ਕਾਂਗਰਸ ਦੇ ਸੀਨੀਅਰ ਤੇ ਡਿਪਟੀ ਮੇਅਰ ਸਹਿਤ ਐਫ਼.ਸੀ.ਸੀ ਦੇ ਮੈਂਬਰਾਂ ਨੇ ਮੀਟਿੰਗ ਦਾ ਕੀਤਾ ਬਾਈਕਾਟ
ਕਾਂਗਰਸ ਨੇ ਮੇਅਰ ਵਿਰੁਧ ਬੇਭਰੋਸਗੀ ਦਾ ਮਤਾ ਲਿਆਉਣ ਲਈ ਵਿੱਢੀ ਦਸਖ਼ਤੀ ਮੁਹਿੰਮ
ਸੁਖਜਿੰਦਰ ਮਾਨ
ਬਠਿੰਡਾ, 7 ਫਰਵਰੀ : ਪਿਛਲੇ ਦਿਨੀਂ ਕਾਂਗਰਸ ਛੱਡ ਕੇ ਭਾਜਪਾ ਵਿਚ ਸਮੂਲੀਅਤ ਕਰਨ ਵਾਲੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਡਟ ਕੇ ਖ਼ੜਣ ਵਾਲੀ ਬਠਿੰਡਾ ਨਗਰ ਨਿਗਮ ਦੀ ਮੇਅਰ ਰਮਨ ਗੋਇਲ ਨੂੰ ਅੱਜ ਵੱਡਾ ਝਟਕਾ ਲੱਗਿਆ ਹੈ। ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਡਿਪਟੀ ਮੇਅਰ ਮਾਸਟਰ ਹਰਮਿੰਦਰ ਸਿੱਧੂ ਸਹਿਤ ਕੋਂਸਲਰਾਂ ਵਿਚੋਂ ਚੁਣੇ ਦੋ ਮੈਂਬਰਾਂ ਪ੍ਰਵੀਨ ਗਰਗ ਤੇ ਬਲਜਿੰਦਰ ਠੇਕੇਦਾਰ ਨੇ ਅੱਜ ਕਰੀਬ ਦੋ ਮਹੀਨਿਆਂ ਬਾਅਦ ਹੋਈ ਵਿੱਤ ਅਤੇ ਲੇਖਾ ਕਮੇਟੀ ਦੀ ਮੀਟਿੰਗ ਵਿਚ ਮੇਅਰ ਰਮਨ ਗੋਇਲ ਦੀ ਅਗਵਾਈ ਹੇਠ ਮੀਟਿੰਗ ਕਰਨ ਤੋਂ ਸਾਫ਼ ਇੰਨਕਾਰ ਕਰ ਦਿੱਤਾ। ਜਿਸ ਕਾਰਨ ਕਰੀਬ ਅੱਧਾ ਘੰਟਾ ਇੰਨ੍ਹਾਂ ਮੈਂਬਰਾਂ ਨੂੰ ਉਡੀਕਣ ਤੋਂ ਬਾਅਦ ਮੇਅਰ ਨੂੰ ਖ਼ਾਲੀ ਹੱਥ ਵਾਪਸ ਜਾਣਾ ਪਿਆ। ਹਾਲਾਂਕਿ ਨਿਗਮ ਦੇ ਕਮਿਸ਼ਨਰ ਸ਼੍ਰੀ ਰਾਹੁਲ ਵਲੋਂ ਕਾਂਗਰਸ ਪਾਰਟੀ ਦੇ ਇੰਨ੍ਹਾਂ ਮੈਂਬਰਾਂ ਨੂੰ ਮਨਾਉਣ ਲਈ ਕਾਫ਼ੀ ਜਦੋ-ਜਹਿਦ ਕੀਤੀ ਪ੍ਰੰਤੂ ਇੰਨ੍ਹਾਂ ਮੈਂਬਰਾਂ ਨੇ ਰਮਨ ਗੋਇਲ ਨੂੰ ਮੇਅਰ ਮੰਨਣ ਤੋਂ ਇੰਨਕਾਰ ਕਰਦਿਆਂ ਐਲਾਨ ਕੀਤਾ ਕਿ ਜਦ ਉਹ ਮੀਟਿੰਗ ਦੀ ਅਗਵਾਈ ਕਰਨਗੇ ਤਾਂ ਉਹ ਉਸ ਮੀਟਿੰਗ ਵਿਚ ਸ਼ਾਮਲ ਨਹੀਂ ਹੋਣਗੇ। ਦੂਜੇ ਪਾਸੇ ਮੇਅਰ ਨੇ ਦਾਅਵਾ ਕੀਤਾ ਹੈ ਕਿ ਅੱਜ ਦੀ ਮੀਟਿੰਗ ਕੋਰਮ ਪੂਰਾ ਨਾ ਹੋਣ ਕਾਰਨ ਪਿੱਛੇ ਪਾਈ ਗਈ ਹੈ ਤੇ ਅਗਲੇ ਹਫ਼ਤੇ ਮੁੜ ਮੀਟਿੰਗ ਕੀਤੀ ਜਾਵੇਗੀ। ਦਸਣਾ ਬਣਦਾ ਹੈ ਕਿ ਜਨਵਰੀ 2021 ਵਿਚ ਨਗਰ ਨਿਗਮ ਦੀਆਂ ਹੋਈਆਂ ਚੋਣਾਂ ਵਿਚ ਕੁੱਲ 50 ਵਾਰਡਾਂ ਵਿਚੋਂ ਕਾਂਗਰਸ ਪਾਰਟੀ ਨੂੰ 43 ਵਾਰਡਾਂ ’ਤੇ ਇਤਿਹਾਸਕ ਜਿੱਤ ਪ੍ਰਾਪਤ ਹੋਈ ਸੀ। ਇਸ ਦੌਰਾਨ ਕਾਂਗਰਸ ਦੀ ਟਿਕਟ ’ਤੇ ਜਿੱਤ ਸੀਨੀਅਰ ਕੋਂਸਲਰ ਜਗਰੂਪ ਸਿੰਘ ਗਿੱਲ ਅਤੇ ਅਸੋਕ ਪ੍ਰਧਾਨ ਸਹਿਤ ਅੱਧੀ ਦਰਜ਼ਨ ਆਗੂ ਮੇਅਰਸ਼ਿਪ ਲਈ ਦਾਅਵੇਦਾਰ ਸਨ ਪ੍ਰੰਤੂ ਤਤਕਾਲੀ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪਹਿਲੀ ਵਾਰ ਚੋਣ ਜਿੱਤੀ ਰਮਨ ਗੋਇਲ ਨੂੰ ਮੇਅਰ ਦੀ ਕੁਰਸੀ ’ਤੇ ਬਿਠਾ ਦਿੱਤਾ ਸੀ। ਉਸ ਸਮੇਂ ਚੱਲੀ ਚਰਚਾ ਮੁਤਾਬਕ ਸ: ਬਾਦਲ ਨੇ ਅਜਿਹਾ ਅਪਣੇ ਰਿਸ਼ਤੇਦਾਰ ਜੈਜੀਤ ਜੌਹਲ ਅਤੇ ਇੱਕ ਸਰਾਬ ਦੇ ਠੇਕੇਦਾਰ ਦੇ ਪ੍ਰਭਾਵ ਹੇਠ ਆ ਕੇ ਕੀਤਾ ਸੀ, ਜਿਸਦਾ ਵਿਰੋਧ ਕਰਦਿਆਂ ਕੋਂਸਲਰ ਜਗਰੂਪ ਸਿੰਘ ਗਿੱਲ ਨੇ ਕਾਂਗਰਸ ਪਾਰਟੀ ਛੱਡ ਕੇ ਆਪ ਵਿਚ ਸ਼ਾਮਲ ਹੋ ਗਏ ਸਨ ਤੇ ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਵਿਤ ਮੰਤਰੀ ਨੂੰ 63 ਹਜ਼ਾਰ ਵੋਟਾਂ ਦੇ ਅੰਤਰ ਨਾਲ ਮਾਤ ਦੇ ਦਿਤੀ ਸੀ। ਸ: ਗਿੱਲ ਤੋਂ ਇਲਾਵਾ ਦੂਜੇ ਕਾਂਗਰਸੀ ਕੋਂਸਲਰ ਵੀ ਅੰਦਰੋ-ਅੰਦਰੀ ਮੇਅਰ ਦੀ ਕੁਰਸੀ ’ਤੇ ਰਮਨ ਗੋਇਲ ਨੂੰ ਬਿਠਾਉਣ ਕਾਰਨ ਔਖੇ ਸਨ ਪ੍ਰੰਤੂ ਸਰਕਾਰ ਦੌਰਾਨ ਉਹ ਚੁੱਪ ਰਹੇ ਪ੍ਰੰਤੂ ਹੁਣ ਉਨ੍ਹਾਂ ਵਲੋਂ ਪਿਛਲੇ ਇੱਕ ਸਾਲ ਤੋਂ ਇਸ ਕੁਰਸੀ ਤੋਂ ਉਤਾਰਨ ਲਈ ਮੋਰਚਾ ਖੋਲਿਆ ਹੋਇਆ ਹੈ। ਇਸ ਦੌਰਾਨ ਪਿਛਲੇ ਮਹੀਨੇ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਛੱਡ ਭਾਜਪਾ ਵਿਚ ਸ਼ਾਮਲ ਹੋ ਗਏ ਸਨ, ਜਿਸ ਕਾਰਨ ਕਾਂਗਰਸ ਪਾਰਟੀ ਨੂੰ ਹੁਣ ਅਜਿਹਾ ਕਰਨ ਲਈ ਰਾਹ ਹੋਰ ਵੀ ਮੋਕਲਾ ਹੋ ਗਿਆ ਹੈ। ਹਾਲਾਂਕਿ ਸ: ਬਾਦਲ ਵਲੋਂ ਵੀ ਕਾਂਗਰਸੀ ਕੋਂਸਲਰਾਂ ਨੂੰ ਅਪਣੇ ਨਾਲ ਭਾਜਪਾ ਵਿਚ ਲਿਜਾਣ ਲਈ ਮੁਹਿੰਮ ਵਿੱਢੀ ਗਈ ਸੀ ਪ੍ਰੰਤੂ ਮੇਅਰ ਸਹਿਤ ਅੱਧਾ ਦਰਜ਼ਨ ਕੋਂਸਲਰਾਂ ਨੂੰ ਛੱਡ ਬਾਕੀਆਂ ਨੇ ਕਾਂਗਰਸ ਛੱਡਣ ਤੋਂ ਟਾਲਾ ਵੱਟ ਲਿਆ ਸੀ, ਜਿਸ ਕਾਰਨ ਮਨਪ੍ਰੀਤ ਨੂੰ ਇਹ ਮੁਹਿੰਮ ਰੋਕਣੀ ਪਈ। ਮੌਜੂਦਾ ਸਮੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਬਠਿੰਡਾ ਦੇ ਪ੍ਰਧਾਨ ਰਾਜਨ ਗਰਗ ਸਹਿਤ ਟਕਸਾਲੀ ਕਾਂਗਰਸੀਆਂ ਵਲੋਂ ਮਨਪ੍ਰੀਤ ਹਿਮਾਇਤੀ ਮੰਨੀ ਜਾਂਦੀ ਮੇਅਰ ਰਮਨ ਗੋਇਲ ਨੂੰ ਗੱਦੀਓ ਉਤਾਰਨ ਲਈ ਪਿਛਲੇ ਦਿਨਾਂ ਦੀ ਦਸਖ਼ਤ ਮੁਹਿੰਮ ਚਲਾਈ ਗਈ ਹੈ। ਜਿਸ ਉਪਰ ਕਾਂਗਰਸੀ ਕੋਂਸਲਰਾਂ ਦੇ ਦਸਖ਼ਤ ਕਰਵਾਏ ਜਾ ਰਹੇ ਹਨ ਤੇ ਸੂਤਰਾਂ ਮੁਤਾਬਕ ਮੌਜੂਦਾ ਸਮੇਂ ਤੱਕ 31 ਕੋਂਸਲਰਾਂ ਨੇ ਇਸ ਪ੍ਰਫ਼ਾਰਮੇ ਉਪਰ ਦਸਖ਼ਤ ਕਰ ਦਿੱਤੇ ਹਨ ਜਦੋਂਕਿ ਮੇਅਰ ਵਿਰੁਧ ਬੇਭਰੋਸਗੀ ਦਾ ਮਤਾ ਲਿਆਉਣ ਲਈ 34 ਕੋਂਸਲਰਾਂ ਦੀ ਲੋੜ ਹੈ। ਉਧਰ ਅੱਜ ਮੀਟਿੰਗ ਤੋਂ ਦੂਰ ਰਹਿਣ ਪਿੱਛੇ ਕਾਰਨ ਦਸਦਿਆਂ ਐਫ਼.ਸੀ.ਸੀ ਦੀ ਮੈਂਬਰ ਪ੍ਰਵੀਨ ਗਰਗ ਨੇ ਕਿਹਾ ਕਿ ਮੇਅਰ ਰਮਨ ਗੋਇਲ ਕਾਂਗਰਸ ਦੀ ਟਿਕਟ ’ਤੇ ਚੋਣ ਜਿੱਤ ਕੇ ਮੇਅਰ ਬਣੇ ਸਨ ਪ੍ਰੰਤੂ ਹੁਣ ਉਹ ਕਾਂਗਰਸ ਪਾਰਟੀ ਦੀ ਕਿਸੇ ਮੀਟਿੰਗ ਵਿਚ ਨਹੀਂ ਆ ਰਹੇ ਤੇ ਨਾ ਹੀ ਕਾਂਗਰਸੀ ਕੋਂਸਲਰਾਂ ਨੂੰ ਮਾਣ-ਸਨਮਾਣ ਦੇ ਰਹੇ ਹਨ, ਜਿਸਦੇ ਚੱਲਦੇ ਕਾਂਗਰਸੀ ਕੋਂਸਲਰਾਂ ਤੇ ਮੈਂਬਰਾਂ ਨੇ ਉਨ੍ਹਾਂ ਨੂੰ ਮੇਅਰ ਮੰਨਣ ਤੋਂ ਇੰਨਕਾਰ ਕਰ ਦਿੱਤਾ ਹੈ ਤੇ ਜਲਦੀ ਹੀ ਉਨ੍ਹਾਂ ਨੂੰ ਹਟਾਉਣ ਲਈ ਕਾਰਵਾਈ ਕੀਤੀ ਜਾਵੇਗੀ।
ਬਠਿੰਡਾ ’ਚ ਮਨਪ੍ਰੀਤ ਬਾਦਲ ਹਿਮਾਇਤੀ ਮੇਅਰ ਰਮਨ ਗੋਇਲ ਨੂੰ ਵੱਡਾ ਝਟਕਾ
11 Views