ਸਾਬਕਾ ਵਿਧਾਇਕ ਨੇ ਝੰਡੀ ਦੇ ਕੇ ਕੀਤੇ ਕਾਫਲੇ ਰਵਾਨਾ
ਚੋਣਾਂ ਵਿੱਚ ਨੌਜਵਾਨ ਵਰਗ ਦੀ ਰਹੇਗੀ ਅਹਿਮ ਭੂਮਿਕਾ: ਸਰੂਪ ਸਿੰਗਲਾ
‘‘ਯੂਥ ਹੋਵੇਗਾ ਮਜਬੂਤ, ਜਿੱਤੇਗਾ ਸਰੂਪ’’ ਦੇ ਨਾਅਰੇ ਨੂੰ ਕਰਾਂਗੇ ਮਜਬੂਤ : ਦੀਨਵ/ਢਿੱਲੋਂ
ਸੁਖਜਿੰਦਰ ਮਾਨ
ਬਠਿੰਡਾ, 10 ਦਸੰਬਰ: ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਅੱਜ “ਯੂਥ ਵਿੱਦ ਸਰੂਪ, ਫਤਿਹ ਕਰੇਗਾ ਬੂਥ’’ ਮੁਹਿੰਮ ਦਾ ਆਗਾਜ ਕੀਤਾ ਗਿਆ। ਇਸ ਮੌਕੇ ਯੂਥ ਅਕਾਲੀ ਦਲ ਦੇ ਕੋਆਰਡੀਨੇਟਰ ਦੀਨਵ ਸਿੰਗਲਾ ਅਤੇ ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਨੌਜਵਾਨਾਂ ਦੇ ਕਾਫਲੇ ਰਵਾਨਾ ਕੀਤੇ ਗਏ । ਇਹ ਕਾਫ਼ਲੇ ਸ਼ਹਿਰ ਦੇ ਵੱਖ ਵੱਖ ਜ਼ੋਨਾਂ ਵਿਚ “ਬੂਥ ਹੋਵੇਗਾ ਮਜਬੂਤ, ਜਿੱਤੇਗਾ ਸਰੂਪ“ ਦੇ ਨਾਅਰੇ ਲਾਉਂਦੇ ਹੋਏ ਲੋਕਾਂ ਨੂੰ ਲਾਮਬੰਦ ਕਰਨਗੇ। ਇਸ ਦੌਰਾਨ ਸਭ ਤੋਂ ਪਹਿਲਾਂ ਯੂਥ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਗੁਰਦੁਆਰਾ ਸਾਹਿਬ ਕਿਲਾ ਮੁਬਾਰਕ ਵਿਖੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਟੀਮ ਨੂੰ ਸਿਰੋਪਾਓ ਦੇ ਕੇ ਸਨਮਾਨ ਵੀ ਕੀਤਾ ਗਿਆ ,ਇਸ ਉਪਰੰਤ ਮਾਤਾ ਚਿੰਤਪੁਰਨੀ ਮੰਦਰ ਵਿਖੇ ਵੀ ਮੱਥਾ ਟੇਕਿਆ । ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਪ੍ਰਭਾਵਸ਼ਾਲੀ ਇਕੱਠ ਦੌਰਾਨ ਕਿਹਾ ਕਿ ਪੰਜਾਬ ਦਾ ਨੌਜਵਾਨ ਮੌਜੂਦਾ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਘਰ ਘਰ ਨੌਕਰੀ ਦੇਣ, ਬੇਰੁਜਗਾਰੀ ਭੱਤਾ ਦੇਣ, ਸਮਾਰਟ ਫੋਨ ਦੇਣ ਸਮੇਤ ਵੱਡੇ ਵਾਅਦੇ ਪੂਰੇ ਨਾ ਕਰਨ ਕਰਕੇ ਨਰਾਜ਼ ਹੈ ਤੇ ਦਿੱਤੇ ਗਏ ਧੋਖੇ ਦਾ ਜਵਾਬ ਮੰਗਦਾ ਹੈ। ਇਸੇ ਲੜੀ ਤਹਿਤ ਇਹ ਨੌਜਵਾਨ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਲਈ ਅਹਿਮ ਭੂਮਿਕਾ ਨਿਭਾਉਣਗੇ । ਉਨ੍ਹਾਂ ਕਿਹਾ ਕਿ ਕੋਸ਼ਿਸ਼ ਰਹੇਗੀ ਕਿ ਨੌਜਵਾਨਾਂ ਦਾ ਵੱਖਰਾ ਬੋਰਡ ਬਣਾ ਕੇ ਸਮੱਸਿਆਵਾਂ ਦੇ ਨਿਪਟਾਰੇ ਕੀਤੇ ਜਾਣ। ਇਸ ਮੌਕੇ ਯੂਥ ਅਕਾਲੀ ਦਲ ਦੇ ਕੋਆਰਡੀਨੇਟਰ ਦੀਨਵ ਸਿੰਗਲਾ ਅਤੇ ਸ਼ਹਿਰੀ ਪ੍ਰਧਾਨ ਹਰਪਾਲ ਢਿੱਲੋਂ ਨੇ ਕਿਹਾ ਕਿ ਪਾਰਟੀ ਦੀ ਜਿੱਤ ਲਈ ਬੂਥ ਨੂੰ ਮਜਬੂਤ ਕਰਨਾ ਪ੍ਰਾਥਮਿਕਤਾ ਹੈ ,ਇਸੇ ਲੜੀ ਤਹਿਤ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ, ਜਦੋਂ ਬੂਥ ਮਜਬੂਤ ਹੋਵੇਗਾ ਤਾਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ਵਿਚ ਪਾਰਟੀ ਦੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਮੁੱਖ ਮਕਸਦ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਪ੍ਰਤੀ ਜਾਣੂ ਕਰਵਾਉਣਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਹਿੱਤ ਵਿਚ ਸਰਕਾਰ ਬਣਨ ਤੇ ਉਲੀਕੇ 13 ਨੁਕਾਤੀ ਪ੍ਰੋਗਰਾਮਾਂ ਨੂੰ ਜਾਣਕਾਰੀ ਦੇਣਾ ਹੈ ਤਾਂ ਜੋ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਲਾਮਬੰਦ ਕੀਤਾ ਜਾ ਸਕੇ । ਇਸ ਮੌਕੇ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਯੂਥ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਸ਼ਹਿਰ ਵਾਸੀ ਤੇ ਨੌਜਵਾਨ ਵੱਡੀ ਗਿਣਤੀ ਵਿਚ ਹਾਜਰ ਸਨ ।
ਬਠਿੰਡਾ ’ਚ ‘‘ਯੂਥ ਵਿਦ ਸਰੂਪ, ਕਰੇਗਾ ਫਤਿਹ ਬੂਥ ’’ ਮੁਹਿੰਮ ਦਾ ਆਗਾਜ਼
1 Views