ਹੀ ਵਿਕਣ ਲਈ ਮੰਡੀਆਂ ਵਿਚ ਪੁੱਜੀ ਸੀ ਜਦੋਂਕਿ ਇਸ ਵਾਰ ਅੱਜ ਤੱਕ 8 ਲੱਖ 60 ਹਜ਼ਾਰ ਮੀਟਰ ਟਨ ਦੀ ਖਰੀਦ ਹੋ ਚੁੱਕੀ ਹੈ ਤੇ ਹਾਲੇ ਆਉਣ ਵਾਲੇ ਕੁੱਝ ਦਿਨਾਂ ਤੱਕ ਇਹ ਅੰਕੜਾ ਹੋਰ ਵੀ ਅੱਗੇ ਜਾ ਸਕਦਾ ਹੈ। ਉਂਜ ਜੇਕਰ ਚਾਲੂ ਸੀਜਨ ਦੇ ਅੰਕੜੇ ਨੂੰ ਪਿਛਲੇ ਤੋਂ ਪਿਛਲੇ ਸਾਲ ਨਾਲ ਮਿਲਾਇਆ ਜਾਵੇ ਤਾਂ ਇਹ ਕਾਫ਼ੀ ਘੱਟ ਹੈ। ਮੰਡੀ ਕਰਨ ਬੋਰਡ ਦੇ ਅਧਿਕਾਰੀਆਂ ਮੁਤਾਬਕ ਸਾਲ 2021 ਵਿਚ ਪੌਣੇ ਦਸ ਲੱਖ ਮੀਟਰਕ ਟਨ ਕਣਕ ਦੀ ਖਰੀਦ ਹੋਈ ਸੀ, ਜੋਕਿ ਚਾਲੂ ਸੀਜਨ ਨਾਲੋਂ ਕਾਫ਼ੀ ਵਧ ਹੈ। ਦਸਣਾ ਬਣਦਾ ਹੈ ਕਿ ਪਿਛਲੇ ਸਾਲ ਪੱਕਣ ’ਤੇ ਆਈ ਫ਼ਸਲ ਦੌਰਾਨ ਪਈ ਅਚਾਨ ਭਿਆਨਕ ਗਰਮੀ ਕਾਰਨ 20 ਤੋਂ 25 ਫ਼ੀਸਦੀ ਝਾੜ ਘਟ ਗਿਆ ਸੀ। ਹਾਲਾਂਕਿ ਇਸ ਵਾਰ ਵੀ ਕਣਕ ਤੇ ਗੜੇਮਾਰੀ ਨੇ ਨੁਕਸਾਨ ਕੀਤਾ ਹੈ ਪ੍ਰੰਤੂ ਮੌਸਮ ਠੰਢਾ ਰਹਿਣ ਕਾਰਨ ਝਾੜ ਵਿਚ ਵੀ ਵਾਧਾ ਹੋਇਆ ਹੈ। ਉਧਰ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਤੱਕ ਖਰੀਦ ਕੀਤੀ ਗਈ ਕਣਕ ਦੀ 1724.54 ਕਰੋੜ ਰੁਪਏ (99.49 ਫ਼ੀਸਦੀ) ਅਦਾਇਗੀ ਕੀਤੀ ਜਾ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 8,61,440 ਮੀਟਰਕ ਟਨ ਕਣਕ ਦੀ ਆਮਦ ਹੋਈ, ਜਿਸ ਵਿੱਚੋਂ 8,60,000 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਫੂਡ ਤੇ ਸਪਲਾਈ ਕੰਟਰੋਲਰ ਸ. ਸਰਤਾਜ ਸਿੰਘ ਚੀਮਾ ਨੇ ਦੱਸਿਆ ਕਿ ਵੱਖ-ਵੱਖ ਖਰੀਦ ਏਜੰਸੀਆਂ ਦੁਆਰਾ ਖਰੀਦੀ ਗਈ 8,60,000 ਮੀਟ੍ਰਿਕ ਟਨ ਕਣਕ ਵਿੱਚੋਂ ਪਨਗਰੇਨ ਵੱਲੋਂ 2,56,370 ਮੀਟ੍ਰਿਕ ਟਨ, ਮਾਰਕਫੈਡ ਵੱਲੋਂ 2,30,004 ਪਨਸਪ ਵੱਲੋਂ 2,10,678 ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 1,26,636 ਤੇ ਵਪਾਰੀਆਂ ਵੱਲੋਂ 36,312 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।
ਬਠਿੰਡਾ ’ਚ ਪਿਛਲੇ ਸਾਲ ਨਾਲੋਂ ਹੋਈ ਕਣਕ ਦੀ ਰਿਕਾਕਡ ਤੋੜ ਫ਼ਸਲ
21 Views